Home / ਓਪੀਨੀਅਨ / ਰੱਖਿਆ ਨਿਰਮਾਣ ਨੂੰ ਮਿਲੀ ਨਵੀਂ ਉਡਾਣ

ਰੱਖਿਆ ਨਿਰਮਾਣ ਨੂੰ ਮਿਲੀ ਨਵੀਂ ਉਡਾਣ

-ਰਾਜਨਾਥ ਸਿੰਘ;

“ਦੇਹ ਸਿਵਾ ਬਰੁ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨ ਟਰੋ।।” ਕਿਸੇ ਵੀ ਵੱਡੇ ਸੁਧਾਰ ਨੂੰ ਸ਼ੁਰੂ ਕਰਨ ਤੇ ਪੂਰਾ ਕਰਨ ਲਈ ਬਹੁਤ ਧੀਰਜ, ਪ੍ਰਤੀਬੱਧਤਾ ਤੇ ਸੰਕਲਪ ਦੀ ਜ਼ਰੂਰਤ ਹੁੰਦੀ ਹੈ। ਸਬੰਧਿਤ ਧਿਰਾਂ ਦੀ ਮੁਕਾਬਲੇ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਦਿਆਂ ਸਥਿਤੀ ਵਿੱਚ ਤਬਦੀਲੀ ਲਈ ਸੂਖਮ ਸੰਤੁਲਿਤ ਕੋਸ਼ਿਸ਼ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਕੁਸ਼ਲ ਮਾਰਗ ਦਰਸ਼ਨ ’ਚ ਸਾਡੀ ਸਰਕਾਰ ਅਜਿਹੇ ਮਜ਼ਬੂਤ ਫ਼ੈਸਲੇ ਲੈਣ ਅਤੇ ਅਹਿਮ ਸੁਧਾਰ ਕਰਨ ਵਿੱਚ ਕਦੇ ਨਹੀਂ ਝਿਜਕਦੀ, ਜੋ ਲਾਭਦਾਇਕ ਹੋਣ ਦੇ ਨਾਲ ਨਾਲ ਰਾਸ਼ਟਰ ਦੇ ਲੰਮੇ ਸਮੇਂ ਤੱਕ ਹਿਤ ’ਚ ਹੋਵੇ।

ਰੱਖਿਆ ’ਚ ਆਤਮਨਿਰਭਰਤਾ, ਭਾਰਤ ਦੀ ਰੱਖਿਆ ਉਤਪਾਦਨ ਨੀਤੀ ਦੀ ਨੀਂਹ ਰਹੀ ਹੈ। ਸਰਕਾਰ ਵੱਲੋਂ ਪਿੱਛੇ ਜਿਹੇ ‘ਆਤਮਨਿਰਭਰ ਭਾਰਤ’ ਦੇ ਸੱਦੇ ਨਾਲ ਇਸ ਟੀਚੇ ਦੀ ਪ੍ਰਾਪਤੀ ਨੂੰ ਹੋਰ ਰਫ਼ਤਾਰ ਮਿਲੀ ਹੈ। ਭਾਰਤੀ ਰੱਖਿਆ ਉਦਯੋਗ ਮੁੱਖ ਤੌਰ ’ਤੇ ਹਥਿਆਰਬੰਦ ਬਲਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ ਤੇ ਇਸ ਨੇ ਬਜ਼ਾਰ ਤੇ ਵਿਭਿੰਨ ਉਤਪਾਦਾਂ ਦੇ ਨਾਲ ਖ਼ੁਦ ਨੂੰ ਵੀ ਵਿਕਸਿਤ ਕੀਤਾ ਹੈ। ਬਰਾਮਦ ’ਚ ਹਾਲੀਆ ਸਫ਼ਲਤਾਵਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਇੱਕ ਉੱਭਰਦੇ ਹੋਏ ਰੱਖਿਆ ਨਿਰਮਾਣ ਕੇਂਦਰ ਦੇ ਰੂਪ ਵਿੱਚ ਆਪਣੀ ਸਮਰੱਥਾ ਅਨੁਸਾਰ ਕੰਮ ਕਰਨ ਲਈ ਤਿਆਰ ਹੈ। ਸਾਡਾ ਟੀਚਾ ਜਨਤਕ ਤੇ ਨਿਜੀ ਖੇਤਰ ਦੀ ਸਰਗਰਮ ਭਾਗੀਦਾਰੀ ਰਾਹੀਂ, ਬਰਾਮਦ ਸਮੇਤ ਬਜ਼ਾਰ ਤੱਕ ਪਹੁੰਚ ਦੇ ਨਾਲ ਨਾਲ ਡਿਜ਼ਾਈਨ ਤੋਂ ਲੈ ਕੇ ਉਤਪਾਦਨ ਤੱਕ ਵਿੱਚ, ਭਾਰਤ ਨੂੰ ਰੱਖਿਆ ਖੇਤਰ ਦੇ ਸੰਦਰਭ ਵਿੱਚ ਦੁਨੀਆ ਦੇ ਚੋਟੀ ਦੇ ਦੇਸ਼ਾਂ ਵਿੱਚ ਸਥਾਪਿਤ ਕਰਨਾ ਹੈ।

