ਚੰਡੀਗੜ੍ਹ : ਪੰਜਾਬ ਦੇ ਨਵੇਂ ਮੁੱਖ ਮੰਤਰੀ ਬਾਰੇ ਅਧਿਕਾਰਤ ਤੌਰ ‘ਤੇ ਐਲਾਨ ‘ਚ ਕੁਝ ਸਮਾਂ ਹੋਰ ਦੇਰੀ ਹੋਣ ਦੀ ਸੰਭਾਵਨਾ ਹੈ। ਇਸਦਾ ਕਾਰਨ ਹੈ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ।
ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਹਾਈਕਮਾਨ ਤੱਕ ਪਹੁੰਚ ਕਰਦਿਆਂ ਖੁਦ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਦਾਅਵਾ ਠੋਕ ਦਿੱਤਾ ਹੈ। ਜਿਸ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ। ਸੁਖਜਿੰਦਰ ਰੰਧਾਵਾ ਦੇ ਨਾਂ ‘ਤੇ ਸਿੱਧੂ ਖੇਮੇ ਨੇ ਆਪਣਾ ਇਤਰਾਜ਼ ਜਤਾਇਆ ਹੈ। ਸਿੱਧੂ ਨੇ ਕਾਂਗਰਸ ਹਾਈਕਮਾਨ ਨੂੰ ਆਪਣੇ ਫ਼ੈਸਲੇ ਤੇ ਮੁੜ ਤੋਂ ਗੌਰ ਕਰਨ ਦੀ ਅਪੀਲ ਕੀਤੀ ਹੈ।
ਹਾਈਕਮਾਨ ਅੱਗੇ ਆਪਣਾ ਪੱਖ ਰੱਖਦੇ ਹੋਏ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਏ ਜਾਣ ਨਾਲ ਪਾਰਟੀ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲੇਗਾ ਅਤੇ ਪਾਰਟੀ 2022 ਦੀਆਂ ਚੋਣਾਂ ‘ਚ ਵੱਡੀ ਜਿੱਤ ਹਾਸਲ ਕਰੇਗੀ। ਖ਼ਬਰ ਇਹ ਵੀ ਹੈ ਕਿ ਸਿੱਧੂ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾਂਦਾ ਤਾਂ ਕਿਸੇ ਦਲਿਤ ਆਗੂ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਸਿੱਧੂ ਦੀ ਇਸ ਮੰਗ ‘ਤੇ ਹਾਈ ਕਮਾਨ ਦੁਚਿੱਤੀ ਵਿੱਚ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਸਵੇਰ ਤੋਂ ਹੀ ਮੀਡੀਆ ਸਾਹਮਣੇ ਨਹੀਂ ਆਏ ਹਨ ਨਾ ਹੀ ਉਨ੍ਹਾਂ ਵਲੋਂ ਕੋਈ ਬਿਆਨ ਜਾਰੀ ਕੀਤਾ ਗਿਆ ਹੈ। ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਾਈਕਮਾਂਡ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਫਾਈਨਲ ਕਰਨ ਦੀਆਂ ਖਬਰਾਂ ਵਿਚਾਲੇ ਸਿੱਧੂ ਨਾਖੁਸ਼ ਹਨ। ਨਵੇਂ ਮੁੱਖ ਮੰਤਰੀ ਦੇ ਐਲਾਨ ਵਿੱਚ ਦੇਰੀ ਦਾ ਕਾਰਨ ਨਵਜੋਤ ਸਿੰਘ ਸਿੱਧੂ ਦਾ ਇਤਰਾਜ਼ ਮੰਨਿਆ ਜਾ ਰਿਹਾ ਹੈ।