ਭਾਰਤ ‘ਚੋਂ ਪ੍ਰਵਾਸ ਦਾ ਖਤਰਨਾਕ ਰੁਝਾਨ

TeamGlobalPunjab
5 Min Read

ਜਗਤਾਰ ਸਿੰਘ ਸਿੱਧੂ (ਸੀਨੀਅਰ ਪੱਤਰਕਾਰ)

ਚੰਡੀਗੜ੍ਹ : ਯੂਐਨ ਕੌਮਾਂਤਰੀ ਸੰਸਥਾ ਦੀ ਰਿਪੋਰਟ ਨੇ ਕਿਹਾ ਹੈ ਕਿ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿੱਚ ਜਾ ਕੇ ਰਹਿਣ ਵਾਲੇ ਲੋਕਾਂ ਵਿੱਚੋਂ ਭਾਰਤ ਪਹਿਲੇ ਸਥਾਨ ‘ਤੇ ਆਉਂਦਾ ਹੈ। ਯੂਐਨ ਦੀ 2019 ਦੀ ਰਿਪੋਰਟ ਅਨੁਸਾਰ 1.75 ਕਰੋੜ ਭਾਰਤੀ ਵਿਦੇਸ਼ ਵਿਚ  ਰਹਿ ਰਹੇ ਹਨ। ਸੁਭਾਵਿਕ ਹੈ ਕਿ ਇਨ੍ਹਾਂ ਵਿੱਚ ਪੰਜਾਬੀ ਵੀ ਵੱਡੀ ਗਿਣਤੀ ਵਿੱਚ ਹੋਣਗੇ। ਦੇਸ਼ਾਂ ਦੀ ਗਿਣਤੀ ਵਿੱਚ ਮੈਕਸੀਕੋ ਦੂਜੇ ਸਥਾਨ ‘ਤੇ ਆਉਂਦਾ ਹੈ ਅਤੇ ਚੀਨ ਤੀਜੇ ਸਥਾਨ ‘ਤੇ ਆਉਂਦਾ ਹੈ। ਦੁਨੀਆਂ ਦੇ ਇਤਿਹਾਸ ‘ਤੇ ਨਜ਼ਰ ਮਾਰੀ ਜਾਵੇ ਤਾਂ ਸਦੀਆਂ ਤੋਂ ਲੋਕ ਰੁਜ਼ਗਾਰ ਦੀ ਭਾਲ ਵਿੱਚ ਇੱਕ ਥਾਂ ਤੋਂ ਦੂਜੀ ਥਾਂ ‘ਤੇ ਜਾਂਦੇ ਰਹੇ ਹਨ। ਬੇਹਤਰ ਜਿੰਦਗੀ ਲਈ ਚੰਗੀ ਥਾਂ ਦੀ ਚੋਣ ਕਰਨਾ ਕੋਈ ਮਾੜੀ ਗੱਲ ਨਹੀਂ ਹੈ। ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਜਦੋਂ ਇਹ ਦਾਅਵਾ ਕਰ ਰਹੇ ਹਨ ਕਿ ਭਾਰਤ ਦੁਨੀਆਂ ਦਾ ਸ਼ਕਤੀਸ਼ਾਲੀ ਮੁਲਕ ਬਨਣ ਜਾ ਰਿਹਾ ਹੈ ਤਾਂ ਇਸ ਮੁਲਕ ਦੇ ਲੋਕ ਰੁਜ਼ਗਾਰ ਅਤੇ ਬੇਹਤਰ ਜ਼ਿੰਦਗੀ ਜਿਉਣ ਲਈ ਦੂਜੇ ਮੁਲਕਾਂ ਨੂੰ ਕਿਉਂ ਦੌੜ ਰਹੇ ਹਨ? ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਇੱਕ ਯੁਵਾ ਸ਼ਕਤੀ ਵਜੋਂ ਦੁਨੀਆਂ ਦਾ ਸ਼ਕਤੀਸ਼ਾਲੀ ਮੁਲਕ ਹੈ ਇਸ ਯੁਵਾ ਸ਼ਕਤੀ ਨੂੰ ਭਾਰਤ ਆਪਣੀ ਬੁੱਕਲ ਵਿੱਚ ਕਿਉਂ ਨਹੀਂ ਸਾਂਭ ਸਕਦਾ? ਹਰ ਸਾਲ ਵੱਡੀ ਗਿਣਤੀ ਵਿੱਚ ਨੌਜਵਾਨ ਰੁਜ਼ਗਾਰ ਦੀ ਭਾਲ ਲਈ ਦੇਸ਼ ਛੱਡਕੇ ਦੂਜੇ ਮੁਲਕਾਂ ਵਿੱਚ ਕਿਉਂ ਜਾ ਰਹੇ ਹਨ। ਜਿਸ ਦੇਸ਼ ਦੇ ਨੌਜਵਾਨਾਂ ਵਿੱਚ ਵਿਦੇਸ਼ਾਂ ਨੂੰ ਜਾਣ ਦੀ ਦੌੜ ਲੱਗੀ ਹੋਵੇ ਉਸ ਦੇਸ਼ ਦੇ ਸੁਨਹਿਰੇ ਭਵਿੱਖ ‘ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਆਉਣ ਵਾਲੇ ਦਿਨਾਂ ਅੰਦਰ ਇਹ ਰੁਝਾਨ ਮੰਦੀ ਦੀ ਹਾਲਤ ਵਿੱਚ ਹੋਰ ਵੀ ਵਧੇਗਾ ਕਿਉਂ ਜੋ ਬਹੁਤ ਸਾਰੀਆਂ ਵੱਡੀਆਂ ਸੱਨਅਤਾਂ ਵਿੱਚ ਉਤਪਾਦਨ ਘਟ ਗਿਆ ਹੈ ਅਤੇ ਛਾਂਟੀ ਦਾ ਦੌਰ ਸ਼ੁਰੂ ਹੋ ਗਿਆ ਹੈ।

