ਨਵੀ ਦਿੱਲੀ :ਮੁੱਖ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਦਿੱਲੀ ਸਰਕਾਰ ਦਾ ਬਜਟ ਪੇਸ਼ ਕਰ ਦਿੱਤਾ ਹੈ। ਰੇਖਾ ਗੁਪਤਾ ਨੇ ਵਿੱਤੀ ਸਾਲ 2026-27 ਲਈ 1,03,700 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ, ਜਿਸ ਵਿੱਚ ਵਿਕਾਸ, ਵਾਤਾਵਰਣ ਅਤੇ ਸ਼ਹਿਰੀ ਸਹੂਲਤਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਬਜਟ ਵਿੱਚ ਸਿੱਖਿਆ, ਸਿਹਤ, ਬਜ਼ੁਰਗਾਂ, ਨਵਜੰਮੇ ਬੱਚਿਆਂ ਅਤੇ ਔਰਤਾਂ ਲਈ ਵੀ ਵੱਡੇ ਐਲਾਨ ਕੀਤੇ ਗਏ । ਬਜਟ ਵਿੱਚ ਦਿੱਲੀ ਦੀਆਂ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।
ਬਜਟ ਵਿੱਚ ‘ਮਹਿਲਾ ਸਨਮਾਨ ਯੋਜਨਾ’ ਲਈ 5100 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਬਜਟ ਪੇਸ਼ ਕਰਦੇ ਹੋਏ ਸੀ.ਐਮ. ਰੇਖਾ ਗੁਪਤਾ ਨੇ ਦੱਸਿਆ ਕਿ ਦਿੱਲੀ ਦੀਆਂ ਭੈਣਾਂ ਨੂੰ 2500 ਰੁਪਏ ਮਹੀਨਾ ਦੇਣ ਲਈ ਸਰਕਾਰ ਵਚਨਬੱਧ ਹੈ। ਦੱਸ ਦੇਈਏ ਕਿ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਆਪਣੇ ਮਨੋਰਥ ਪੱਤਰ ਵਿੱਚ ਮਹਿਲਾ ਸਨਮਾਨ ਨਿਧੀ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਬਜਟ ਵਿੱਚ ਮਹਿਲਾ ਅਤੇ ਬਾਲ ਵਿਕਾਸ ਲਈ 7,406 ਕਰੋੜ ਰੁਪਏ ਅਤੇ ਬੱਸਾਂ ਵਿੱਚ ਔਰਤਾਂ ਦੀ ਮੁਫ਼ਤ ਯਾਤਰਾ ਲਈ 406 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ।
ਦਿੱਲੀ ਦਾ ਬਜਟ ਪੇਸ਼ ਕਰਦੇ ਹੋਏ ਮੁੱਖ ਮੰਤਰੀ ਰੇਖਾ ਗੁਪਤਾ ਨੇ ਦੱਸਿਆ ਕਿ ਇਸ ਸਾਲ ਅਸੀਂ ਹੋਲੀ ਦੇ ਮੌਕੇ ‘ਤੇ 853 ਰੁਪਏ ਔਰਤਾਂ ਦੇ ਖਾਤੇ ਵਿੱਚ ਪਾਏ ਹਨ। ਹੋਲੀ ਅਤੇ ਦਿਵਾਲੀ ‘ਤੇ ਮੁਫ਼ਤ ਗੈਸ ਸਿਲੰਡਰ ਲਈ 260 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਔਰਤਾਂ ਦੀ ਮੁਫ਼ਤ ਯਾਤਰਾ ਲਈ 450 ਕਰੋੜ ਰੁਪਏ ਦਿੱਤੇ ਗਏ ਹਨ। ਦਿੱਲੀ ਦੀਆਂ ਬੱਸਾਂ ਵਿੱਚ ਔਰਤਾਂ ਦੇ ਨਾਲ-ਨਾਲ ਹੁਣ ਟਰਾਂਸਜੈਂਡਰ ਵਰਗ ਨੂੰ ਵੀ ਮੁਫ਼ਤ ਯਾਤਰਾ ਦੀ ਸਹੂਲਤ ਮਿਲੇਗੀ।
ਇਸ ਦੇ ਨਾਲ ਹੀ ‘ਦਿੱਲੀ ਲਖਪਤੀ ਯੋਜਨਾ’ ਸ਼ੁਰੂ ਕੀਤੀ ਗਈ ਹੈ। ਜਨਮ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਸਰਕਾਰ ਲਗਾਤਾਰ ਧੀ ਦੇ ਖਾਤੇ ਵਿੱਚ ਪੈਸੇ ਪਾਵੇਗੀ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਉਸ ਬੇਟੀ ਨੂੰ 1.2 ਲੱਖ ਰੁਪਏ ਮਿਲਣਗੇ। ਇਹ ਯੋਜਨਾ ਦਿੱਲੀ ਵਿੱਚ ਜਨਮ ਲੈਣ ਵਾਲੀਆਂ ਬੇਟੀਆਂ ਲਈ ਹੈ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਵਿੱਤੀ ਸਾਲ 2026-27 ਦਾ ਬਜਟ ਪੇਸ਼ ਕਰਦੇ ਹੋਏ ਰਾਜਧਾਨੀ ਦੇ ਵਿਕਾਸ ਲਈ ਕਈ ਵੱਡੇ ਐਲਾਨ ਕੀਤੇ। ਇਸ ਵਾਰ ਸਰਕਾਰ ਨੇ 1 ਲੱਖ 3 ਹਜ਼ਾਰ 700 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ, ਜਿਸ ਨੂੰ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਵੱਡਾ ਦੱਸਿਆ। ਸੀ.ਐਮ. ਰੇਖਾ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਬਜਟ ਨੂੰ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ‘ਗ੍ਰੀਨ ਬਜਟ’ ਵਜੋਂ ਤਿਆਰ ਕੀਤਾ ਗਿਆ ਹੈ।

