ਸੁਖਬੀਰ ਬਾਦਲ ਬਾਰੇ ਫੈਸਲਾ ਹੋਰ ਲਟਕਿਆ!

Global Team
4 Min Read

ਜਗਤਾਰ ਸਿੰਘ ਸਿੱਧੂ,

ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਅੱਜ ਬੁਲਾਈ ਮੀਟਿੰਗ ਵਿਚ ਸਿੱਖ ਵਿਦਵਾਨਾ ਅਤੇ ਬੁਧੀਜੀਵੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਜੁੜੇ ਮੁੱਦੇ ਬਾਰੇ ਆਪੋ ਆਪਣੀ ਰਾਇ ਦੇ ਦਿਤੀ ਹੈ ਪਰ ਅੰਤਿਮ ਫੈਸਲਾ ਸਿੰਘ ਸਾਹਿਬਾਨ ਆਪਣੀ ਮੀਟਿੰਗ ਕਰਕੇ ਲੈਣਗੇ।

ਮੀਟਿੰਗ ਵਿਚ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਜਥੇਦਾਰ ਸੁਲਤਾਨ ਸਿੰਘ ਦੇ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਕਈ ਵਿਦਵਾਨ ਹਾਜਰ ਰਹੇ।

ਜਾਣਕਾਰੀ ਅਨੁਸਾਰ ਅਗਲੇ ਦਿਨਾਂ ਵਿਚ ਸਿੰਘ ਸਾਹਿਬਾਨ ਵਲੋਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਇਸੇ ਮਾਮਲੇ ਉਪਰ ਵੱਡੀ ਇੱਕਤਰਤਾ ਕੀਤੀ ਜਾਵੇਗੀ। ਇਸ ਤਰਾਂ ਕਿਹਾ ਜਾ ਸਕਦਾ ਹੈ ਕਿ ਸੁਖਬੀਰ ਬਾਦਲ ਦੇ ਮੁੱਦੇ ਬਾਰੇ ਫੈਸਲਾ ਅਜੇ ਹੋਰ ਲਟਕ ਸਕਦਾ ਹੈ।ਉਸ ਤੋਂ ਬਾਦ ਹੀ ਸਿੰਘ ਸਾਹਿਬਾਨ ਇਸ ਅਹਿਮ ਮਾਮਲੇ ਬਾਰੇ ਫੈਸਲਾ ਲੈ ਸਕਦੇ ਹਨ।

ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਅੱਜ ਸਿੱਖ ਵਿਦਵਾਨਾਂ ਅਤੇ ਬੁਧੀਜੀਵੀਆਂ ਦੀ ਹੋਈ ਮੀਟਿੰਗ ਲਈ ਪਿਛਲੇ ਕਈ ਦਿਨ ਤੋਂ ਰਾਜਸੀ , ਧਾਰਮਿਕ ਅਤੇ ਮੀਡੀਆ ਦੇ ਹਲਕਿਆਂ ਅੰਦਰ ਬਹਿਸ ਚੱਲ ਰਹੀ ਸੀ। ਅਕਾਲੀ ਦਲ ਦੇ ਕਈ ਆਗੂਆਂ ਨੇ ਇਸ ਮੀਟਿੰਗ ਬਾਰੇ ਵੀ ਸਵਾਲ ਕੀਤੇ ।ਇਹ ਬਹਿਸ ਸੁਭਾਵਿਕ ਵੀ ਹੈ ਕਿਉਂ ਜੋ ਮੁੱਖ ਮੁੱਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬਾਰੇ ਫੈਸਲਾ ਲੈਣ ਦਾ ਹੈ! ਅਕਾਲੀ ਦਲ ਦੇ ਹੀ ਕਈ ਸੀਨੀਅਰ ਆਗੂਆਂ ਨੇ ਸਿੰਘ ਸਾਹਿਬਾਨ ਕੋਲ ਅਕਾਲੀ ਦਲ ਦੇ ਪ੍ਰਧਾਨ ਵਿਰੁੱਧ ਕਈ ਦੋਸ਼ ਲਾਏ ਸਨ ਅਤੇ ਕਾਰਵਾਈ ਦੀ ਮੰਗ ਕੀਤੀ ਸੀ। ਸਿੰਘ ਸਾਹਿਬਾਨ ਨੇ ਮੀਟਿੰਗ ਕਰਕੇ ਸੁਖਬੀਰ ਬਾਦਲ ਦੇ ਮਾਮਲੇ ਵਿਚ ਵਿਚਾਰ ਕਰਨ ਬਾਦ ਉਸ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਸੀ ਪਰ ਅਜੇ ਤਕ ਸਜਾ ਨਹੀਂ ਸੁਣਾਈ ਗਈ ਸੀ। ਜਿਹੜੇ ਮਾਮਲੇ ਬਾਗੀ ਅਕਾਲੀ ਆਗੂਆਂ ਨੇ ਪੇਸ਼ ਕੀਤੇ ਹਨ, ਉਨਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਡੇਰਾ ਸਿਰਸਾ ਮੁਖੀ ਦੀ ਮਾਫੀ ਵਰਗੇ ਸੰਵੇਦਨਸ਼ੀਲ ਮਾਮਲੇ ਹਨ। ਇਹ ਮਾਮਲੇ ਅਕਾਲੀ ਸਰਕਾਰ ਅਤੇ ਪਾਰਟੀ ਦੀ ਲੀਡਰਸ਼ਿਪ ਨਾਲ ਜੁੜੇ ਹੋਏ ਹਨ। ਅਜਿਹਾ ਵੀ ਨਹੀਂ ਹੈ ਕਿ ਮਾਮਲਾ ਸਿੱਧੇ ਤੌਰ ਤੇ ਅਕਾਲ ਤਖਤ ਸਾਹਿਬ ਉੱਪਰ ਆ ਗਿਆ ਸਗੋਂ ਪਾਰਟੀ ਹਾਈ ਕਮਾਂਡ ਵਿਚ ਵੀ ਅਕਾਲੀ ਦਲ ਦੇ ਹਾਸ਼ੀਆ ਉਪਰ ਚਲੇ ਜਾਣ ਦਾ ਮਾਮਲਾ ਉਠਿਆ । ਕਈ ਪਾਰਟੀ ਆਗੂਆਂ ਨੇ ਸੁਖਬੀਰ ਬਾਦਲ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਪਾਸੇ ਹੋ ਜਾਣ ਦੀ ਸਲਾਹ ਦਿਤੀ। ਅਕਾਲੀ ਵਰਕਰਾਂ ਦੀ ਰਾਇ ਲੈਣ ਲਈ ਝੂੰਦਾ ਕਮੇਟੀ ਬਣੀ । ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਬਾਰੇ ਵੀ ਪਾਰਟੀ ਅੰਦਰ ਸਹਿਮਤੀ ਨਾ ਬਣੀ । ਇਸ ਤਰਾਂ ਇਸ ਸਥਿਤੀ ਵਿਚ ਮਾਮਲਾ ਸਿੰਘ ਸਾਹਿਬਾਨ ਕੋਲ ਪੁੱਜਾ ਹੋਇਆ ਹੈ।