ਦੇਸ਼ ਦੀ ਵਿਕਾਸ ਦਰ ਪਿਛਲੇ ਸਾਲ ਦੇ ਮੁਕਾਬਲੇ ਹੇਠਾਂ ਚਲੀ ਗਈ ਹੈ। ਦੇਸ਼ ਦੇ ਵੱਡੇ ਸਨਅਤੀ ਖੇਤਰ ਇਸ ਨਾਲ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿੱਚ ਸਟੀਲ, ਸੀਮਿੰਟ, ਕੋਲਾ, ਖਾਦਾਂ, ਟੈਕਸਾਸ, ਟੈਕਸਟਾਈਲ ਅਤੇ ਆਟੋ ਸੈਕਟਰ ਆਉਂਦੇ ਹਨ। ਵੱਡਾ ਫੋਨ ਆਈਡੀਆ ਇਲੈਕਟ੍ਰੋਨਿਕਸ (ਟੀਵੀ) ਨੇ ਮੰਗ ਨੂੰ ਦੇਖਦੇ ਹੋਏ ਉਤਪਾਦਨ ਘਟਾ ਦਿੱਤਾ ਹੈ। ਇਸ ਦਾ ਸਿੱਧਾ ਅਸਰ ਆਉਣ ਵਾਲੇ ਦਿਨਾਂ ਵਿੱਚ ਦੀਵਾਲੀ ਅਤੇ ਹੋਰ ਤਿਉਹਾਰਾਂ ‘ਤੇ ਵੀ ਨਜ਼ਰ ਆਏਗਾ। ਅਜਿਹੀ ਹਾਲਤ ਵਿੱਚ ਯੂਐਨ ਦੀ ਰਿਪੋਰਟ ਦੇ ਅੰਕੜੇ ਅਗਲੇ ਸਾਲ ਵਿੱਚ ਹੋਰ ਵੀ ਵੱਡੇ ਨਜ਼ਰ ਆਉਣਗੇ। ਖੇਤੀਬਾੜੀ ਖੇਤਰ ਵਿੱਚ ਬੁਰੀ ਤਰ੍ਹਾਂ ਖੜੌਤ ਆ ਚੁਕੀ ਹੈ ਅਤੇ ਕਿਸਾਨੀ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਪੇਂਡੂ ਖੇਤਰ ਦੇ ਬੱਚਿਆਂ ਕੋਲ ਵਿਦੇਸ਼ ਜਾਣ ਦਾ ਹੀ ਸੁਪਨਾ ਬਚਦਾ ਹੈ। ਇਹ ਅੰਦਾਜਾ ਤਾਂ ਭਲੀਭਾਂਤ ਲਾਇਆ ਜਾ ਸਕਦਾ ਹੈ ਕਿ ਸੀਮਤ ਸਾਧਨਾਂ ਨਾਲ ਕਿੰਨੇ ਪੇਂਡੂ ਬੱਚੇ ਰੁਜ਼ਗਾਰ ਦੀ ਭਾਲ ਲਈ ਵਿਦੇਸ਼ਾਂ ਵਿੱਚ ਜਾ ਸਕਦੇ ਹਨ। ਜੇਕਰ ਲੋਕਾਂ ਕੋਲ ਜਾਣ ਦੇ ਸਾਧਨ ਹੋਣ ਤਾਂ ਵਿਦੇਸ਼ ਜਾ ਕੇ ਰਹਿਣ ਵਾਲੇ ਭਾਰਤੀਆਂ ਦੀ ਗਿਣਤੀ ਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਆਖਿਰ ਕਿਸੇ ਅਮੀਰ ਜਾਂ ਸਹੂਲਤਾਂ ਵਾਲੇ ਦੇਸ਼ ਦੇ ਲੋਕ ਕਰੋੜਾਂ ਦੀ ਗਿਣਤੀ ਵਿੱਚ ਕਿਉਂ ਬਾਹਰ ਜਾਣਗੇ? ਸੋ ਇਸ ਰੁਝਾਨ ਨਾਲ ਭਾਰਤ ਦੀ ਸਥਿਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

