ਪੰਜਾਬ ‘ਚ ਨਸ਼ਿਆਂ ਦਾ ਕਾਰੋਬਾਰ! ਸਤਾ ‘ਤੇ ਕਬਜ਼ੇ ਦਾ ਘਮਸਾਨ

TeamGlobalPunjab
6 Min Read

-ਜਗਤਾਰ ਸਿੰਘ ਸਿੱਧੂ

ਪੰਜਾਬ ਵਿੱਚ ਅੱਜ ਕੱਲ੍ਹ ਕੋਰੋਨਾ ਮਹਾਮਾਰੀ ਨਾਲੋਂ ਵੀ ਵੱਧ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਬਹਿਸ ਦਾ ਮੁੱਦਾ ਬਣਿਆ ਹੋਇਆ ਹੈ। ਅਜਿਹਾ ਨਹੀਂ ਹੈ ਕਿ ਪਹਿਲਾਂ ਕਦੇ ਇਹ ਮੁੱਦਾ ਨਹੀਂ ਸੀ। ਦਸ ਸਾਲ ਸੱਤਾ ‘ਚ ਰਹੀ ਅਕਾਲੀ-ਭਾਜਪਾ ਗਠਜੋੜ ਸਰਕਾਰ ਦਾ ਜਦੋਂ ਪਤਨ ਹੋਇਆ ਤਾਂ ਇਸ ਗਠਜੋੜ ਵਿਰੁੱਧ ਨਸ਼ਿਆਂ ਦੇ ਧੰਦੇ ਦਾ ਮੁ਼ੱਦਾ ਬਹੁਤ ਭਾਰੂ ਬਣਿਆ ਹੋਇਆ ਸੀ। ਇਸੇ ਕਰਕੇ ਪੰਜਾਬੀ ਦਾ ਇਹ ਅਖਾਣ ਬਣ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਨਸ਼ਾ ਖਤਮ ਕਰਨ ਲਈ ਪਿਛਲੀ ਵਿਧਾਨ ਸਭਾ ਚੋਣ ਵੇਲੇ ਗੁਟਕਾ ਸਾਹਿਬ ਹੱਥ ‘ਚ ਲੈ ਕੇ ਸਹੁੰ ਖਾਧੀ ਸੀ। ਇਹ ਇਤਿਫਾਕ ਹੀ ਕਿਹਾ ਜਾ ਸਕਦਾ ਹੈ ਕਿ ਹੁਣ ਜਦੋਂ ਵਿਧਾਨ ਸਭਾ ਚੋਣਾਂ ਲਈ ਦੋ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਰੁੱਧ ਵੀ ਨਸ਼ੇ ਦਾ ਮੁੱਦਾ ਉੱਭਰ ਕੇ ਸਾਹਮਣੇ ਆਇਆ ਹੈ। ਇਸ ਦਾ ਅਹਿਮ ਪਹਿਲੂ ਇਹ ਹੈ ਕਿ ਹਾਕਮ ਧਿਰ ਕਾਂਗਰਸ ਪਾਰਟੀ ਅੰਦਰੋਂ ਸ਼ਰਾਬ ਦੇ ਗੈਰ-ਕਾਨੂੰਨੀ ਧੰਦੇ ਵਿਰੁੱਧ ਜ਼ੋਰਦਾਰ ਆਵਾਜ਼ ਉੱਠੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ‘ਤੇ ਇਕੱਠੇ ਹੋਏ ਮੰਤਰੀਆਂ ਨੂੰ ਖਲੇਰਨ ਦੀ ਮੁਹਿੰਮ ਸ਼ੁਰੂ ਕਰ ਰੱਖੀ ਹੈ ਪਰ ਜੋ ਸੱਚ ਮੰਤਰੀਆਂ ਨੇ ਇਸ ਵਾਰ ਆਖ ਦਿੱਤਾ, ਉਸ ਸੱਚਾਈ ਨੂੰ ਦੁਪਿਹਰ ਦੇ ਖਾਣੇ ਜਾਂ ਰਾਤ ਦੇ ਭੋਜਨ ਨਾਲ ਹਜ਼ਮ ਨਹੀਂ ਕੀਤਾ ਜਾ ਸਕਦਾ। ਆਬਕਾਰੀ ਵਿਭਾਗ ਦੀਆਂ ਨੀਤੀਆਂ ਕਰਕੇ ਹਜ਼ਾਰਾਂ ਕਰੋੜ ਰੁਪਏ ਦੇ ਪਏ ਘਾਟੇ ਨੂੰ ਤੱਥਾਂ ਸਮੇਤ ਹਾਕਮ ਧਿਰ ਦੇ ਆਗੂਆਂ ਨੇ ਹੀ ਪੇਸ਼ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਰਾਜ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੀ ਗੱਲ ਵੀ ਮੰਤਰੀ ਮੰਡਲ ਦੇ ਮੈਂਬਰਾਂ ਵੱਲੋਂ ਆਈ ਸੀ। ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਸਕੱਤਰ ਦੇ ਮਾੜੇ ਵਤੀਰੇ ਕਾਰਨ ਉਸ ਨੂੰ ਫੌਰੀ ਤੌਰ ‘ਤੇ ਅਹੁਦੇ ਤੋਂ ਹਟਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੁਝਾਅ ਦਿੱਤਾ। ਪਰਗਟ ਸਿੰਘ ਸਮੇਤ ਕਈ ਆਗੂਆਂ ਨੇ ਸ਼ਰਾਬ ਲਈ ਦੱਖਣ ਦੇ ਕੁਝ ਰਾਜਾਂ ਵਾਂਗ ਕਾਰਪੋਰੇਸ਼ਨ ਬਨਾਉਣ ਦਾ ਸੁਝਾਅ ਦਿੱਤਾ ਹੈ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਇਸ ਮੌਕੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਸ਼ਰਾਬ ਲਈ ਕਾਰਪੋਰੇਸ਼ਨ ਬਨਾਉਣ ਦਾ ਸੁਝਾਅ ਦਿੱਤਾ ਸੀ। ਇਸ ਕਾਰਵਾਈ ਨਾਲ ਪੰਜਾਬ ਦੀ ਕਈ ਗੁਣਾਂ ਆਮਦਨ ਦੇ ਵਾਧੇ ਦੀ ਤਸਵੀਰ ਪੇਸ਼ ਕੀਤੀ ਸੀ। ਹੁਣ ਤੱਕ ਇਸ ਮਾਮਲੇ ‘ਤੇ ਆਵਾਜ਼ ਚੁੱਕਣ ਵਾਲੇ ਕਈ ਮੋਹਰੀ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੁੱਖ ਮੰਤਰੀ ਮੁਲਾਕਾਤ ਕਰ ਚੁੱਕੇ ਹਨ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਇਨ੍ਹਾਂ ਵਿਧਾਇਕਾਂ ਅਤੇ ਮੰਤਰੀਆਂ ਦੀ ਗੱਲ ਜ਼ਰੂਰ ਸੁਣੀ ਪਰ ਇਹ ਕਿਸੇ ਨੂੰ ਨਹੀਂ ਪਤਾ ਕਿ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਮੁੱਦਿਆਂ ‘ਤੇ ਕੀ ਫੈਸਲਾ ਲੈਂਦੇ ਹਨ।

