ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ 5 ਫਰਵਰੀ ਨੂੰ ਇੱਕੋ ਪੜਾਅ ਵਿੱਚ ਵੋਟਿੰਗ ਹੋਵੇਗੀ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ ਤੇ ਗਿਣਤੀ 8 ਫਰਵਰੀ ਨੂੰ ਹੋਵੇਗੀ। ਚੋਣ ਕਮਿਸ਼ਨ ਦੇ ਅਨੁਸਾਰ, ਵੱਖ-ਵੱਖ ਪਾਰਟੀਆਂ ਦੇ ਕੁੱਲ 699 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਆਜ਼ਾਦ ਉਮੀਦਵਾਰ ਵੀ ਸ਼ਾਮਲ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਨੇ ਇਨ੍ਹਾਂ ਸਾਰੇ ਉਮੀਦਵਾਰਾਂ ਦੇ ਹਲਫਨਾਮਿਆਂ ਦੀ ਜਾਂਚ ਕਰਨ ਤੋਂ ਬਾਅਦ ਇੱਕ ਰਿਪੋਰਟ ਤਿਆਰ ਕੀਤੀ ਹੈ।
ਇਸ ਅਨੁਸਾਰ, ਲਗਭਗ 19 % ਯਾਨੀ 132 ਉਮੀਦਵਾਰਾਂ ਦਾ ਅਪਰਾਧਿਕ ਪਿਛੋਕੜ ਹੈ। ਇਨ੍ਹਾਂ ਵਿੱਚੋਂ 81 ਵਿਰੁੱਧ ਕਤਲ, ਅਗਵਾ ਅਤੇ ਬਲਾਤਕਾਰ ਵਰਗੇ ਗੰਭੀਰ ਮਾਮਲੇ ਦਰਜ ਹਨ। 13 ਉਮੀਦਵਾਰਾਂ ‘ਤੇ ਔਰਤਾਂ ਵਿਰੁੱਧ ਅਪਰਾਧਾਂ ਦੇ ਦੋਸ਼ ਹਨ। ਲੋਕ ਸਭਾ ਚੋਣਾਂ ਵਿੱਚ ਇੰਡੀਆ ਬਲਾਕ ਦਾ ਹਿੱਸਾ ਰਹੀਆਂ ਪੰਜ ਪਾਰਟੀਆਂ ਇੱਕ ਦੂਜੇ ਦੇ ਵਿਰੁੱਧ ਚੋਣ ਲੜ ਰਹੀਆਂ ਹਨ। ਇਨ੍ਹਾਂ ਵਿੱਚੋਂ, ਆਮ ਆਦਮੀ ਪਾਰਟੀ ਦਿੱਲੀ ‘ਚ ਸਾਰੀਆਂ 70 ਸੀਟਾਂ ‘ਤੇ ਚੋਣ ਲੜੀ ਰਹੀ ਹੈ ਇਸੇ ਤਰ੍ਹਾਂ ਕਾਂਗਰਸ ਨੇ ਵੀ ਸਾਰੀਆਂ 70 ਸੀਟਾਂ ‘ਤੇ ਆਪਣੇ ਉਮੀਦਵਾਰ ਐਲਾਨੇ ਹਨ। ਉੱਥੇ ਹੀ BJP 68 ਸੀਟਾਂ ‘ਤੇ ਚੋਣ ਲੜ ਰਹੀ ਹੈ. ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ (ਬਸਪਾ) 70 ਸੀਟਾਂ ‘ਤੇ ਚੋਣ ਲੜ ਰਹੀ ਹੈ
