ਬੇਮੌਸਮੀ ਬਰਸਾਤ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ: ਸੋਨੀ

TeamGlobalPunjab
5 Min Read

ਅੰਮ੍ਰਿਤਸਰ: ਉਪ ਮੁੱਖ ਮੰਤਰੀ ਓ ਪੀ ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਕੱਲ੍ਹ ਅਤੇ ਅੱਜ ਪਏ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ, ਸਰਕਾਰ ਉਸਦਾ ਯੋਗ ਮੁਆਵਜਾ ਦੇਵੇਗੀ। ਅੱਜ ਅੰਮ੍ਰਿਤਸਰ ਵਿਖੇ ਇਕ ਸਮਾਗਮ ਵਿੱਚ ਪ੍ਰੈਸ ਨਾਲ ਗੱਲਬਾਤ ਕਰਦੇ ਸੋਨੀ ਨੇ ਕਿਹਾ ਕਿ ਤਰਨਤਾਰਨ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਸਰਹੱਦ ਨਾਲ ਲੱਗਦੇ ਕਈ ਜ਼ਿਲ੍ਹਿਆਂ ਵਿੱਚ ਗੜ੍ਹਿਆਂ ਦੇ ਨਾਲ ਮੀਂਹ ਪਿਆ ਸੀ। ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ‘ਤੇ ਗੜਿਆਂ ਦੀ ਚਿੱਟੀ ਚਾਦਰ ਵਿਛ ਗਈ। ਖੇਤਾਂ ਵਿੱਚ ਪਾਣੀ ਭਰ ਗਿਆ। ਕਈ ਥਾਵਾਂ ‘ਤੇ ਖੜ੍ਹੀਆਂ ਫਸਲਾਂ ਡਿੱਗ ਪਈਆਂ ਹਨ।

ਉਨ੍ਹਾਂ ਕਿਹਾ ਕਿ ਮਾਝੇ ਵਿੱਚ ਝੋਨੇ ਦੇ ਨਾਲ-ਨਾਲ ਬਾਸਮਤੀ ਦੀ ਫਸਲ ਵੀ ਮੀਂਹ ਨੇ ਖਰਾਬ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਫਸਲਾਂ ਦੇ ਨੁਕਸਾਨ ਨੂੰ ਦੇਖਦੇ ਹੋਏ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਜੋ ਵੀ ਰਿਪੋਰਟ ਮਿਲੀ ਉਸ ਅਨੁਸਾਰ ਮੁਆਵਜਾ ਦਿੱਤਾ ਜਾਵੇਗਾ।

ਪਿੰਡ ਮੁੱਲ੍ਹੇਚੱਕ ਵਿਖੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸੋਨੀ ਨੇ ਕਿਹਾ ਕਿ ਇਸ ਪਿੰਡ ਵਿੱਚ 85 ਫੀਸਦੀ ਤੋਂ ਜਿਆਦਾ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਦੇ ਰਹਿੰਦੇ ਕਾਰਜ ਵੀ ਅਗਲੇ ਮਹੀਨੇ ਤੱਕ ਮੁਕੰਮਲ ਕਰ ਲਏ ਜਾਣਗੇ। ਸੋਨੀ ਨੇ ਪਿੰਡ ਮੁੱਲ੍ਹੇਚੱਕ ਦੀ ਪੰਚਾਇਤ ਨੂੰ 10 ਲੱਖ ਰੁਪਏ ਦਾ ਚੈਕ ਵਿਕਾਸ ਕਾਰਜਾਂ ਲਈ ਭੇਟ ਕੀਤਾ ਅਤੇ 10 ਲੱਖ ਰੁਪਏ ਹੋਰ ਦੇਣ ਦਾ ਐਲਾਨ ਵੀ ਕੀਤਾ। ਸੋਨੀ ਨੇ ਕਿਹਾ ਕਿ ਜਲਦੀ ਹੀ ਪਿੰਡ ਮੁੱਲ੍ਹੇਚੱਕ ਵਿੱਚ ਇਕ ਸਰਕਾਰੀ ਡਿਸਪੈਂਸਰੀ ਬਣਾਈ ਜਾਵੇਗੀ ਅਤੇ ਇਸਦੇ ਸਕੂਲ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ।

ਸੋਨੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਚੋਣਾਂ ਦੌਰਾਨ ਜੋ ਵੀ ਵਾਅਦੇ ਕੀਤੇ ਸਨ ਉਨਾਂ ਨੂੰ ਪੂਰਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਲੋੜਵੰਦਾਂ ਦੀ ਪੈਨਸ਼ਨ 750 ਰੁਪਏ ਤੋਂ ਵੱਧਾ ਕੇ 1500 ਰੁਪਏ ਅਤੇ ਸ਼ਗਨ ਸਕੀਮ ਦੀ ਰਾਸ਼ੀ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਰੁਪਏ ਕਰ ਦਿੱਤੀ ਹੈ।

- Advertisement -

ਉਨਾਂ ਕਿਹਾ ਕਿ ਸਰਕਾਰ ਨੇ ਸਾਰੇ ਵਰਗਾਂ ਦੇ 2 ਕਿਲੋਵਾਟ ਤੱਕ ਲੋਡ ਵਾਲੇ ਲੋਕਾਂ ਦੇ ਬਿੱਲ ਮਾਫ਼ ਕਰ ਦਿੱਤੇ ਹਨ ਅਤੇ ਜਿਨਾਂ ਦੇ ਕੁਨੈਕਸ਼ਨ ਕੱਟੇ ਗਏ ਸਨ ਉਨਾਂ ਨੂੰ ਵੀ ਸਰਕਾਰ ਵਲੋਂ ਆਪਣੇ ਖਰਚੇ ਤੇ ਲਗਾਇਆ ਜਾ ਰਿਹਾ ਹੈ। ਸੋਨੀ ਨੇ ਕਿਹਾ ਕਿ ਉਨਾਂ ਦੇ ਘਰ ਦੇ ਦਰਵਾਜੇ ਲੋਕਾਂ ਦੀ ਮਦਦ ਲਈ 24 ਘੰਟੇ ਖੁਲ੍ਹੇ ਹਨ ਅਤੇ ਜੇਕਰ ਕਿਸੇ ਨੂੰ ਕੋਈ ਵੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਉਨਾਂ ਨੂੰ ਕਿਸੇ ਵੇਲੇ ਵੀ ਮਿਲ ਸਕਦਾ ਹੈ। ਇਸ ਮੌਕੇ ਪਿੰਡ ਦੀ ਪੰਚਾਇਤ ਵਲੋਂ ਸ੍ਰੀ ਸੋਨੀ ਨੂੰ ਸਨਮਾਨਤ ਵੀ ਕੀਤਾ ਗਿਆ।

ਇਸ ਤੋਂ ਪਹਿਲਾਂ ਸੋਨੀ ਰਿਆਲਟੋ ਚੌਂਕ ਵਿਖੇ ਸਥਿਤ ਚਰਚ ਵਿਚ ਪਹੁੰਚੇ, ਜਿਥੇ ਉਨਾਂ ਨੇ ਸਰਬੱਤ ਤੇ ਭਲੇ ਲਈ ਪ੍ਰਾਰਥਨਾ ਕੀਤੀ ਅਤੇ ਚਰਚ ਨੂੰ 2.50 ਲੱਖ ਰੁਪਏ ਦਾ ਚੈਕ ਵੀ ਭੇਟ ਕੀਤਾ। ਇਸ ਮੌਕੇ ਸੋਨੀ ਨੇ ਕਿਹਾ ਕਿ ਇਨਾਂ ਵਲੋਂ ਬਾਰਡਰ ਏਰੀਆ ਵਿੱਚ ਸਕੂਲ ਖੋਲ੍ਹ ਕੇ ਲੋਕਾਂ ਨੂੰ ਬਹੁਤ ਹੀ ਘੱਟ ਰੇਟ ਤੇ ਗੁਣਵਤਾ ਭਰਪੂਰ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।

ਉਨਾਂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਇਹ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਉਨਾਂ ਕਿਹਾ ਕਿ ਉਹ ਉੱਪ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਇਸ ਚਰਚ ਵਿੱਚ ਪ੍ਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਆਏ ਹਨ। ਇਸ ਮੌਕੇ ਚਰਚ ਦੇ ਬਿਸ਼ਪ ਪ੍ਰਦੀਮ ਕੁਮਾਰ ਸਮੰਤਾ ਨੇ ਸ੍ਰੀ ਸੋਨੀ ਲਈ ਪ੍ਰਮਾਤਮਾ ਨੂੰ ਉਨਾਂ ਦੀ ਲੰਮੀ ਉਮਰ ਪ੍ਰਦਾਨ ਕਰਨ ਲਈ ਪ੍ਰਾਰਥਨਾ ਕੀਤੀ ਤਾਂ ਜੋ ਉਹ ਲੋਕਾਂ ਦੀ ਹੋਰ ਸੇਵਾ ਕਰ ਸਕਣ। ਇਸ ਮੌਕੇ ਚਰਚ ਵਲੋਂ ਸੋਨੀ ਨੂੰ ਸਨਮਾਨਤ ਵੀ ਕੀਤਾ ਗਿਆ।

ਇਸ ਮੌਕੇ ਸੋਨੀ ਨੇ ਕਿਹਾ ਕਿ ਕਾਂਗਰਸ ਧਰਮ ਨਿਰਪੇਖ ਪਾਰਟੀ ਹੈ ਅਤੇ ਸਾਡੀ ਪਾਰਟੀ ਸਾਰੇ ਧਰਮਾਂ ਦਾ ਪੂਰਨ ਸਤਿਕਾਰ ਕਰਦੀ ਹੈ। ਉਨਾਂ ਕਿਹਾ ਕਿ ਦੇਸ਼ ਤਾਂ ਹੀ ਤਰੱਕੀ ਕਰ ਸਕਦਾ ਹੈ ਜੇਕਰ ਸਾਰੇ ਧਰਮਾਂ ਦੇ ਲੋਕ ਮਿਲ ਕੇ ਇਸ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ। ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਨੀ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਡੇਂਗੂ ਨਾਲ ਨਿਪੱਟਣ ਲਈ ਪੂਰੇ ਇੰਤਜ਼ਾਮ ਕੀਤੇ ਗਏ ਹਨ। ਉਨਾਂ ਦੱਸਿਆ ਕਿ ਰਾਜ ਵਿੱਚ ਕਰੀਬ 11 ਹਜ਼ਾਰ ਡੇਂਗੂ ਦੇ ਕੇਸ ਪਾਏ ਗਏ ਹਨ। ਉਨਾਂ ਕਿਹਾ ਕਿ ਬੇਮੌਸਮੀ ਬਰਸਾਤਾਂ ਕਰਕੇ ਇਸ ਵਾਰ ਡੇਂਗੂ ਦੇ ਕੇਸਾਂ ਵਿੱਚ ਇਜ਼ਾਫਾ ਹੋ ਰਿਹਾ ਹੈ। ਪਰ ਜਿਸ ਤਰ੍ਹਾਂ ਅਸੀਂ ਕੋਰੋਨਾ ਦੀ ਲੜ੍ਹਾਈ ਵਿੱਚ ਜਿੱਤ ਪ੍ਰਾਪਤ ਕੀਤੀ ਹੈ, ਉਸੇ ਤਰ੍ਹਾਂ ਹੀ ਡੇਂਗੂ ਨੂੰ ਵੀ ਹਰਾਵਾਂਗੇ।

Share this Article
Leave a comment