ਪ੍ਰਵਾਸ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਥਿਤੀ ਦਾ ਵਿਸ਼ੇਸ ਜ਼ਿਕਰ ਕਰਨਾ ਬਣਦਾ ਹੈ। ਅਕਾਲੀ-ਭਾਜਪਾ ਸਰਕਾਰ ਲਗਾਤਾਰ 10 ਸਾਲ ਸੱਤਾ ਵਿੱਚ ਰਹੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ। ਇਹ ਰਾਜਸੀ ਧਿਰਾਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਚੋਣਾਂ ਵੇਲੇ ਵੱਡੇ ਵਾਅਦੇ ਕਰਦੀਆਂ ਰਹੀਆਂ ਹਨ। ਪੰਜਾਬੀਆਂ ਨੇ ਬਾਦਲਾਂ ਦੀ ਧਿਰ ਨੂੰ ਤਾਂ ਪਿਛਲੀ ਵਿਧਾਨ ਸਭਾ ਚੋਣ ‘ਚ ਰੱਦ ਕਰ ਦਿੱਤਾ ਸੀ। ਹੁਣ ਢਾਈ ਸਾਲ ਵਿੱਚ ਕੈਪਟਨ ਸਰਕਾਰ ਰੁਜ਼ਗਾਰ ਮੇਲਿਆਂ ਦਾ ਡਰਾਮਾਂ ਕਰਨ ਤੋਂ ਵੱਧ ਕੁਝ ਨਹੀਂ ਕਰ ਸਕੀ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਵੱਡੀ ਮਾਰ ਪੈ ਰਹੀ ਹੈ। ਇਸ ਲਈ ਪੰਜਾਬੀ ਮਾਪੇ ਵੀ ਆਪਣੇ ਬੱਚਿਆਂ ਨੂੰ ਹਰ ਢੰਗ ਨਾਲ ਵਿਦੇਸ਼ ਭੇਜਣ ਦੀ ਦੌੜ ਵਿੱਚ ਲੱਗੇ ਹੋਏ ਹਨ। ਪੰਜਾਬ ਦਾ ਸਰਮਾਇਆ ਅਤੇ ਜੁਆਨੀ ਦੋਹੀਂ ਹੱਥੀਂ ਲੁੱਟੀ ਜਾ ਰਹੀ ਹੈ। ਪੰਜਾਬ ਦੀ ਬੇਸ਼ਰਮ ਰਾਜਸੀ ਧਿਰ ‘ਤੇ ਇਸ ਦਾ ਕੋਈ ਅਸਰ ਨਹੀਂ। ਪੰਜਾਬ ਦੇ ਸੁੰਨਸਾਨ ਵੇਹੜੇ ਹੀ ਸਰਕਾਰਾਂ ਦੀਆਂ ਨਲਾਇਕੀਆਂ ਨੂੰ ਲਾਹਨਤਾਂ ਪਾਉਂਣਗੇ।

Share this Article
Leave a comment