ਨਵੀਂ ਦਿੱਲੀ : ਕੋਰੋਨਾ ਵਾਇਰਸ ਨੇ ਉਪ ਰਾਜਪਾਲ ਦੇ ਦਫਤਰ ‘ਚ ਵੀ ਦਸਤਕ ਦੇ ਦਿੱਤੀ ਹੈ। ਅੱਜ ਸਵੇਰੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਦੇ ਦਫ਼ਤਰ ਦੇ 13 ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਆਈ ਹੈ। ਇੱਕੋ ਸਮੇਂ ਇੰਨੇ ਮਾਮਲੇ ਇਕੱਠੇ ਮਿਲਣ ਨਾਲ ਦਫ਼ਤਰ ‘ਚ ਹਲਚਲ ਮੱਚ ਗਈ ਹੈ। ਦਿੱਲੀ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 20 ਹਜ਼ਾਰ ਤੋਂ ਪਾਰ ਚਲਾ ਗਿਆ ਹੈ ਅਤੇ 485 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।
ਸੋਮਵਾਰ ਨੂੰ ਜਾਰੀ ਕੀਤੇ ਗਏ ਹੈਲਥ ਬੁਲੇਟਿਨ ਦੇ ਅਨੁਸਾਰ, ਦਿੱਲੀ ਵਿਚ 11565 ਲੋਕ ਸੰਕਰਮਿਤ ਹਨ। ਇਸ ਵਿੱਚੋਂ ਕੋਵਿਡ ਹਸਪਤਾਲ ਵਿੱਚ 2748 ਮਰੀਜ਼ ਦਾਖਲ ਹਨ, ਜਿਨ੍ਹਾਂ ਵਿੱਚੋਂ 219 ਲੋਕ ਆਈਸੀਯੂ ਵਿੱਚ ਹਨ ਅਤੇ 42 ਮਰੀਜ਼ ਵੈਂਟੀਲੇਟਰ ’ਤੇ ਹਨ। ਇਸ ਤੋਂ ਇਲਾਵਾ ਕੋਵਿਡ ਸਿਹਤ ਕੇਂਦਰ ਵਿਚ 164 ਮਰੀਜ਼, ਕੋਵਿਡ ਕੇਅਰ ਸੈਂਟਰ ਵਿਚ 672 ਅਤੇ ਹੋਮ ਆਈਸੋਲੇਸ਼ਨ ਵਿਚ 6238 ਮਰੀਜ਼ ਹਨ। ਦਿੱਲੀ ‘ਚ ਹੁਣ ਤੱਕ 2,17,537 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਦੂਜੇ ਪਾਸੇ ਦੇਸ਼ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 2 ਲੱਖ ਦੇ ਕਰੀਬ ਪਹੁੰਚ ਗਿਆ ਹੈ। 5598 ਲੋਕ ਕੋਰੋਨਾ ਨਾਲ ਆਪਣੀ ਜਾਨ ਗੁਆ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ‘ਚ ਕੋਰੋਨਾ ਦੇ 8 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ 204 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। 95527 ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਦੇਸ਼ ‘ਚ 97582 ਐਕਟਿਵ ਕੇਸ਼ ਹਨ।