2014 ਦੇ ਬਾਅਦ ਤੋਂ ਭਾਰਤ ਸਰਕਾਰ ਨੇ ਰੱਖਿਆ ਖੇਤਰ ’ਚ ਕਈ ਸੁਧਾਰ ਕੀਤੇ ਹਨ, ਤਾਂ ਜੋ ਬਰਾਮਦ, ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਤੇ ਸਵਦੇਸ਼ੀ ਉਤਪਾਦਾਂ ਦੀ ਮੰਗ ਨੂੰ ਪ੍ਰੋਤਸਾਹਨ ਪ੍ਰਦਾਨ ਕਰਨ ਲਈ ਇੱਕ ਅਨੁਕੂਲ ਪ੍ਰਣਾਲੀ ਤਿਆਰ ਕੀਤੀ ਜਾ ਸਕੇ। ‘ਆਰਡਨੈਂਸ ਫੈਕਟਰੀ ਬੋਰਡ’, ਰੱਖਿਆ ਮੰਤਰਾਲੇ ਅਧੀਨ ਸੀ, ਜਿਸ ਨੂੰ 100 ਫੀਸਦੀ ਸਰਕਾਰੀ ਮਾਲਕਾ ਵਾਲੀਆਂ 7 ਨਵੀਆਂ ਕਾਰਪੋਰੇਟ ਸੰਸਥਾਵਾਂ ’ਚ ਬਦਲਣ ਦਾ ਇਤਿਹਾਸਿਕ ਫ਼ੈਸਲਾ ਲਿਆ ਗਿਆ, ਤਾਕਿ ਕੰਮ ਖ਼ੁਦਮੁਖ਼ਤਿਆਰੀ ਤੇ ਮੁਹਾਰਤ ਨਾਲ ਵਧਾਇਆ ਜਾ ਸਕੇ ਤੇ ਨਵੀਂ ਵਿਕਾਸ ਸਮਰੱਥਾ ਤੇ ਨਵੀਨਤਾ ਨੂੰ ਸ਼ੁਰੂ ਕੀਤਾ ਜਾ ਸਕੇ। ਇਹ ਫ਼ੈਸਲਾ ਨਿਸ਼ਚਿਤ ਤੌਰ ਤੇ ਇਸ ਲੜੀ ਦਾ ਸਭ ਤੋਂ ਅਹਿਮ ਸੁਧਾਰ ਮੰਨਿਆ ਜਾ ਸਕਦਾ ਹੈ।

