ਜਗਤਾਰ ਸਿੰਘ ਸਿੱਧੂ;
ਪਤਾ ਨਹੀਂ ਇਹ ਕਹਾਵਤ ਕਿਵੇਂ ਬਣੀ ਹੋਵੇਗੀ ਕਿ ਅਜੇ ਦਿੱਲੀ ਦੂਰ ਹੈ! ਪਰ ਦਿੱਲੀ ਵਿਧਾਨ ਸਭਾ ਦੇ ਭਲਕੇ ਆ ਰਹੇ ਨਤੀਜੇ ਸੁਨੇਹਾ ਦੇ ਰਹੇ ਹਨ ਕਿ ਹੁਣ ਦਿੱਲੀ ਦੂਰ ਨਹੀ । ਸਵੇਰ ਤੋਂ ਮੀਡੀਆ ਇਹ ਜਾਣਕਾਰੀ ਦੇਣੀ ਸ਼ੁਰੂ ਕਰ ਦੇਵੇਗਾ ਕਿ ਕੌਣ ਅੱਗੇ ਜਾ ਰਿਹਾ ਹੈ ਅਤੇ ਕੌਣ ਇਸ ਦੌੜ ਵਿੱਚ ਪਛੜ ਗਿਆ ਹੈ? ਕਈ ਅਜਿਹੇ ਵੀ ਹੋਣਗੇ ਜਿਹੜੇ ਕਿ ਪਹਿਲਵਾਨਾਂ ਵਾਂਗ ਆਖਰੀ ਵੋਟ ਦੀ ਗਿਣਤੀ ਤੱਕ ਇਕ ਦੂਜੇ ਨੂੰ ਢਾਉਂਦੇ ਰਹਿਣਗੇ ਅਤੇ ਆਖਿਰ ਸੱਚ ਮੰਨਣਾ ਹੀ ਪੈਂਦਾ ਹੈ। ਜਿਵੇਂ ਜਿਵੇਂ ਦਿਨ ਚੜ੍ਹਦਾ ਜਾਵੇਗਾ, ਦਿੱਲੀ ਦੀ ਰਾਜਸੀ ਧੁੰਦ ਸਾਫ ਹੁੰਦੀ ਜਾਵੇਗੀ ਅਤੇ ਦੁਪਹਿਰ ਬਾਅਦ ਤੱਕ ਸਥਿਤੀ ਬਿਲਕੁਲ ਸਾਫ਼ ਹੋ ਜਾਏਗੀ । ਇਹ ਸਾਰਾ ਕੁਝ ਜਾਨਣ ਲਈ ਮੈਦਾਨ ਵਿੱਚ ਉੱਤਰੇ ਉਮੀਦਵਾਰਾਂ ਦੀਆਂ ਧੜਕਣਾਂ ਵੀ ਤੇਜ਼ ਹੋ ਗਈਆਂ ਹਨ। ਇਹ ਚੋਣ ਐਨੀ ਖਿੱਚ ਦਾ ਕੇਂਦਰ ਬਣ ਗਈ ਹੈ ਕਿ ਦਿੱਲੀ ਦੇ ਲੋਕ ਤਾਂ ਉਤਸੁਕਤਾ ਨਾਲ ਇੰਤਜਾਰ ਕਰ ਹੀ ਰਹੇ ਹਨ ਸਗੋਂ ਸੱਤ ਸਮੁੰਦਰੋਂ ਪਾਰ ਬੈਠੇ ਪੰਜਾਬੀਆਂ ਦੀ ਵੀ ਦਿੱਲੀ ਚੋਣ ਦਾ ਨਤੀਜਾ ਜਾਨਣ ਦੀ ਦਿਲਚਸਪੀ ਬਣੀ ਹੋਈ ਹੈ।
ਪੰਜਾਬੀਆਂ ਦੀ ਐਨੀ ਦਿਲਚਸਪੀ ਕਿਉਂ? ਵੱਡਾ ਕਾਰਨ ਹੈ ਕਿ ਪੰਜਾਬੀ ਵੱਡੀ ਗਿਣਤੀ ਵਿੱਚ ਦਿੱਲੀ ਰਹਿੰਦੇ ਹਨ। ਪਾਕਿਸਤਾਨ ਬਨਣ ਬਾਅਦ ਕਾਫੀ ਪੰਜਾਬੀ ਸਿੱਧੇ ਦਿੱਲੀ ਵੱਸ ਗਏ ਸਨ! ਬਹੁਤ ਸਾਰੇ ਪਾਠਕਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੋਵੇਗਾ ਕਿ ਕੇਂਦਰ ਦੇ ਇਕ ਸੀਨੀਅਰ ਅਧਿਕਾਰੀ ਮਹਿੰਦਰ ਸਿੰਘ ਰੰਧਾਵਾ ਪਾਕਿਸਤਾਨ ਤੇ ਉਜੜਕੇ ਆਏ ਪਰਿਵਾਰਾਂ ਦੇ ਪੁਨਰ ਵਿਸੇਬੇ ਲਈ ਸਰਕਾਰ ਵੱਲੋਂ ਅਹਿਮ ਭੂਮਿਕਾ ਨਿਭਾਉਂਣ ਵਾਲਿਆਂ ਵਿੱਚ ਮੋਹਰੀ ਸਨ। ਉਨਾਂ ਨੇ ਦਿੱਲੀ ਵਿੱਚ ਉਜੜਕੇ ਆਏ ਪੰਜਾਬੀਆਂ ਲਈ ਬਹੁਤ ਕੰਮ ਕੀਤਾ ਸੀ। ਜੇਕਰ ਰਾਜਸੀ ਨਜ਼ਰੀਏ ਤੋਂ ਗੱਲ ਕੀਤੀ ਜਾਵੇ ਤਾਂ ਮੁਲਕ ਵਿੱਚ ਦਿੱਲੀ ਅਤੇ ਪੰਜਾਬ ਵਿੱਚ ਦੋਵੇਂ ਥਾਵਾਂ ਉੱਤੇ ਆਪ ਦੀ ਸਰਕਾਰ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀਆਂ ਨੇ ਕਸਰ ਨਹੀਂ ਛੱਡੀ ਦਿੱਲੀ ਚੋਣਾਂ ਵਿੱਚ ਆਪ ਦੀ ਮਦਦ ਕਰਨ ਵਿੱਚ। ਕਾਂਗਰਸ ਦੇ ਪੰਜਾਬ ਦੇ ਆਗੂਆਂ ਨੇ ਦਿੱਲੀ ਚੋਣਾਂ ਵਿੱਚ ਡੱਟਕੇ ਆਪ ਦੀ ਵਿਰੋਧਤਾ ਕੀਤੀ । ਭਾਜਪਾ ਦੇ ਆਗੂ ਦਾਅਵਾ ਕਰ ਰਹੇ ਹਨ ਕਿ ਦਿੱਲੀ ਵਿੱਚ ਭਾਜਪਾ ਆਏਗੀ ਅਤੇ ਪੰਜਾਬ ਵਿੱਚ ਵੀ ਆਪ ਨਹੀਂ ਟਿਕ ਸਕੇਗੀ । ਦੂਜੇ ਪਾਸੇ ਆਪ ਦਾ ਦਾਅਵਾ ਹੈ ਕਿ ਦਿੱਲੀ ਸ਼ਾਨ ਨਾਲ ਜਿੱਤਾਂਗੇ। ਖੈਰ, ਕਾਂਗਰਸ ਕਿਸ ਨੂੰ ਹਰਾਏਗੀ?
ਇਹ ਸਾਰੀਆਂ ਦਾਅਵੇਦਾਰੀਆਂ ਤਾਂ ਭਲਕੇ ਸਾਹਮਣੇ ਆ ਹੀ ਰਹੀਆਂ ਹਨ ਪਰ ਅੱਜ ਵੀ ਇਨਾ ਦਾਅਵੇਦਾਰੀਆਂ ਦੇ ਦੌਰਾਨ ਕਈ ਕੁਝ ਵਾਪਰ ਗਿਆ ਹੈ। ਆਪ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਪ ਦੇ ਇਕ ਹੋਰ ਨੇਤਾ ਸੰਜੇ ਸਿੰਘ ਦੇ ਘਰ ਕੇਂਦਰੀ ਐਂਟੀ ਕਰਾਈਮ ਟੀਮ ਨੇ ਜਾਂਚ ਲਈ ਛਾਪੇਮਾਰੀ ਕੀਤੀ ਹੈ। ਆਪ ਨੇ ਦੋਸ਼ ਲਗਾਇਆ ਸੀ ਕਿ ਭਾਜਪਾ ਦੇ ਆਗੂ ਆਪ ਦੇ ਉਮੀਦਵਾਰਾਂ ਨੂੰ ਪੰਦਰਾਂ ਕਰੋੜ ਦੀ ਪੇਸ਼ਕਸ਼ ਕਰਕੇ ਭਾਜਪਾ ਵਿੱਚ ਅਉਣ ਦਾ ਸੱਦਾ ਦੇ ਰਹੇ ਹਨ। ਇਸ ਵਿਰੁੱਧ ਭਾਜਪਾ ਨੇ ਐਲ ਜੀ ਕੋਲ ਸ਼ਕਾਇਤ ਕੀਤੀ ਤਾਂ ਐਲ ਜੀ ਨੇ ਮਾਮਲੇ ਦੀ ਜਾਂਚ ਦਾ ਹੁਕਮ ਦੇ ਦਿੱਤਾ।ਆਪ ਦੇ ਆਗੂ ਵੀ ਸ਼ਿਕਾਇਤ ਕਰ ਗਏ ਹਨ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਆਪਣੇ ਸਾਥੀਆਂ ਨਾਲ ਮੀਟਿੰਗ ਕਰਕੇ ਚੋਣ ਨਤੀਜਿਆਂ ਮੌਕੇ ਨਿਗਰਾਨੀ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਸਾਰੇ ਘਮਸਾਨ ਵਿੱਚ ਦਿੱਲੀ ਦੇ ਨਤੀਜੇ ਕੀ ਰੰਗ ਲਿਆਉਣਗੇ? ਇਹ ਅਹਿਮ ਸਵਾਲ ਸਾਰਿਆਂ ਲਈ ਖਿੱਚ ਦਾ ਕੇਂਦਰ ਹੈ।
ਸੰਪਰਕ 9814002186