ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਮੋਦੀ ਨੂੰ ਨਸੀਹਤ

TeamGlobalPunjab
3 Min Read

ਮਹਿਤਾ ਚੌਕ: ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਨੇ ਕਿਸਾਨ ਸੰਘਰਸ਼ ਦੀ ਪੂਰਨ ਹਮਾਇਤ ਕਰਦਿਆਂ ਸਖ਼ਤ ਲਹਿਜ਼ੇ ‘ਚ ਮੋਦੀ ਸਰਕਾਰ ਨੂੰ ਖੇਤੀ ਬਾਰੇ ਕਾਲੇ ਕਾਨੂੰਨ ਤੁਰੰਤ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅੰਨ ਉਗਾਉਣ ਵਾਲੇ ਕਿਸਾਨਾਂ ਦਾ ਜੀਵਨ ਤੇ ਕਿਰਦਾਰ ਤਪੱਸਵੀ ਅਤੇ ਸਾਧਾਂ ਵਾਲਾ ਹੁੰਦਾ ਹੈ, ਜੇ ਉਹ ਆਪਣੀ ਆਈ ‘ਤੇ ਆ ਜਾਣ ਤਾਂ ਤਖ਼ਤ ਰਹੇਗਾ ਨਾ ਤਾਜ ਰਹਿਣਾ ਹੈ।

ਪ੍ਰੋ: ਸਰਚਾਂਦ ਸਿੰਘ ਵੱਲੋਂ ਦਿਤੀ ਜਾਣਕਾਰੀ ‘ਚ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਸਾਨੀ ਦੀ ਦੁਰਦਸ਼ਾ ਲਈ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਲੇ ਕਾਨੂੰਨ ਰੱਦ ਕਰਦਿਆਂ ਕਿਸਾਨੀ ਦੀ ਅਸੀਸ ਲਵੇ, ਅੰਨਦਾਤਾ ਨੂੰ ਦੁਖੀ ਕਰਨ ‘ਤੇ ਮਿਲਣ ਵਾਲੇ ਬਦ ਅਸੀਸ ਨਾਲ ਤਖ਼ਤ ਤੇ ਤਾਜ ਨਾਸ਼ ਹੋ ਜਾਇਆ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਪ੍ਰਤੀ ਵਿਸ਼ਵ ਲੀਡਰਸ਼ਿਪ ਤੇ ਆਮ ਜਨਤਾ ਚਿੰਤਤ ਹੈ ਪਰ ਮੋਦੀ ਸਰਕਾਰ ਮਸਲੇ ਨੂੰ ਹੱਲ ਕਰਨ ਪ੍ਰਤੀ ਹਾਲੇ ਵੀ ਟੱਸ ਤੋਂ ਮੱਸ ਨਹੀਂ ਹੋ ਰਹੀ। ਉਨ੍ਹਾਂ ਠੰਢ ਦੇ ਮੌਸਮ ਤੇ ਕੋਰੋਨਾ ਤੋਂ ਬੇਪਰਵਾਹ ਹੋ ਕੇ ਅੰਦੋਲਨ ਚਲਾ ਰਹੇ ਕਿਸਾਨਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਕਿਸਾਨ ਮੋਰਚਾ ਹੁਣ ਮਹਿਜ਼ ਕਿਸਾਨੀ ਮੋਰਚਾ ਨਹੀਂ ਰਿਹਾ, ਇਹ ਰਾਜਨੀਤਕ ਅਤੇ ਆਰਥਿਕ ਸੰਕਟ ਖ਼ਿਲਾਫ਼ ਪ੍ਰਦਰਸ਼ਨ ਦੇ ਨਾਲ ਨਾਲ ਅਵਾਮ ਦੀ ਸਮੂਹਿਕ ਚੇਤਨਾ ਅਤੇ ਚੜ੍ਹਦੀਕਲਾ ਦਾ ਪ੍ਰਤੀਕ ਬਣ ਚੁੱਕਿਆ ਹੈ।