ਅਸਲਾ ਨਿਰਮਾਣ ਪਲਾਂਟਸ ਦਾ 200 ਤੋਂ ਵੀ ਵੱਧ ਸਾਲਾਂ ਦਾ ਮਾਣਮੱਤਾ ਇਤਿਹਾਸ ਰਿਹਾ ਹੈ। ਰਾਸ਼ਟਰੀ ਸੁਰੱਖਿਆ ’ਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ। ਉਨ੍ਹਾਂ ਦਾ ਬੁਨਿਆਦੀ ਢਾਂਚਾ ਤੇ ਕੁਸ਼ਲ ਮਨੁੱਖੀ ਸਰੋਤ ਦੇਸ਼ ਦੀ ਅਹਿਮ ਰਣਨੀਤਕ ਸੰਪਤੀ ਹਨ। ਭਾਵੇਂ, ਪਿਛਲੇ ਕੁਝ ਦਹਾਕਿਆਂ ’ਚ ਹਥਿਆਰਬੰਦ ਬਲਾਂ ਵੱਲੋਂ ਓਐੱਫਬੀ ਉਤਪਾਦਾਂ ਦੀ ਉੱਚ ਲਾਗਤ, ਅਸੰਗਤ ਮਿਆਰ ਤੇ ਸਪਲਾਈ ’ਚ ਦੇਰੀ ਨਾਲ ਸਬੰਧਿਤ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ ਹਨ।

ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਦੀ ਮੌਜੂਦਾ ਪ੍ਰਣਾਲੀ ਵਿੱਚ ਕਈ ਕਮੀਆਂ ਸਨ। ਆਰਡਨੈਂਸ ਫੈਕਟਰੀ ਬੋਰਡ ਕੋਲ ਆਪਣੀਆਂ ਆਰਡਨੈਂਸ ਫੈਕਟਰੀਆਂ (ਓਐੱਫ) ਦੇ ਅੰਦਰ ਸਭ ਕੁਝ ਉਤਪਾਦਨ ਕਰਨ ਦੀ ਵਿਰਾਸਤ ਸੀ, ਜਿਸ ਦੇ ਨਤੀਜੇ ਵਜੋਂ ਸਪਲਾਈ ਚੇਨ ਪ੍ਰਭਾਵਹੀਣ ਸੀ ਤੇ ਪ੍ਰਤੀਯੋਗੀ ਬਣਨ ਤੇ ਬਜ਼ਾਰ ’ਚ ਨਵੇਂ ਮੌਕਿਆਂ ਦੀ ਖੋਜ ਕਰਨ ਨੂੰ ਲੈ ਕੇ ਪ੍ਰੋਤਸਾਹਨ ਦੀ ਕਮੀ ਸੀ। ਆਰਡਨੈਂਸ ਫੈਕਟਰੀ ਬੋਰਡ ਵੱਲੋਂ ਇੱਕ ਹੀ ਥਾਂ ਵਿਭਿੰਨ ਸ਼੍ਰੇਣੀ ਦੀਆਂ ਵਸਤਾਂ ਦੇ ਉਤਪਾਦਨ ’ਚ ਸ਼ਾਮਲ ਹੋਣ ਕਾਰਣ ਮੁਹਾਰਤ ਦੀ ਘਾਟ ਸੀ।

ਸੱਤ ਨਵੀਆਂ ਕਾਰਪੋਰੇਟ ਇਕਾਈਆਂ ਬਣਾਉਣ ਦਾ ਇਹ ਫ਼ੈਸਲਾ ਵਪਾਰ ਪ੍ਰਸ਼ਾਸਨ ਦੇ ਮਾੱਡਲ ’ਚ ਉੱਭਰਨ ਦੇ ਟੀਚੇ ਅਨੁਸਾਰ ਹੈ। ਇਹ ਨਵਾਂ ਢਾਂਚਾ ਇਨ੍ਹਾਂ ਕੰਪਨੀਆਂ ਨੂੰ ਪ੍ਰਤੀਯੋਗੀ ਬਣਨ ਤੇ ਅਸਲਾ ਕਾਰਖਾਨਿਆਂ ਨੂੰ ਵੱਧ ਤੋਂ ਵੱਧ ਉਪਯੋਗ ਰਾਹੀਂ ਉਤਪਾਦਕ ਤੇ ਲਾਭਦਾਇਕ ਸੰਪਤੀਆਂ ਦੇ ਰੂਪ ’ਚ ਬਦਲਣ ਲਈ ਉਤਸ਼ਾਹਿਤ ਕਰੇਗੀ; ਉਤਪਾਦਾਂ ਦੀ ਵਿਵਿਧਤਾ ਦੇ ਮਾਮਲੇ ’ਚ ਮੁਹਾਰਤ ਨੂੰ ਡੂੰਘਾਈ ਪ੍ਰਦਾਨ ਕਰੇਗੀ; ਮਿਆਰ ਤੇ ਲਾਗਤ ਸਬੰਧੀ ਮੁਹਾਰਤ ’ਚ ਸੁਧਾਰ ਕਰਦਿਆਂ ਮੁਕਾਬਲੇ ਦੀ ਭਾਵਨਾ ਨੂੰ ਹੁਲਾਰਾ ਦੇਵੇਗੀ ਤੇ ਨਵੀਨਤਾ ਤੇ ਟੀਚਾਗਤ ਸੋਚ (ਡਿਜ਼ਾਈਨ ਥਿੰਕਿੰਗ) ਦੇ ਖੇਤਰ ’ਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ। ਸਰਕਾਰ ਨੇ ਇਹ ਫ਼ੈਸਲਾ ਲਾਗੂ ਕਰਦਿਆਂ ਇਹ ਭਰੋਸਾ ਦਿੱਤਾ ਹੈ ਕਿ ਕਰਮਚਾਰੀਆਂ ਦੇ ਹਿਤਾਂ ਦੀ ਰਾਖੀ ਕੀਤੀ ਜਾਵੇਗੀ।

