ਨਿਊਜ਼ ਡੈਸਕ : ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ‘ਚ ਹਰ ਕੋਈ ਸਮਾਂ ਬਚਾਉਣ ਦੀ ਗੱਲ ਕਰਦਾ ਹੈ। ਹਰ ਘਰ ‘ਚ ਵਾਹਨਾਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਕਿਸੇ ਵੀ ਛੋਟੇ ਤੋਂ ਛੋਟੇ ਕੰਮ ਲਈ ਇਨ੍ਹਾਂ ਸਾਧਨਾਂ ਦੇ ਇਸਤੇਮਾਲ ਨੂੰ ਪਹਿਲ ਦਿੱਤੀ ਜਾਂਦੀ ਹੈ। ਜਿਸ ਕਾਰਨ ਬਹੁਤ ਘੱਟ ਲੋਕ ਅੱਜ ਪੈਦਲ ਚੱਲਦੇ ਹਨ। ਹਾਲ ਹੀ ‘ਚ ਹੋਈ ਇੱਕ ਖੋਜ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰੋਜ਼ਾਨਾ ਕੁਝ ਸਮਾਂ ਪੈਦਲ ਚੱਲਣ ਨਾਲ ਸਰੀਰ ਤੰਦਰੁਸਤ ਤੇ ਕਈ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।
ਹਰ ਰੋਜ਼ ਤੁਰਨ ਦਾ ਮਤਲਬ ਹੈ ਕਿ ਤੁਸੀਂ ਤੰਦਰੁਸਤ ਅਤੇ ਸਿਹਤਮੰਦ ਰਹਿ ਸਕਦੇ ਹੋ। ਜੇ ਤੁਸੀਂ ਰੋਜ਼ਾਨਾ ਪੈਦਲ ਚੱਲਦੇ ਹੋ ਤਾਂ ਇਸਦੇ ਤੁਹਾਡੀ ਸਿਹਤ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਰੋਜ਼ਾਨਾ ਸੈਰ ਬਹੁਤ ਜ਼ਰੂਰੀ ਹੈ। ਤਾਂ ਆਓ ਜਾਣਦੇ ਹਾਂ ਕਿ ਰੋਜ਼ਾਨਾ ਚੱਲਣ ਦੇ ਕਿਹੜੇ-ਕਿਹੜੇ ਫਾਇਦੇ ਹਨ…
ਡਿਪਰੈਸ਼ਨ/ਤਣਾਅ
ਜੇਕਰ ਤੁਸੀਂ ਰੋਜ਼ਾਨਾ 30 ਮਿੰਟ ਪੈਦਲ ਚੱਲਦੇ ਹੋ ਤਾਂ ਤੁਸੀਂ ਡਿਪਰੈਸ਼ਨ ਭਾਵ ਤਣਾਅ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਦਰਅਸਲ ਪੈਦਲ ਚੱਲਣ ਨਾਲ ਸਾਡੇ ਸਰੀਰ ਦੇ ਸਾਰੇ ਸੈੱਲਾਂ ਦੀ ਕਸਰਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਪੈਦਲ ਚੱਲਣ ਨਾਲ ਸਾਡੇ ਦਿਮਾਗ ‘ਤੇ ਵੀ ਕਿਰਿਆਸ਼ੀਲ ਪ੍ਰਭਾਵ ਪੈਂਦੇ ਹਨ।
ਐਕਟਿਵ ਦਿਮਾਗ
