ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੰਗ ਕੀਤੀ ਕਿ ਦਿੱਲੀ- ਬਠਿੰਡਾ ਹਵਾਈ ਸੇਵਾ ਮੁੜ ਸ਼ੁਰੂ ਕੀਤੀ ਜਾਵੇ ਅਤੇ ਕਿਹਾ ਕਿ ਨਵੰਬਰ 2020 ਤੋਂ ਇਹ ਫਲਾਈਟਾਂ ਬੰਦ ਕਰਨ ਨਾਲ ਵਪਾਰ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ ਤੇ ਇਸ ਨਾਲ ਕੇਂਦਰੀ ਮੁਲਾਜ਼ਮਾਂ ਦੇ ਨਾਲ ਮਾਲਵਾ ਖਿੱਤੇ ਦੇ ਲੋਕਾਂ ਨੁੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਹੈ।
ਪ੍ਰਸ਼ਨ ਕਾਲ ਦੌਰਾਨ ਇਹ ਮਾਮਲਾ ਉਠਾਉਂਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਬਠਿੰਡਾ ਹਵਾਈ ਅੱਡੇ ਤੋਂ 2016 ਵਿਚ ਉਡਾਣਾਂ ਸ਼ੁਰੂ ਹੋਈਆਂ ਸਨ ਤੇ ਇਹ ਪੰਜਾਬ ਦੇ ਅਨੇਕਾਂ ਜ਼ਿਲਿਆਂ ਦੇ ਨਾਲ ਨਾਲ ਰਾਜਸਥਾਨ ਤੇ ਹਰਿਆਣਾ ਦੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਕਰਦਾ ਹੈ। ਉਹਨਾਂ ਕਿਹਾ ਕਿ ਨਵੰਬਰ 2020 ਵਿਚ ਕੋਰੋਨਾ ਦੀ ਸ਼ੁਰੂਆਤ ਤੋਂ ਬਾਅਦ ਇਹ ਉਡਾਣਾਂ ਬੰਦ ਕੀਤੀਆਂ ਗਈਆਂ ਸਨ ਪਰ ਦੇਸ਼ ਭਰ ਵਿਚ ਹੋਰ ਸਭ ਥਾਵਾਂ ’ਤੇ ਘਰੇਲੂ ਉਡਾਣਾਂ ਸ਼ੁਰੂ ਹੋਣ ਦੇ ਬਾਵਜੂਦ ਇਥੇ ਉਡਾਣਾਂ ਸ਼ੁਰੂ ਨਹੀਂ ਹੋ ਸਕੀਆਂ। ਉਹਨਾਂ ਕਿਹਾ ਕਿ ਜਨਤਕ ਤੇ ਨਿੱਜੀ ਖੇਤਰ ਵਿਚ ਬਠਿੰਡਾ ਹਵਾਈ ਅੱਡੇ ਤੋਂ ਕੋਈ ਉਡਾਣ ਨਹੀਂ ਹੈ।
ਦਿੱਲੀ- ਬਠਿੰਡਾ ਅਤੇ ਦਿੱਲੀ- ਬਠਿੰਡਾ- ਜੰਮੂ ਹਵਾਈ ਸੇਵਾ ਮੁੜ ਸ਼ੁਰੂ ਕਰਨ ਦੀ ਮੰਗ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਦੋਵੇਂ ਉਡਾਣਾਂ ਨੁੰ ਭਰਵਾਂ ਹੁੰਗਾਰਾ ਮਿਲਿਆ ਸੀ। ਉਹਨਾਂ ਕਿਹਾ ਕਿ ਜਿਥੇ ਇਹ ਉਡਾਣਾਂ ਹਫਤੇ ਵਿਚ ਤਿੰਨ ਵਾਰ ਸਨ, ਉਥੇ ਹੀ ਇਹ ਪੰਜ ਵਾਰ ਕੀਤੀਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਉਡਾਣਾਂ ਵਿਚ ਸੀਟਾਂ 80 ਫੀਸਦੀ ਭਰਦੀਆਂ ਸਨ।
ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਫਲਾਈਟਾਂ ਮੁਅੱਤਲ ਹੋਣ ਕਾਰਨ ਵੱਡੀ ਗਿਣਤੀ ਲੋਕਾਂ ਨੁੰ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ। ਉਹਨਾਂ ਕਿਹਾ ਕਿ ਬਠਿੰਡਾ ਵਿਚ ਸੂਬੇ ਵਿਚ ਸਭ ਤੋਂ ਵੱਡੀ ਫੌਜੀ ਛਾਉਣੀ ਹੈ ਤੇ ਇਸ ਤੋਂ ਇਲਾਵਾ ਇਕ ਏਅਰ ਫੋਰਸ ਸਟੇਸ਼ਨ ਹੈ। ਉਹਨਾਂ ਕਿਹਾ ਕਿ ਏਮਜ਼ ਅਤੇ ਕੇਂਦਰੀ ਯੂਨੀਵਰਸਿਟੀਆਂ ਵਰਗੀਆਂ ਪ੍ਰਤੀਸ਼ਠਤ ਸੰਸਥਾਵਾਂ ਤੋਂ ਇਲਾਵਾ ਇਥੇ ਰਿਫਾਇਨਰੀ ਅਤੇ ਤਿੰਨ ਥਰਮਲ ਪਲਾਂਟ ਸਥਿਤ ਹਨ। ਉਹਨਾ ਕਿਹਾ ਕਿ ਦਿੱਲੀ ਨਾਲ ਸੰਪਰਕ ਜੁੜਨਾ ਦੱਖਣੀ ਮਾਲਵਾ ਦੇ ਨਾਲ ਨਾਲ ਹਰਿਆਣਾ ਅਤੇ ਰਾਜਸਥਾਨ ਦੇ ਨੇੜਲੇ ਇਲਾਕਿਆਂ ਲਈ ਬੇਹੱਦ ਲਾਹੇਵੰਦ ਹੈ ਤੇ ਉਹਨਾਂ ਮੰਗ ਕੀਤੀ ਕਿ ਫਲਾਈਟਾਂ ਜਲਦੀ ਤੋਂ ਜਲਦੀ ਸ਼ੁਰੂ ਕੀਤੀਆਂ ਜਾਣ।