ਇਨ੍ਹਾਂ ਸੱਤ ਨਵੀਆਂ ਕੰਪਨੀਆਂ ਨੂੰ ਹੁਣ ਸੂਚੀਬੱਧ ਕਰ ਲਿਆ ਗਿਆ ਹੈ ਤੇ ਉਨ੍ਹਾਂ ਨੇ ਆਪਣਾ ਕਾਰੋਬਾਰ ਸ਼ੁਰੂ ਵੀ ਕਰ ਦਿੱਤਾ ਹੈ। ਮਿਊਨੀਸ਼ਨਸ ਇੰਡੀਆ ਲਿਮਿਟਿਡ (ਐੱਮਆਈਐੱਲ), ਜੋ ਮੁੱਖ ਤੌਰ ’ਤੇ ਵਿਭਿੰਨ ਸਮਰੱਥਾ ਵਾਲੇ ਗੋਲਾ–ਬਾਰੂਦ ਤੇ ਵਿਸਫ਼ੋਟਕਾਂ ਦੇ ਉਤਪਾਦਨ ਨਾਲ ਜੁੜੀ ਹੋਵੇਗੀ ਅਤੇ ਇਸ ਦੀ ਨਾ ਸਿਰਫ਼ ‘ਮੇਕ ਇਨ ਇੰਡੀਆ’ ਰਾਹੀਂ ਸਗੋਂ ‘ਮੇਕਿੰਗ ਫੌਰ ਦ ਵਰਲਡ’ ਰਾਹੀਂ ਵੀ ਤੇਜ਼ੀ ਨਾਲ ਵਧਣ ਦੀ ਵਿਆਪਕ ਸੰਭਾਵਨਾ ਹੈ। ਬਖ਼ਤਰਬੰਦ ਵਾਹਨ ਕੰਪਨੀ (ਅਵਨੀ) ਮੁੱਖ ਤੌਰ ’ਤੇ ਟੈਂਕ ਅਤੇ ਬਾਰੂਦੀ ਸੁਰੰਗ ਰੋਧਕ ਵਾਹਨ (ਮਾਈਨ ਪ੍ਰੋਟੈਕਟਡ ਵਹੀਕਲ) ਜਿਹੇ ਜੰਗ ਵਿੱਚ ਵਰਤੇ ਜਾਣ ਵਾਲੇ ਵਾਹਨਾਂ ਦੇ ਉਤਪਾਦਨ ਨਾਲ ਜੁੜੀ ਹੋਵੇਗੀ ਅਤੇ ਇਸ ਦੁਆਰਾ ਆਪਣੀ ਸਮਰੱਥਾ ਦਾ ਬਿਹਤਰ ਇਸਤੇਮਾਲ ਕਰਦਿਆਂ ਘਰੇਲੂ ਬਜ਼ਾਰ ’ਚ ਆਪਣੀ ਹਿੱਸੇਦਾਰੀ ਵਧਾਉਣ ਦਾ ਆਸ ਹੈ। ਇਹੋ ਨਹੀਂ, ਇਹ ਨਵੇਂ ਬਰਾਮਦ ਬਜ਼ਾਰਾਂ ਦਾ ਵੀ ਪਤਾ ਲਾ ਸਕਦੀ ਹੈ। ਉੱਨਤ ਹਥਿਆਰ ਤੇ ਉਪਕਰਣ (ਏਡਬਲਿਊਈ ਇੰਡੀਆ) ਮੁੱਖ ਤੌਰ ’ਤੇ ਤੋਪਾਂ ਤੇ ਹੋਰ ਹਥਿਆਰ ਪ੍ਰਣਾਲੀਆਂ ਦੇ ਉਤਪਾਦਨ ’ਚ ਸ਼ਾਮਲ ਹੋਵੇਗੀ ਤੇ ਇਸ ਦੁਆਰਾ ਘਰੇਲੂ ਮੰਗ ਨੂੰ ਪੂਰੀ ਕਰਨ ਦੇ ਨਾਲ ਨਾਲ ਉਤਪਾਦ ਵਿਵਿਧਤਾਕਰਣ ਦੇ ਮਾਧਿਅਮ ਰਾਹੀਂ ਘਰੇਲੂ ਬਜ਼ਾਰ ’ਚ ਆਪਣੀ ਹਿੱਸੇਦਾਰੀ ਵਧਾਉਣ ਦੀ ਆਸ ਹੈ। ਹੋਰ ਚਾਰ ਕੰਪਨੀਆਂ ਦੇ ਨਾਲ ਵੀ ਇਹੋ ਸਥਿਤੀ ਰਹੇਗੀ।

