ਦੋ ਦਿਨਾਂ ਪੰਜਾਬ ਦੌਰੇ ’ਤੇ ਆ ਰਹੇ ਹਨ ਕੇਜਰੀਵਾਲ, ਖੁਸ਼ਹਾਲ ਪੰਜਾਬ ਲਈ ਜਲੰਧਰ ਦੇ ਦੇਵੀ ਤਾਲਾਬ ਮੰਦਰ ‘ਚ ਹੋਣਗੇ ਨਤਮਸਤਕ

TeamGlobalPunjab
2 Min Read

ਨਵੀਂ ਦਿੱਲੀ/ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਪੰਜਾਬ ਦੇ ਦੋ ਦਿਨਾਂ ਦੌਰੇ ’ਤੇ ਆ ਰਹੇ ਹਨ। ਅਰਵਿੰਦ ਕੇਜਰੀਵਾਲ ਅਮਨ, ਪਿਆਰ ਅਤੇ ਖੁਸ਼ਹਾਲ ਪੰਜਾਬ ਲਈ ਮੰਗਲਵਾਰ ਨੂੰ ਦੁਪਹਿਰ ਕਰੀਬ 3 ਵਜੇ ਅੰਮ੍ਰਿਤਸਰ ਏਅਰਪੋਰਟ ’ਤੇ ਪਹੁੰਚਣਗੇ। ਇਸ ਤੋਂ ਬਾਅਦ ਸ਼ਾਮ ਕਰੀਬ 6 ਵਜੇ ਜਲੰਧਰ ਦੇ ਦੇਵੀ ਤਾਲਾਬ ਮੰਦਰ ਜਾਣਗੇ, ਜਿੱਥੇ ਕੇਜਰੀਵਾਲ ਹਸਦੇ -ਬਸਦੇ ਪੰਜਾਬ ਲਈ ਸਿਰ ਝੁਕਾ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਲੈਣਗੇ।

ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਇਹ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਸੂਬਾ ਸਕੱਤਰ ਹਰਚੰਦ ਸਿੰਘ ਬਰਸਟ ਵੀ ਮੌਜ਼ੂਦ ਸਨ। ਰਾਘਵ ਚੱਢਾ ਨੇ ਦੱਸਿਆ ਕਿ ਦੋਆਬੇ ਦੀ ਸਰਜ਼ਮੀਨ ’ਤੇ ਜਲੰਧਰ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਦੇਵੀ ਤਾਲਾਬ ਮੰਦਰ ਦੀ ਮਾਨਤਾ ਜਗਤ ਵਿੱਚ ਹੈ ਅਤੇ ਇੱਥੇ ਮਾਤਾ ਰਾਣੀ ਦੇ ਦਰਬਾਰ ਵਿੱਚ ਮੰਗੀ ਗਈ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਇਸ ਕਾਰਨ ਨਰਾਤਿਆਂ ਦੇ ਪਾਵਨ ਮੌਕੇ ਅਰਵਿੰਦ ਕੇਜਰੀਵਾਲ ਮੰਦਰ ਵਿੱਚ ਅਮਨ, ਪਿਆਰ, ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਅਤੇ ਖੁਸ਼ਹਾਲ ਪੰਜਾਬ ਲਈ ਪ੍ਰਾਰਥਨਾ ਕਰਨਗੇ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਰਾਘਵ ਚੱਢਾ ਨੇ ਦੱਸਿਆ ਕਿ ਫਿਲਹਾਲ ਕੇਜਰੀਵਾਲ ਦਾ ਮੰਦਰ ਆਉਣਾ ਹੀ ਤੈਅ ਹੋਇਆ ਹੈ, ਇਸ ਤੋਂ ਇਲਾਵਾ ਜੇ ਕੋਈ ਪ੍ਰੋਗਰਾਮ ਹੋਵੇਗਾ ਤਾਂ ਇਸ ਦੀ ਜਾਣਕਾਰੀ ਮੀਡੀਆ ਨੂੰ ਸਮਾਂ ਰਹਿੰਦੇ ਸਾਂਝੀ ਕੀਤੀ ਜਾਵੇਗੀ।

Share this Article
Leave a comment