ਯੌਨ ਸ਼ੋਸ਼ਣ ਕੇਸ ‘ਚ ਬ੍ਰਿਜਭੂਸ਼ਣ ਨੂੰ ਅਦਾਲਤ ਤੋਂ ਰਾਹਤ, ਵਿਨੇਸ਼-ਬਜਰੰਗ ਨੇ ਕੀਤਾ ਵੱਡਾ ਐਲਾਨ

Global Team
4 Min Read

ਨਵੀਂ ਦਿੱਲੀ: ਭਾਰਤੀ ਕੁਸ਼ਤੀ ਸੰਘ (WFI) ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਮਹਿਲਾ ਪਹਿਲਵਾਨਾਂ ਨਾਲ ਜੁੜੇ ਯੌਨ ਸ਼ੋਸ਼ਣ ਮਾਮਲੇ ਵਿੱਚ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਬਰੀ ਕਰ ਦਿੱਤਾ ਹੈ। ਸੋਮਵਾਰ ਨੂੰ ਆਏ ਇਸ ਫੈਸਲੇ ਵੇਲੇ ਸਾਬਕਾ ਸੰਸਦ ਮੈਂਬਰ ਬ੍ਰਿਜਭੂਸ਼ਣ ਅਤੇ WFI ਦੇ ਸਾਬਕਾ ਸਕੱਤਰ ਵਿਨੋਦ ਤੋਮਰ ਅਦਾਲਤ ਵਿੱਚ ਮੌਜੂਦ ਸਨ।

ਫੈਸਲੇ ਤੋਂ ਬਾਅਦ ਕੀ ਕਿਹਾ ਬ੍ਰਿਜਭੂਸ਼ਣ ਨੇ?

ਅਦਾਲਤ ਦੇ ਫੈਸਲੇ ਤੋਂ ਬਾਅਦ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਜੱਜ ਨੇ ਉਨ੍ਹਾਂ ਅਤੇ ਵਿਨੋਦ ਤੋਮਰ ਨੂੰ ਬਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਕਹਿੰਦੇ ਰਹੇ ਹਨ ਕਿ ਜੇਕਰ ਕੋਈ ਵੀ ਦੋਸ਼ ਸਾਬਤ ਹੋ ਜਾਂਦਾ ਤਾਂ ਉਹ ਸਖ਼ਤ ਤੋਂ ਸਖ਼ਤ ਸਜ਼ਾ ਲਈ ਵੀ ਤਿਆਰ ਸਨ। ਉਨ੍ਹਾਂ ਇਸ ਦਿਨ ਨੂੰ ਆਪਣੇ ਲਈ ਖੁਸ਼ੀ ਦਾ ਦਿਨ ਦੱਸਿਆ।

ਦੂਜੇ ਪਾਸੇ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਕਿਹਾ ਕਿ ਉਹਨਾਂ ਨੇ ਉਮੀਦ ਨਹੀਂ ਛੱਡੀ ਅਤੇ ਉਹ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣਗੇ। ਇਹ ਮਾਮਲਾ ਜਨਵਰੀ 2023 ਵਿੱਚ ਸਾਹਮਣੇ ਆਇਆ ਸੀ, ਜਦੋਂ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਸਮੇਤ ਕਈ ਮਹਿਲਾ ਪਹਿਲਵਾਨਾਂ ਨੇ ਜੰਤਰ-ਮੰਤਰ ‘ਤੇ ਧਰਨਾ ਦੇ ਕੇ ਬ੍ਰਿਜਭੂਸ਼ਣ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।

ਕੇਸ ਦਾ ਪਿਛੋਕੜ

ਉਸ ਸਮੇਂ ਬ੍ਰਿਜਭੂਸ਼ਣ WFI ਦੇ ਪ੍ਰਧਾਨ ਸਨ। ਦੋਸ਼ ਸੀ ਕਿ ਇੱਕ ਨਾਬਾਲਗ ਸਮੇਤ ਛੇ ਮਹਿਲਾ ਪਹਿਲਵਾਨਾਂ ਨੇ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਕੀਤੀ ਸੀ, ਪਰ ਸ਼ੁਰੂ ਵਿੱਚ ਐਫਆਈਆਰ ਦਰਜ ਨਹੀਂ ਹੋਈ। ਸੁਪਰੀਮ ਕੋਰਟ ਦੇ ਦਖ਼ਲ ਮਗਰੋਂ ਅਪ੍ਰੈਲ 2023 ਵਿੱਚ ਐਫਆਈਆਰ ਦਰਜ ਕੀਤੀ ਗਈ। ਬਾਅਦ ਵਿੱਚ ਨਾਬਾਲਗ ਪਹਿਲਵਾਨ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਸੀ।