ਸਰਕਾਰ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਇਨ੍ਹਾਂ ਨਵੀਆਂ ਕੰਪਨੀਆਂ ’ਚੋਂ ਜ਼ਿਆਦਾਤਰ ਕੋਲ ਵਾਜਬ ਵਰਕ–ਆਰਡਰ ਹੋਣਗੇ। ਓਐੱਫਬੀ ਦੇ ਸਾਰੇ ਮੁਲਤਵੀ ਪਏ ਵਰਕ-ਆਰਡਰ, ਜਿਨ੍ਹਾਂ ਦੀ ਕੀਮਤ ਲਗਭਗ 65,000 ਕਰੋੜ ਰੁਪਏ ਤੋਂ ਵੱਧ ਹੈ, ਨੂੰ ਕੰਟ੍ਰੈਕਟਸ ਰਾਹੀਂ ਇਨ੍ਹਾਂ ਕੰਪਨੀਆਂ ਨੂੰ ਸੌਂਪ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਵਿਵਿਧੀਕਰਣ ਤੇ ਬਰਾਮਦ ਰਾਹੀਂ ਕਈ ਖੇਤਰਾਂ ਵਿੱਚ ਨਵੀਆਂ ਕੰਪਨੀਆਂ ਦੇ ਵਧਣ–ਫੁੱਲਣ ਦੀਆਂ ਕਾਫ਼ੀ ਸੰਭਾਵਨਾਵਾਂ ਹਨ। ਗ਼ੈਰ–ਫ਼ੌਜੀ ਵਰਤੋਂ ਲਈ ਦੋਹਰੇ ਉਪਯੋਗ ਵਾਲੇ ਰੱਖਿਆ ਉਤਪਾਦ ਵੀ ਇਨ੍ਹਾਂ ’ਚ ਸ਼ਾਮਲ ਹਨ। ਇਸੇ ਤਰ੍ਹਾਂ ਦਰਾਮਦ ਪ੍ਰਤੀਸਥਾਪਨ ਰਾਹੀਂ ਵੀ ਨਵੀਆਂ ਕੰਪਨੀਆਂ ਦਾ ਕਾਰੋਬਾਰ ਵਧਣ ਦੀਆਂ ਵਿਆਪਕ ਸੰਭਾਵਨਾਵਾਂ ਹਨ।