ਏਡੀਆਰ ਦੇ ਅਨੁਸਾਰ, 5 ਉਮੀਦਵਾਰਾਂ ਕੋਲ 100 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਜਾਇਦਾਦ ਹੈ। ਇਨ੍ਹਾਂ ਵਿੱਚੋਂ 3 ਭਾਜਪਾ ਦੇ ਹਨ ਜਦੋਂ ਕਿ ਕਾਂਗਰਸ ਅਤੇ ‘ਆਪ’ ਦਾ ਇੱਕ-ਇੱਕ ਮੈਂਬਰ ਹੈ। ਭਾਜਪਾ ਉਮੀਦਵਾਰਾਂ ਦੀ ਔਸਤ ਜਾਇਦਾਦ ਲਗਭਗ 22.90 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਤਿੰਨ ਉਮੀਦਵਾਰਾਂ ਨੇ ਆਪਣੀ ਜਾਇਦਾਦ ਜ਼ੀਰੋ ਐਲਾਨੀ ਹੈ।
ਲਗਭਗ 28% ਯਾਨੀ 196 ਉਮੀਦਵਾਰਾਂ ਨੇ ਆਪਣੀ ਉਮਰ 25 ਤੋਂ 40 ਸਾਲ ਦੇ ਵਿਚਕਾਰ ਦੱਸੀ ਹੈ। 106 (15%) 61 ਤੋਂ 80 ਸਾਲ ਦੀ ਉਮਰ ਦੇ ਵਿਚਕਾਰ ਸਨ, ਜਦੋਂ ਕਿ ਤਿੰਨ 80 ਸਾਲ ਤੋਂ ਵੱਧ ਉਮਰ ਦੇ ਸਨ। ਸਾਰੇ 699 ਉਮੀਦਵਾਰਾਂ ਵਿੱਚੋਂ 96 ਔਰਤਾਂ ਹਨ, ਜੋ ਕਿ ਲਗਭਗ 14% ਹੈ।
ਉਮੀਦਵਾਰਾਂ ਦੀ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ, 46% ਨੇ ਆਪਣੇ ਆਪ ਨੂੰ 5ਵੀਂ ਤੋਂ 12ਵੀਂ ਦੇ ਵਿਚਕਾਰ ਐਲਾਨਿਆ ਹੈ। 18 ਉਮੀਦਵਾਰਾਂ ਨੇ ਆਪਣੇ ਆਪ ਨੂੰ ਡਿਪਲੋਮਾ ਧਾਰਕ, 6 ਪੜ੍ਹੇ-ਲਿਖੇ ਅਤੇ 29 ਅਨਪੜ੍ਹ ਦੱਸਿਆ ਹੈ।
ਲੋਕ ਸਭਾ ਚੋਣਾਂ ਵਿੱਚ, ‘ਆਪ’ ਅਤੇ ਕਾਂਗਰਸ ਨੇ ਦਿੱਲੀ ਦੀਆਂ 7 ਸੀਟਾਂ ‘ਤੇ ਇਕੱਠੇ ਚੋਣ ਲੜੀ ਸੀ। ‘ਆਪ’ ਨੇ 4 ਅਤੇ ਕਾਂਗਰਸ ਨੇ 3 ਲੋਕ ਸਭਾ ਸੀਟਾਂ ‘ਤੇ ਚੋਣ ਲੜੀ ਸੀ, ਪਰ ਭਾਜਪਾ ਨੇ ਸਾਰੀਆਂ 7 ਸੀਟਾਂ ਜਿੱਤ ਲਈਆਂ।
ਭਾਜਪਾ ਨੂੰ 54.7% ਵੋਟਾਂ ਮਿਲੀਆਂ, ਜਦੋਂ ਕਿ ਇੰਡੀਆ ਬਲਾਕ ਨੂੰ ਕੁੱਲ 43.3% ਵੋਟਾਂ ਮਿਲੀਆਂ। ਸਾਰੀਆਂ ਸੀਟਾਂ ‘ਤੇ ਜਿੱਤ ਅਤੇ ਹਾਰ ਦਾ ਫਰਕ ਔਸਤਨ 1.35 ਲੱਖ ਸੀ। ਭਾਜਪਾ 52 ਵਿਧਾਨ ਸਭਾ ਸੀਟਾਂ ‘ਤੇ ਅੱਗੇ ਸੀ।