ਮੁੱਖ ਮੰਤਰੀ ਕੋਲ ਮਾਮਲਾ ਤਾਂ ਬਰਗਾੜੀ ਗੋਲੀ ਕਾਂਡ ਕੇਸ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਟ੍ਰਾਂਸਪੋਰਟ ਮਾਫੀਆ ਖਤਮ ਕਰਨ ਅਤੇ ਬਿਜਲੀ ਸਬੰਧੀ ਪੁਰਾਣੇ ਸਮਝੌਤੇ ਰੱਦ ਕਰਨ ਦਾ ਵੀ ਉਠਿਆ ਹੈ। ਮੁੱਖ ਸਕੱਤਰ ਦੇ ਵਤੀਰੇ ਵਿਰੁੱਧ ਆਵਾਜ਼ ਚੁੱਕਣ ਵਾਲੇ ਦੋ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਅਜੇ ਤੱਕ ਮੁੱਖ ਮੰਤਰੀ ਨੂੰ ਨਹੀਂ ਮਿਲੇ ਹਨ। ਮਨਪ੍ਰੀਤ ਬਾਦਲ ਤਾਂ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਅਜੇ ਪਿੰਡ ਹੀ ਹਨ ਅਤੇ ਚੰਨੀ ਦਾ ਵੀ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ।

- Advertisement -

ਕੋਰੋਨਾ ਵਾਇਰਸ ਵਿਰੁੱਧ ਲੜੀ ਜਾ ਰਹੀ ਲੜਾਈ ਦੌਰਾਨ ਹੀ ਪੰਜਾਬ ‘ਚੋਂ ਸ਼ਰਾਬ ਤਿਆਰ ਕਰਨ ਦੀਆਂ ਤਿੰਨ ਚਾਰ ਨਜਾਇਜ਼ ਡਿਸਟਿਲਰਿਜ਼ ਵੀ ਫੜ੍ਹੀਆਂ ਗਈਆਂ ਹਨ। ਇਹ ਭੱਠੀਆਂ ਅੰਤਰਰਾਸ਼ਟਰੀ ਪੱਧਰ ਦੇ ਸ਼ਰਾਬ ਦੇ ਬ੍ਰਾਂਡ ਦੇ ਲੇਬਲ ਲਾ ਕੇ ਮਾਰਕੀਟ ‘ਚ ਸ਼ਰਾਬ ਸਪਲਾਈ ਕਰ ਰਹੀਆਂ ਸਨ। ਇਸ ਨਾਜਾਇਜ਼ ਕਾਰੋਬਾਰ ਬਾਰੇ ਪੰਜਾਬ ਦੀ ਵਿਰੋਧੀ ਧਿਰ ਅਕਾਲੀ ਦਲ ਵੱਲੋਂ ਸਰਕਾਰ ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਜੇਕਰ ਅਕਾਲੀ ਦਲ ‘ਚ ਹਿੰਮਤ ਹੈ ਤਾਂ ਸ਼ਰਾਬਬੰਦੀ ਦਾ ਮਤਾ ਪੰਜਾਬ ਵਿਧਾਨ ਸਭਾ ਵਿੱਚ ਲੈ ਕੇ ਆਏ। ਉਨ੍ਹਾਂ ਨੇ ਚਿੱਟੇ ਦੇ ਧੰਦੇ ਲਈ ਅਕਾਲੀ-ਭਾਜਪਾ ਗਠਜੋੜ ਨੂੰ ਦੋਸ਼ੀ ਠਹਿਰਾਇਆ ਹੈ। ਆਮ ਆਦਮੀ ਪਾਰਟੀ ਦੇ ਨੇਤਾ ਦੋਸ਼ ਲਗਾ ਰਹੇ ਹਨ ਕਿ ਨਸ਼ੇ ਦੇ ਧੰਦੇ ਵਿੱਚ ਅਕਾਲੀ ਅਤੇ ਕਾਂਗਰਸੀ ਆਪਸ ‘ਚ ਮਿਲੇ ਹੋਏ ਹਨ। ਇਸ ਸਾਰੇ ਰੌਲੇ-ਰੱਪੇ ‘ਚ ਸ਼ਰਾਬ ਦਾ ਨਜਾਇਜ਼ ਕਾਰੋਬਾਰ ਕਰਨ ਵਾਲੇ ਲੋਕਾਂ ਦੀਆਂ ਤਸਵੀਰਾਂ ਅਕਾਲੀ ਅਤੇ ਕਾਂਗਰਸੀ ਆਗੂਆਂ ਨਾਲ ਖੜ੍ਹਿਆ ਦੀਆਂ ਸੋਸ਼ਲ ਮੀਡੀਆ ‘ਤੇ ਜਾਰੀ ਹੋ ਰਹੀਆਂ ਹਨ। ਅਸਲ ‘ਚ ਸ਼ਰਾਬ ਅਤੇ ਨਸ਼ਿਆਂ ਦੇ ਧੰਦੇ ਕਰਨ ਵਾਲੇ ਲੋਕਾਂ ਦੀਆਂ ਸਾਂਝਾ ਰਾਜਸੀ ਅਤੇ ਪ੍ਰਸਾਸ਼ਕੀ ਧਿਰਾਂ ਨਾਲ ਇਸ ਤਰ੍ਹਾਂ ਨਾਲ ਜੁੜੀਆਂ ਹੋਈਆਂ ਹਨ ਕਿ ਇਸ ਨੂੰ ਤੋੜਨਾ ਬਹੁਤ ਵੱਡੀ ਚੁਣੌਤੀ ਬਣੀ ਹੋਈ ਹੈ। ਆਮ ਆਦਮੀ ਬੇਵੱਸ ਨਜ਼ਰ ਆ ਰਿਹਾ ਹੈ। ਕਿਹਾ ਇਹ ਜਾ ਰਿਹਾ ਹੈ ਕਿ ਇਸ ਧੰਦੇ ਨਾਲ ਸਭ ਦਾ ਸਾਥ ਹੈ ਅਤੇ ਸਭ ਦਾ ਵਿਕਾਸ ਹੈ। ਇੱਕ ਦੂਜੇ ‘ਤੇ ਦੋਸ਼ ਲਾਉਣੇ ਸਾਡੀ ਸਿਆਸਤ ਦਾ ਰੰਗ ਹੈ ਪਰ ਨਸ਼ੇ ਦੇ ਨਜਾਇਜ਼ ਧੰਦੇ ਨੂੰ ਰੋਕਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਕੀ ਹੁਣ ਨਸ਼ੇ ਦਾ ਧੰਦਾ ਪੰਜਾਬ ‘ਚ ਸਤਾ ਪਰਿਵਰਤਨ ਲਈ ਰਾਜਸੀ ਧਿਰਾਂ ਹਥਿਆਰ ਵਜੋਂ ਵਰਤਿਆ ਕਰਨਗੀਆਂ? ਇਸ ਸੁਆਲ ਦਾ ਜੁਆਬ ਪੰਜਾਬੀਆਂ ਨੇ ਦੇਣਾ ਹੈ।

ਸੰਪਰਕ : 9814002186

Share this Article
Leave a comment