ਇਸ ਦਿਸ਼ਾ ’ਚ ਇੱਕ ਨਵੀਂ ਸ਼ੁਰੂਆਤ ਕਰ ਦਿੱਤੀ ਗਈ ਹੈ। ਉਂਝ ਤਾਂ ਆਰਡਨੈਂਸ ਫੈਕਟਰੀਆਂ ਨੂੰ ਪਹਿਲਾਂ ਕੇਵਲ ਹਥਿਆਰਬੰਦ ਬਲਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਪਰ ਨਵੀਆਂ ਕੰਪਨੀਆਂ ਹੁਣ ਉਸ ਤੈਅਸ਼ੁਦਾ ਘੇਰੇ ਤੋਂ ਵੀ ਪਰ੍ਹਾਂ ਜਾ ਸਕਣਗੀਆਂ ਤੇ ਦੇਸ਼–ਵਿਦੇਸ਼ ਦੋਵਾਂ ’ਚ ਹੀ ਨਵੇਂ ਮੌਕਿਆਂ ਦਾ ਪਤਾ ਲਾਉਣਗੀਆਂ। ਪਹਿਲਾਂ ਦੇ ਮੁਕਾਬਲੇ ਕਿਤੇ ਵੱਧ ਕਾਰਜਾਤਮਕ ਤੇ ਵਿੱਤੀ ਖ਼ੁਦਮੁਖ਼ਤਿਆਰੀ ਮਿਲਣ ਜਾਣ ਨਾਲ ਇਹ ਨਵੀਆਂ ਕੰਪਨੀਆਂ ਹੁਣ ਆਧੁਨਿਕ ਕਾਰੋਬਾਰੀ ਮਾੱਡਲਾਂ ਨੂੰ ਅਪਣਾ ਸਕਣਗੀਆਂ ਤੇ ਇਸ ਦੇ ਨਾਲ ਹੀ ਨਵੀਂ ਤਰ੍ਹਾਂ ਦਾ ਸਹਿਯੋਗ ਯਕੀਨੀ ਬਣਾ ਸਕਣਗੀਆਂ।

ਵਰਤਮਾਨ ’ਚ ਅਸੀਂ ਆਤਮਨਿਰਭਰਤਾ ਤੇ ਬਰਾਮਦ ਲਈ ਦੇਸ਼ ਦੀਆਂ ਰੱਖਿਆ ਉਤਪਾਦਨ ਸਮਰੱਥਾਵਾਂ ਉੱਤੇ ਵਿਵਸਥਿਤ ਢੰਗ ਨਾਲ ਵਿਸ਼ੇਸ਼ ਜ਼ੋਰ ਦੇਣ ਲਈ ਵਿਭਿੰਨ ਵਿਸ਼਼ਸ ਖੇਤਰਾਂ ’ਤੇ ਆਪਣਾ ਧਿਆਨ ਕੇਂਦ੍ਰਿਤ ਕਰ ਰਹੇ ਹਨ। ਇਹ ਕਲਪਨਾ ਕੀਤੀ ਗਈ ਹੈ ਕਿ ਇਨ੍ਹਾਂ ਨਵੀਆਂ ਕੰਪਨੀਆਂ ਦੇ ਨਾਲ–ਨਾਲ ਜਨਤਕ ਖੇਤਰ ਦੀਆਂ ਮੌਜੂਦਾ ਕੰਪਨੀਆਂ ਦੇਸ਼ ’ਚ ਇੱਕ ਮਜ਼ਬੂਤ ‘ਫ਼ੌਜੀ ਉਦਯੋਗਿਕ ਘੇਰਾ’ ਬਣਾਉਣ ਲਈ ਨਿਜੀ ਖੇਤਰ ਨਾਲ ਮਿਲ ਕੇ ਕੰਮ ਕਰਨਗੀਆਂ। ਇਸ ਨਾਲ ਸਾਨੂੰ ਸਮੇਂ ’ਤੇ ਸਵਦੇਸ਼ੀ ਸਮਰੱਥਾ ਵਿਕਾਸ ਦੀ ਯੋਜਨਾ ਬਣਾ ਕੇ ਦਰਾਮਦ ਨੂੰ ਘੱਟ ਕਰਨ ਤੇ ਇਨ੍ਹਾਂ ਵਸੀਲਿਆਂ ਨੂੰ ਸਵਦੇਸ਼ ’ਚ ਹੀ ਬਣੇ ਰੱਖਿਆ ਉਤਪਾਦਾਂ ਦੀ ਖ਼ਰੀਦ ’ਚ ਲਾਉਣ ਵਿੱਚ ਕਾਫ਼ੀ ਮਦਦ ਮਿਲੇਗੀ। ਇਸ ਵਿੱਚ ਸਫ਼ਲਤਾ ਮਿਲਣ ’ਤੇ ਸਾਡੀ ਅਰਥਵਿਵਸਥਾ ’ਚ ਵਿਆਪਕ ਨਿਵੇਸ਼ ਆਵੇਗਾ ਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

