ਪਾਕਿਸਤਾਨ ‘ਚ ਵੱਡਾ ਅੱਤਵਾਦੀ ਹਮਲਾ, 21 ਮੌਤਾਂ ਦੀ ਖਬਰ

Global Team
2 Min Read

ਇਸਲਾਮਾਬਾਦ: ਪਾਕਿਸਤਾਨ ਲਈ ਸ਼ਨੀਵਾਰ ਦਾ ਦਿਨ ਕਾਫੀ ਖੂਨੀ ਸਾਬਤ ਹੋਇਆ। ਉੱਤਰੀ-ਪੱਛਮੀ ਹਿੱਸੇ ‘ਚ ਇੱਕ ਪੁਲਿਸ ਚੌਕੀ ‘ਤੇ ਹਮਲਾ ਹੋਇਆ, ਜਿਸ ‘ਚ 21 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਤੇ ਕਈ ਹੋਰ ਜਖਮੀ ਹੋਏ।

ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਪਹਿਲਾਂ ਕਾਰ ‘ਚ ਧਮਾਕਾ ਕਰਕੇ ਚੌਕੀ ਨੂੰ ਨਿਸ਼ਾਨਾ ਬਣਾਇਆ, ਫਿਰ ਤੁਰੰਤ ਗੋਲੀਬਾਰੀ ਕਰ ਦਿੱਤੀ। ਇਸ ਕਾਰਨ ਪੁਲਿਸ ਨੂੰ ਸੰਭਲਣ ਜਾਂ ਜਵਾਬ ਦੇਣ ਦਾ ਵਕਤ ਨਹੀਂ ਮਿਲਿਆ। ਹਮਲੇ ਤੋਂ ਬਾਅਦ ਹਮਲਾਵਰ ਪੁਲਿਸ ਦੇ ਹਥਿਆਰ ਲੈ ਕੇ ਮੌਕੇ ਤੋਂ ਭੱਜ ਗਏ।

ਇਸ ਹਮਲੇ ਦੀ ਜ਼ਿੰਮੇਵਾਰੀ ‘ਇੱਤੇਹਾਦ-ਉਲ-ਮੁਜਾਹਿਦੀਨ ਪਾਕਿਸਤਾਨ’ ਨਾਮ ਦੇ ਹਥਿਆਰਬੰਦ ਗਠਜੋੜ ਨੇ ਲਈ ਹੈ। ਇਹ ਹਮਲਾ ਖੈਬਰ ਪਖਤੂਨਖਵਾ ਦੇ ਬੰਨੂ ਜ਼ਿਲ੍ਹੇ ‘ਚ ਸ਼ਨੀਵਾਰ ਦੇਰ ਰਾਤ ਹੋਇਆ। ਬੰਨੂ ਅਫਗਾਨਿਸਤਾਨ ਦੀ ਸਰਹੱਦ ਦੇ ਨੇੜੇ ਹੈ, ਇਸ ਲਈ ਖਦਸ਼ਾ ਹੈ ਕਿ ਹਮਲਾਵਰ ਹਮਲੇ ਤੋਂ ਬਾਅਦ ਸਰਹੱਦ ਪਾਰ ਭੱਜ ਗਏ ਹੋਣਗੇ। ਇਹ ਇਲਾਕਾ ਪਹਿਲਾਂ ਤੋਂ ਹੀ ਅਜਿਹੀਆਂ ਘਟਨਾਵਾਂ ਲਈ ਜਾਣਿਆ ਜਾਂਦਾ ਹੈ।

ਪੁਲਿਸ ਅਧਿਕਾਰੀ ਜਾਹਿਦ ਖਾਨ ਨੇ ਦੱਸਿਆ ਕਿ ਇੱਕ ਆਤਮਘਾਤੀ ਹਮਲਾਵਰ ਨੇ ਬਾਰੂਦ ਨਾਲ ਭਰੀ ਗੱਡੀ ਨਾਲ ਸੁਰੱਖਿਆ ਚੌਕੀ ਨੇੜੇ ਧਮਾਕਾ ਕੀਤਾ, ਜਿਸ ਤੋਂ ਬਾਅਦ ਹੋਰ ਵੀ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਚੌਕੀ ਪੂਰੀ ਤਰ੍ਹਾਂ ਢਹਿ ਗਈ।

ਹਮਲੇ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ ‘ਚ ਚੌਕੀ ਮਲਬੇ ‘ਚ ਤਬਦੀਲ ਦਿਖੀ, ਜਿੱਥੇ ਇੱਟਾਂ, ਸੜੀਆਂ ਚੀਜ਼ਾਂ ਤੇ ਵਾਹਨਾਂ ਦੇ ਟੁਕੜੇ ਹਰ ਪਾਸੇ ਫੈਲੇ ਹੋਏ ਸਨ।

ਰਿਪੋਰਟਾਂ ਮੁਤਾਬਕ ਹਮਲਾਵਰਾਂ ਨੇ ਡਰੋਨ ਦੀ ਵੀ ਵਰਤੋਂ ਕੀਤੀ। ਧਮਾਕਿਆਂ ਨਾਲ ਨੇੜਲੇ ਰਿਹਾਇਸ਼ੀ ਇਲਾਕਿਆਂ ਨੂੰ ਵੀ ਨੁਕਸਾਨ ਹੋਇਆ ਅਤੇ ਦੋ ਆਮ ਨਾਗਰਿਕ ਜਖਮੀ ਹੋਏ। ਘਟਨਾ ਤੋਂ ਬਾਅਦ ਰਾਹਤ ਟੀਮਾਂ ਅਤੇ ਐਂਬੂਲੈਂਸਾਂ ਨੂੰ ਮੌਕੇ ‘ਤੇ ਭੇਜਿਆ ਗਿਆ। ਅਧਿਕਾਰੀਆਂ ਨੇ ਬੰਨੂ ਦੇ ਸਰਕਾਰੀ ਹਸਪਤਾਲਾਂ ‘ਚ ਐਮਰਜੈਂਸੀ ਲਾਗੂ ਕਰ ਦਿੱਤੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment