ਵੀਅਤਨਾਮ ‘ਚ ਤੂਫਾਨ ਦਾ ਕਹਿਰ, ਪੁਲ ਸਣੇ ਨਦੀ ‘ਚ ਦਰਜਨਾਂ ਵਾਹਨ ਡਿੱਗਣ ਦੀ ਭਿਆਨਕ ਵੀਡੀਓ ਆਈ ਸਾਹਮਣੇ

Global Team
2 Min Read

ਨਿਊਜ਼ ਡੈਸਕ: ਵੀਅਤਨਾਮ ‘ਚ ਤੂਫਾਨ ‘ਯਾਗੀ’ ਨੇ ਭਾਰੀ ਤਬਾਹੀ ਮਚਾਈ ਹੈ। ਵੀਅਤਨਾਮ ਦੇ ਕਈ ਹਿੱਸਿਆਂ ‘ਚ ਭਿਆਨਕ ਹੜ੍ਹ ਤੋਂ ਬਾਅਦ ਮੰਗਲਵਾਰ ਨੂੰ ਹਜ਼ਾਰਾਂ ਲੋਕ ਛੱਤਾਂ ‘ਤੇ ਫਸੇ ਰਹੇ ਅਤੇ ਸੋਸ਼ਲ ਮੀਡੀਆ ‘ਤੇ ਮਦਦ ਲਈ ਬੇਨਤੀ ਕਰਦੇ ਰਹੇ। ਇਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ 87 ਤੱਕ ਪਹੁੰਚ ਗਈ ਹੈ। 70 ਲੋਕ ਲਾਪਤਾ ਦੱਸੇ ਜਾ ਰਹੇ ਹਨ। ਸਥਾਨਕ ਲੋਕਾਂ ਮੁਤਾਬਕ ਤੂਫਾਨ ਨੇ ਇੰਨੀ ਭਾਰੀ ਬਾਰਿਸ਼ ਕੀਤੀ ਹੈ ਕਿ ਦਹਾਕਿਆਂ ‘ਚ ਪਹਿਲੀ ਵਾਰ ਹੜ੍ਹ ਆਇਆ ਹੈ।

ਉੱਥੇ ਹੀ ਉੱਤਰੀ ਵੀਅਤਨਾਮ ਵਿੱਚ ਤੂਫ਼ਾਨ ਕਾਰਨ ਇੱਕ ਪੁਲ ਢਹਿ ਗਿਆ। ਸਥਾਨਕ ਮੀਡੀਆ ਨੇ ਦੱਸਿਆ ਕਿ 375 ਮੀਟਰ ਲੰਬੇ ਫੋਂਗ ਚਾਉ ਪੁਲ ਦੇ ਡਿੱਗਣ ਤੋਂ ਬਾਅਦ ਮੋਟਰਸਾਈਕਲਾਂ ਅਤੇ ਕਾਰਾਂ ਸਣੇ ਘੱਟੋ-ਘੱਟ 10 ਵਾਹਨ ਲਾਲ ਨਦੀ ਵਿੱਚ ਡਿੱਗ ਗਏ। ਪੁਲ ਦੇ ਡਿੱਗਣ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਕਿੰਝ ਪੁਲ ਇੱਕ ਝਟਕੇ ‘ਚ ਡਿੱਗਿਆ। ਵੀਡੀਓ ‘ਚ ਇੱਕ ਟਰੱਕ ਨੂੰ ਹੇਠਾਂ ਡਿੱਗਦੇ ਦੇਖਿਆ ਜਾ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ 13 ਲੋਕ ਲਾਪਤਾ ਹਨ। ਬਚਾਅ ਕਾਰਜ ਜਾਰੀ ਹਨ, ਪੁਲ ਦਾ ਇੱਕ ਹਿੱਸਾ ਸੁਰੱਖਿਅਤ ਨਜ਼ਰ ਆ ਰਿਹਾ ਹੈ।

ਪੁਲ ਡਿੱਗਣ ਦੀ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਤੂਫਾਨ ਯਾਗੀ ਵੀਅਤਨਾਮ ਵਿੱਚ ਤਬਾਹੀ ਮਚਾ ਰਿਹਾ ਹੈ। ਇਹ ਦਹਾਕਿਆਂ ਵਿੱਚ ਇਸ ਖੇਤਰ ਵਿੱਚ ਆਉਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ। ਸ਼ਨੀਵਾਰ ਨੂੰ ਆਏ ਤੂਫਾਨ ਨੇ ਘੱਟੋ-ਘੱਟ 64 ਲੋਕਾਂ ਦੀ ਜਾਨ ਲੈ ਲਈ ਹੈ, ਜਦਕਿ ਗੰਭੀਰ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਉੱਤਰੀ ਸੂਬਿਆਂ ‘ਚ ਵਿਆਪਕ ਤਬਾਹੀ ਹੋਈ ਹੈ। ਪੁਲ ਦੇ ਢਹਿ ਜਾਣ ਤੋਂ ਇਲਾਵਾ, ਕਾਓ ਬੈਂਗ ਸੂਬੇ ਵਿਚ ਜ਼ਮੀਨ ਖਿਸਕਣ ਕਾਰਨ 20 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਯਾਤਰੀ ਬੱਸ ਨਦੀ ਵਿਚ ਰੁੜ ਗਈ। ਭਾਰੀ ਮੀਂਹ ਕਾਰਨ ਬਚਾਅ ਦਲ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

Share this Article
Leave a comment