ਜਿਸ ਨਾਲ ਪੰਜਾਬ ਦਾ ਭਵਿੱਖ ਜ਼ਰੂਰ ਉੱਜਲ ਹੋਵੇਗਾ ਅਤੇ ਇਤਿਹਾਸ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਨਵੇਂ ਕਾਨੂੰਨ ਕਿਸਾਨਾਂ ਨੂੰ ਕਿਸੇ ਤਰ੍ਹਾਂ ਵੀ ਰਾਸ ਨਹੀਂ ਆਇਆ। ਕਿਸਾਨੀ ਨੂੰ ਵੱਡੇ-ਵੱਡੇ ਵਪਾਰੀ ਅਤੇ ਕੰਪਨੀਆਂ ਵੱਲੋਂ ਉਨ੍ਹਾਂ ਦੀ ਜ਼ਮੀਨ ਨੂੰ ਨਿਗਲ ਜਾਣ ਅਤੇ ਆਪਣੇ ਹੀ ਛੋਟੇ-ਛੋਟੇ ਜ਼ਮੀਨ ਦੇ ਟੁਕੜਿਆਂ ‘ਤੇ ਪਰਾਏ ਹੋ ਕੇ ਰਹਿ ਜਾਣ ਦਾ ਖ਼ਦਸ਼ਾ ਜਾਇਜ਼ ਹੈ। ਉਨ੍ਹਾਂ ਕਿਹਾ ਕਿ ਖੇਤੀ ਬਾਰੇ ਕਾਲੇ ਕਾਨੂੰਨਾਂ ਸਬੰਧੀ ਪੰਜਾਬ ਤੋਂ ਉੱਠਿਆ ਕਿਸਾਨ ਅੰਦੋਲਨ ਦੇਸ਼-ਵਿਆਪੀ ਰੂਪ ਅਖ਼ਤਿਆਰ ਕਰ ਗਿਆ ਹੈ। ਕਿਸਾਨ ਅੰਦੋਲਨ ਨੂੰ ਸਮਾਜ ਦੇ ਸਾਰੇ ਵਰਗਾਂ ਵੱਲੋਂ ਮਿਲ ਰਿਹਾ ਹੁੰਗਾਰਾ ਬੇਮਿਸਾਲ ਹੈ . ਕੇਂਦਰ ਸਰਕਾਰ ਦੇ ਨਦਾਰਦ ਰਵੱਈਏ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਰੋਹ ਵਿਚ ਬਦਲ ਦਿੱਤਾ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਹਠਧਰਮੀ ਛੱਡ ਕੇ ਕਿਸਾਨਾਂ ਦੀਆਂ ਭਾਵਨਾਵਾਂ ਮੁਤਾਬਿਕ ਇਸ ਦਾ ਹੱਲ ਕੱਢਣ ਲਈ ਕਿਹਾ।

ਇਸੇ ਦੌਰਾਨ ਦਮਦਮੀ ਟਕਸਾਲ ਮੁਖੀ ਵਲੋਂ ਕਿਸਾਨ ਮੋਰਚੇ ਦੀ ਹਮਾਇਤ ‘ਚ ਜਥੇਦਾਰ ਸੁਖਦੇਵ ਸਿੰਘ, ਗਿਆਨੀ ਸਾਹਿਬ ਸਿੰਘ, ਭਾਈ ਰਵਿੰਦਰਪਾਲ ਸਿੰਘ ਰਾਜੂ, ਗਿਆਨੀ ਬਲਵਿੰਦਰ ਸਿੰਘ ਸੰਤ ਖ਼ਾਲਸਾ, ਭਾਈ ਜਗਤਾਰ ਸਿੰਘ ਰੋਡੇ ਅਤੇ ਭਾਈ ਕੁਲਦੀਪ ਸਿੰਘ ਰੋਡੇ ਦੀ ਅਗਵਾਈ ‘ਚ ਦਿਲੀ ਭੇਜਿਆ ਗਿਆ ਜਥਾ ਕਿਸਾਨਾਂ ਦਾ ਸਾਥ ਦੇ ਰਿਹਾ ਹੈ। ਜਿੱਥੇ ਦਮਦਮੀ ਟਕਸਾਲ ਦੇ ਮੁਖੀ ਦੀ ਤਰਫ਼ੋਂ ਜਥੇਦਾਰ ਸੁਖਦੇਵ ਸਿੰਘ ਨੇ ਦਿਲੀ ਕੁੰਡਲੀ ਬਾਡਰ ਮੋਰਚੇ ਦੀ ਸਟੇਜ ਤੋਂ ਅੰਦੋਲਨਕਾਰੀਆਂ ਨੂੰ ਸੰਬੋਧਨ ਕੀਤਾ। ਜਥੇ ਵੱਲੋਂ ਇੱਥੇ ਬਦਾਮਾਂ ਦਾ ਲੰਗਰ ਅਤੇ ਫ਼ਰੀ ਮੈਡੀਕਲ ਕੈਪ ਚਲਾਇਆ ਜਾ ਰਿਹਾ ਹੈ।

- Advertisement -

Share this Article
Leave a comment