ਜਗਤਾਰ ਸਿੰਘ ਸਿੱਧੂ;
ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੇ ਨਵੇਂ ਸੁਨੇਹੇ ਦੇ ਅਹਿਮ ਮਾਇਨੇ ਹਨ। ਡੱਲੇਵਾਲ ਦਾ ਦੂਜੇ ਪੱਤਰ ਵਿੱਚ ਵੀ ਕਹਿਣਾ ਹੈ ਕਿ ਫਸਲਾਂ ਦੀ ਖਰੀਦ ਲਈ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਜਾਂ ਉਸ ਦੇ ਮਰਨ ਵਰਤ ਦੇ ਸਿੱਟੇ ਦਾ ਸਾਹਮਣਾ ਕੀਤਾ ਜਾਵੇ। ਕੇਂਦਰ ਸੰਸਦੀ ਕਮੇਟੀ ਦੀ ਰਿਪੋਰਟ ਦੇ ਅਧਾਰ ਉੱਤੇ ਕਾਨੂੰਨ ਬਣਾ ਸਕਦਾ ਹੈ ।ਕਿਸਾਨ ਨੇਤਾ ਦੇ ਮਰਨ ਵਰਤ ਨੂੰ ਤੀਹ ਦਿਨ ਪਾਰ ਹੋਣ ਲੱਗੇ ਹਨ ਅਤੇ ਉਨਾਂ ਦੀ ਸਿਹਤ ਲਗਾਤਾਰ ਖਤਰਨਾਕ ਸਥਿਤੀ ਵਿਚੋਂ ਨਿਕਲ ਰਹੀ ਹੈ। ਇਸ ਸਥਿਤੀ ਦੇ ਬਾਵਜੂਦ ਕੇਂਦਰ ਵੱਲੋਂ ਅਜੇ ਤੱਕ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦਾ ਕੋਈ ਸੁਨੇਹਾ ਨਹੀਂ ਆਇਆ ਹੈ। ਭਲਕੇ ਦੇਸ਼ ਭਰ ਦੇ ਕਿਸਾਨਾਂ ਨੂੰ ਇਕ ਦਿਨ ਦੀ ਸੰਕੇਤਕ ਭੁੱਖ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ ਸੰਕੇਤਕ ਤੌਰ ਉੱਤੇ ਭੁੱਖ ਹੜਤਾਲ ਕਰਕੇ ਆਪਣੇ ਕਿਸਾਨ ਨੇਤਾ ਡੱਲੇਵਾਲ ਨਾਲ ਹਮਾਇਤ ਦਾ ਪ੍ਰਗਟਾਵਾ ਕੀਤਾ ਜਾਵੇਗਾ । ਬੀਤੀ ਸ਼ਾਮ ਕਿਸਾਨਾਂ ਵਲੋਂ ਵੱਖ-ਵੱਖ ਥਾਵਾਂ ਉੱਤੇ ਕੈਂਡਲ ਮਾਰਚ ਕਰਕੇ ਡੱਲੇਵਾਲ ਨੂੰ ਹਮਾਇਤ ਦੇਣ ਦਾ ਸੁਨੇਹਾ ਦਿੱਤਾ ਗਿਆ ਸੀ।
ਕਿਸਾਨ ਜਥੇਬੰਦੀਆਂ ਵਲੋਂ ਅਗਲੇ ਦਿਨਾਂ ਲਈ ਵੀ ਵੱਡੇ ਪ੍ਰੋਗਰਾਮ ਉਲੀਕੇ ਗਏ ਹਨ। ਬੇਸ਼ੱਕ ਸੰਯੁਕਤ ਕਿਸਾਨ ਮੋਰਚੇ ਦੇ ਦੋਹਾਂ ਪਲੇਟਫਾਰਮਾਂ ਦੀ ਮੁਕੰਮਲ ਏਕਤਾ ਲਈ ਸਹਿਮਤੀ ਨਹੀ ਬਣ ਸਕੀ ਪਰ ਸੰਯੁਕਤ ਕਿਸਾਨ ਮੋਰਚੇ ਦੇ ਦੋਹਾਂ ਪਲੇਟਫਾਰਮਾਂ ਉੱਪਰ ਡੱਲੇਵਾਲ ਦੇ ਹੱਕ ਵਿੱਚ ਅਵਾਜ਼ ਬੁਲੰਦ ਹੋ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਬੇਸ਼ੱਕ ਸ਼ੰਭੂ ਜਾਂ ਖਨੌਰੀ ਦੇ ਬਾਰਡਰ ਉਪਰ ਅਧਿਕਾਰਤ ਤੌਰ ਤੇ ਨਹੀਂ ਆਇਆ ਪਰ ਉੱਨਾਂ ਵਲੋਂ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਤਾਂ ਜੋ ਡੱਲੇਵਾਲ ਦੀ ਹਮਾਇਤ ਵਿੱਚ ਰਾਸ਼ਟਰਪਤੀ ਨੂੰ ਕਿਸਾਨ ਮੰਗਾਂ ਲਈ ਗੱਲਬਾਤ ਵਾਸਤੇ ਪ੍ਰੇਰਿਆ ਜਾ ਸਕੇ। ਇਸ ਤੋਂ ਬਾਅਦ ਨੌ ਦਸੰਬਰ ਨੂੰ ਮੋਗਾ ਵੱਡਾ ਇਕਠ ਕਰਕੇ ਕਿਸਾਨ ਮੰਗਾਂ ਲਈ ਦਬਾ ਬਣਾਇਆ ਜਾਵੇਗਾ। ਦੋਹਾਂ ਮੋਰਚਿਆਂ ਦੇ ਆਗੂਆਂ ਦੀ ਵੱਖੋ ਵੱਖਰੇ ਐਕਸ਼ਨਾ ਦੇ ਬਾਵਜੂਦ ਸਾਂਝੇ ਮੁੱਦਿਆਂ ਲਈ ਆਮ ਸਹਿਮਤੀ ਹੈ।
ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਸੰਯੁਕਤ ਕਿਸਾਨ ਮੋਰਚਾ ( ਗੈਰ ਰਾਜਨੀਤਕ) ਵਲੋਂ ਤੀਹ ਦਸੰਬਰ ਦੇ ਪੰਜਾਬ ਬੰਦ ਲਈ ਦਿਨ ਰਾਤ ਇਕ ਕਰ ਦਿੱਤਾ ਹੈ। ਪੰਧੇਰ ਨੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਬੰਦ ਦੀ ਹਮਾਇਤ ਲਈ ਪੂਰੀ ਭਾਵੁਕ ਅਪੀਲ ਕੀਤੀ ਹੈ । ਪੰਜਾਬ ਵਿੱਚ ਲੰਬੇ ਸਮੇਂ ਬਾਅਦ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਪੰਜਾਬ ਬੰਦ ਹੋ ਰਿਹਾ ਹੈ।
ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਕੇਂਦਰ ਵੱਲੋਂ ਵਿਖਾਈ ਗਈ ਬੇਰੁਖ਼ੀ ਕਾਰਨ ਪੰਜਾਬ ਵਿੱਚ ਭਾਜਪਾ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਖਣਾ ਹੋਵੇਗਾ ਕਿ ਸ਼ਹਿਰੀ ਖੇਤਰਾਂ ਵਿੱਚ ਬੰਦ ਦੇ ਸੱਦੇ ਨੂੰ ਕਿੰਨਾ ਭਰਵਾਂ ਹੁੰਗਾਰਾ ਮਿਲਦਾ ਹੈ।
ਸੰਪਰਕ 9814002186