ਹਾਲਾਂ ਕਿ ਵਿਰਸਾ ਸਿੰਘ ਵਲਟੋਹਾ ਇਸ ਕਲੇਸ਼ ਦੇ ਚਲਦਿਆਂ ਹੀ ਸਿੰਘ ਸਾਹਿਬਾਨ ਦੇ ਆਦੇਸ਼ ਬਾਦ ਅਕਾਲੀ ਦਲ ਤੋੰ ਦਸ ਸਾਲ ਲਈ ਬਾਹਰ ਹੋ ਗਏ ਹਨ। ਅਕਾਲੀ ਦਲ ਅੰਦਰ ਇਸ ਮਾਮਲੇ ਨੂੰ ਲ਼ੈ ਕੇ ਤਕੜੀ ਬੇਚੈਨੀ ਹੈ ਕਿ ਪਾਰਟੀ ਪ੍ਰਧਾਨ ਤਨਖਾਹੀਆ ਹੋਣ ਕਾਰਨ ਰਾਜਸੀ ਸਰਗਰਮੀਆਂ ਤੋਂ ਪਾਸੇ ਹਨ। ਇਸ ਦੀ ਵੱਡੀ ਮਿਸਾਲ ਹੈ ਕਿ ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਅਕਾਲੀ ਦਲ ਨਹੀਂ ਲੜ ਰਿਹਾ ਕਿਉਂ ਜੋ ਪਾਰਟੀ ਪ੍ਰਧਾਨ ਤਨਖਾਹੀਆ ਹੈ। ਅਕਾਲੀ ਦਲ ਦੇ ਵਫਦ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਕੇ ਸੁਖਬੀਰ ਬਾਦਲ ਨੂੰ ਤਨਖਾਹੀਆ ਹੋਣ ਕਾਰਨ ਮੁਸ਼ਕਲਾਂ ਦਾ ਜਿਕਰ ਕੀਤਾ ਪਰ ਸਿੰਘ ਸਾਹਿਬਾਨ ਨੇ ਦਿਵਾਲੀ ਬਾਦ ਮਾਮਲਾ ਨਿਬੇੜਨ ਦੀ ਗੱਲ ਕੀਤੀ ਸੀ ਅਤੇ ਹੁਣ ਅੱਜ ਦੀ ਮੀਟਿੰਗ ਉਸ ਤੈਅ ਪ੍ਰੋਗਰਾਮ ਅਨੁਸਾਰ ਹੀ ਹੋਈ ਹੈ।

ਇਸ ਮੌਕੇ ਉਪਰ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਪਸ਼ਟ ਕੀਤਾ ਕਿ ਅਕਾਲੀ ਦਲ ਅਕਾਲ਼ ਤਖਤ ਸਾਹਿਬ ਦੀ ਅਗਵਾਈ ਹੇਠ ਸਦਾ ਮਜਬੂਤ ਰਹੇਗਾ ਕਿਉਂ ਜੋ ਇਹ ਮਾਮਲਾ ਕੇਵਲ ਸੁਖਬੀਰ ਬਾਦਲ ਬਾਰੇ ਹੈ ਪਰ ਸਮੁੱਚੇ ਅਕਾਲੀ ਦਲ ਦਾ ਮਾਮਲਾ ਨਹੀਂ ਹੈ।

ਹੁਣ ਅੱਜ ਦੀ ਮੀਟਿੰਗ ਬਾਦ ਸਿੰਘ ਸਾਹਿਬਾਨ ਦੇ ਸੰਭਾਵੀ ਫੈਸਲੇ ਉਪਰ ਨਜਰਾਂ ਟਿਕੀਆਂ ਹੋਈਆਂ ਹਨ।

ਸੰਪਰਕਃ 9814002186

Share This Article
Leave a Comment