127 ਸੁਣਵਾਈਆਂ ਤੋਂ ਬਾਅਦ ਆਇਆ ਫੈਸਲਾ

2 ਜੁਲਾਈ 2026 ਨੂੰ ਦੋਵੇਂ ਧਿਰਾਂ ਦੀਆਂ ਦਲੀਲਾਂ ਪੂਰੀਆਂ ਹੋਣ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਮਾਮਲੇ ਵਿੱਚ ਕੁੱਲ 1133 ਦਿਨਾਂ ਦੌਰਾਨ 127 ਸੁਣਵਾਈਆਂ ਹੋਈਆਂ ਅਤੇ 32 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ। ਬ੍ਰਿਜਭੂਸ਼ਣ 20 ਜੁਲਾਈ 2023 ਤੋਂ ਨਿਯਮਤ ਜ਼ਮਾਨਤ ‘ਤੇ ਸਨ, ਜਦਕਿ 10 ਮਈ 2024 ਨੂੰ ਅਦਾਲਤ ਨੇ ਦਿੱਲੀ ਪੁਲਿਸ ਦੀ ਚਾਰਜਸ਼ੀਟ ਦੇ ਆਧਾਰ ‘ਤੇ ਦੋਸ਼ ਤੈਅ ਕਰਕੇ ਸੁਣਵਾਈ ਸ਼ੁਰੂ ਕੀਤੀ ਸੀ।

ਅਦਾਲਤ ਵੱਲੋਂ ਬਰੀ ਕੀਤੇ ਜਾਣ ਦਾ ਅਰਥ ਇਹ ਹੈ ਕਿ ਅਦਾਲਤ ਵਿੱਚ ਲਗਾਏ ਗਏ ਦੋਸ਼ ਸਾਬਤ ਨਹੀਂ ਹੋ ਸਕੇ, ਇਸ ਲਈ ਸਜ਼ਾ ਨਹੀਂ ਦਿੱਤੀ ਗਈ। ਇਸ ਦਾ ਇਹ ਮਤਲਬ ਨਹੀਂ ਕਿ ਵਿਅਕਤੀ ਨੂੰ ਪੂਰੀ ਤਰ੍ਹਾਂ ਦੋਸ਼ਮੁਕਤ ਘੋਸ਼ਿਤ ਕਰ ਦਿੱਤਾ ਗਿਆ ਹੈ। ਪੀੜਤ ਮਹਿਲਾ ਪਹਿਲਵਾਨ 60 ਦਿਨਾਂ ਦੇ ਅੰਦਰ ਵਿਸ਼ੇਸ਼ ਇਜਾਜ਼ਤ ਲੈ ਕੇ ਹਾਈ ਕੋਰਟ ਵਿੱਚ ਅਪੀਲ ਕਰ ਸਕਦੀਆਂ ਹਨ।

ਫੈਸਲੇ ਮਗਰੋਂ ਪ੍ਰਤੀਕਿਰਿਆਵਾਂ

ਫੈਸਲੇ ਤੋਂ ਬਾਅਦ ਆਪਣੇ ਨਿਵਾਸ ‘ਤੇ ਪਹੁੰਚੇ ਬ੍ਰਿਜਭੂਸ਼ਣ ਦਾ ਸਮਰਥਕਾਂ ਨੇ ਫੁੱਲਾਂ ਨਾਲ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਆਪਣੇ ਆਪ ਨੂੰ ਦੋਸ਼ੀ ਨਹੀਂ ਮੰਨਿਆ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਨੇ ਇਹ ਸਾਬਤ ਕੀਤਾ ਹੈ ਕਿ ਓਲੰਪਿਕ ਤਮਗਾ ਜੇਤੂ ਵੀ ਆਪਣੇ ਸਵਾਰਥ ਲਈ ਗਲਤ ਬਿਆਨ ਦੇ ਸਕਦੇ ਹਨ।

ਉਧਰ ਉਨ੍ਹਾਂ ਦੇ ਸੰਸਦ ਮੈਂਬਰ ਪੁੱਤਰ ਕਰਨ ਭੂਸ਼ਣ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਸੱਚ ਦੀ ਜਿੱਤ ਹੋਈ ਹੈ। WFI ਦੇ ਪ੍ਰਧਾਨ ਸੰਜੇ ਸਿੰਘ ਨੇ ਵੀ ਕਿਹਾ ਕਿ ਬ੍ਰਿਜਭੂਸ਼ਣ ‘ਤੇ ਲਗੇ ਦੋਸ਼ ਬੇਬੁਨਿਆਦ ਅਤੇ ਸਿਆਸੀ ਸਨ ਅਤੇ ਇਸ ਵਿਵਾਦ ਕਾਰਨ ਭਾਰਤੀ ਕੁਸ਼ਤੀ ਨੂੰ ਨੁਕਸਾਨ ਝੱਲਣਾ ਪਿਆ।

Share This Article
Leave a Comment