ਭਾਵੇਂ ਇਸ ਦਿਸ਼ਾ ’ਚ ਅੱਗੇ ਵਿਭਿੰਨ ਕਿਸਮ ਦੀਆਂ ਚੁਣੌਤੀਆਂ ਹਨ। ਸਦੀਆਂ ਪੁਰਾਣੀਆਂ ਰਵਾਇਤਾਂ ਤੇ ਕੰਮ ਸੱਭਿਆਚਾਰ ਨੂੰ ਰਾਤੋ–ਰਾਤ ਬਦਲਣਾ ਸੱਚਮੁਚ ਔਖਾ ਹੈ। ਮੇਰਾ ਇਹ ਮੰਨਣਾ ਹੈ ਕਿ ਇਹ ਇਕ ਬੇਹੱਦ ਔਖੀ ਪਰਿਵਰਤਨ ਪ੍ਰਕਿਰਿਆ ਦੀ ਸ਼ੁਰੂਆਤ ਤੇ ਸਾਡਾ ਮੰਤਰਾਲਾ ਸ਼ੁਰੂਆਤੀ ਮੁੱਦਿਆਂ ਨੂੰ ਹੱਲ ਕਰਨ ਅਤੇ ਮਾਰਗ–ਦਰਸ਼ਨ ਕਰਨ ਦੇ ਨਾਲ ਨਾਲ ਇਨ੍ਹਾਂ ਨਵਗਠਤ ਕੰਪਨੀਆਂ ਨੂੰ ਵਿਵਹਾਰਕ ਜਾਂ ਲਾਹੇਵੰਦ ਵਪਾਰਕ ਇਕਾਈਆਂ ’ਚ ਤਬਦੀਲ ਕਰਨ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ। ਮੇਰਾ ਵਿਸ਼ਵਾਸ ਹੈ ਕਿ ਨਵੀਂ ਕੰਪਨੀਆਂ ਦੇ ਕਰਮਚਾਰੀ ਤੇ ਪ੍ਰਬੰਧ ਇੱਕ ਨਵੀਂ ਸੰਗਠਨਾਤਮਕ ਸੱਭਿਆਚਾਰ ਦੇ ਬੀਜ ਬੀਜਣਗੇ, ਤਾਂ ਜੋ ਉਨ੍ਹਾਂ ਦੀਆਂ ਕੰਪਨੀਆਂ ਵਿੱਚ ਵਿਆਪਕ ਹਾਂ-ਪੱਖੀ ਤਬਦੀਲੀਆਂ ਆਈਆਂ ਤੇ ਉਨ੍ਹਾਂ ਦਾ ਕਾਰੋਬਾਰ ਕਾਫ਼ੀ ਤੇਜ਼ੀ ਨਾਲ ਵਧ ਸਕੇ।

——–

Check Also

ਬਹੁਤਾ ਬੋਲ ਕੇ, ਜੱਗ ਨਹੀਂ ਜਿੱਤ ਹੁੰਦਾ !

ਅੱਜ ਕੱਲ੍ਹ ਪੰਜਾਬ ਵਿਚ ਮਾਹੌਲ ਗਰਮ ਹੈ। ਚੋਣਾਂ ਦਾ ਐਲਾਨ ਭਾਵੇਂ ਸਰਕਾਰੀ ਤੌਰ ‘ਤੇ ਨਹੀਂ …

Leave a Reply

Your email address will not be published. Required fields are marked *