ਰੋਜ਼ਾਨਾ ਅੱਧਾ ਘੰਟਾ ਸਵੇਰੇ ਅਤੇ ਸ਼ਾਮ ਨੂੰ ਪੈਦਲ ਤੁਰਨ ਨਾਲ ਦਿਮਾਗ ਦੇ ਦੌਰਾ ਪੈਣ ਦਾ ਜੋਖਮ ਲਗਭਗ 30 ਪ੍ਰਤੀਸ਼ਤ ਘੱਟ ਜਾਂਦਾ ਹੈ। ਰੋਜ਼ਾਨਾ ਪੈਦਲ ਤੁਰਨ ਨਾਲ ਜਾਂ ਸੈਰ ਕਰਨ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਇਸ ਤੋਂ ਇਲਾਵਾ ਸਵੇਰੇ ਨੰਗੇ ਪੈਰਾਂ ਨਾਲ ਘਾਹ ‘ਤੇ ਤੁਰਨਾ ਅੱਖਾਂ ਦੀ ਰੋਸ਼ਨੀ ਲਈ ਕਾਫੀ ਫਾਇਦੇਮੰਦ ਸਾਬਿਤ ਹੁੰਦਾ ਹੈ।
ਚਿੜਚਿੜੇ ਸੁਭਾਅ ਤੋਂ ਰਾਹਤ
ਕਈ ਵਾਰ ਜ਼ਿਆਦਾ ਦਫਤਰੀ ਜਾਂ ਘਰ ਦੇ ਕੰਮ ਕਾਰਨ ਵਿਅਕਤੀ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ। ਅਜਿਹੀ ਸਥਿਤੀ ਤੋਂ ਬਚਣ ਲਈ ਰੋਜ਼ਾਨਾ 30 ਮਿੰਟ ਪੈਦਲ ਸੈਰ ਕਰੋ। ਅਜਿਹਾ ਕਰਨ ਨਾਲ ਤੁਹਾਡੇ ਸੁਭਾਅ ਖੁਸ਼ਗਵਾਰ ਹੋ ਜਾਵੇਗਾ।
ਸਿਹਤਮੰਦ ਦਿਲ
ਡਾਕਟਰਾਂ ਦਾ ਕਹਿਣਾ ਹੈ ਕਿ ਸਰੀਰ ‘ਚ ਕੋਲੈਸਟ੍ਰੋਲ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਸੰਤੁਲਿਤ ਭੋਜਨ ਦੇ ਨਾਲ-ਨਾਲ ਹਰ ਰੋਜ਼ 30 ਮਿੰਟ ਪੈਦਲ ਸੈਰ ਕਰਨਾ ਬਹੁਤ ਜ਼ਰੂਰੀ ਹੈ। ਹਫ਼ਤੇ ਵਿਚ ਘੱਟੋ ਘੱਟ 5 ਦਿਨ ਪੈਦਲ ਤੁਰਨਾ ਤੁਹਾਨੂੰ ਦਿਲ ਦੇ ਦੌਰੇ ਦੇ ਜੋਖਮ ਤੋਂ ਬਚਾਉਂਦਾ ਹੈ।
ਮਜ਼ਬੂਤ ਹੱਡੀਆਂ
ਰੋਜ਼ਾਨਾ ਪੈਦਲ ਚੱਲਣ ਨਾਲ ਹੱਡੀਆਂ ਮਜ਼ਬੂਤ ਹੁੰਦਆਂ ਹਨ। ਰੋਜ਼ਾਨਾ ਦੀ ਸੈਰ ਕੁੱਲ੍ਹੇ ਦੇ ਫਰੈਕਚਰ ਦੇ ਖਤਰੇ ਨੂੰ 50 ਪ੍ਰਤੀਸ਼ਤ ਤੱਕ ਘਟਾ ਦਿੰਦੀ ਹੈ। ਕਈ ਵਾਰ ਛੋਟੀ ਜਿਹੀ ਸੱਟ ਲੱਗਣ ਨਾਲ ਹੱਡੀ ਫਰੈਕਚਰ ਹੋ ਜਾਂਦੀ ਹੈ ਜਿਸ ਦਾ ਕਾਰਨ ਕੈਲਸ਼ੀਅਮ ਦੀ ਘਾਟ ਹੈ। ਇਸ ਲਈ ਕੈਲਸ਼ੀਅਮ ਭਰਪੂਰ ਖੁਰਾਕ ਖਾਣ ਦੇ ਨਾਲ-ਨਾਲ ਰੋਜ਼ਾਨਾ 30 ਮਿੰਟ ਲਈ ਪੈਦਲ ਸੈਰ ਜ਼ਰੂਰ ਕਰੋ।
ਮੋਟਾਪਾ ਘਟਾਉਣ ‘ਚ ਮਦਦਗਾਰ
ਜਿਹੜੇ ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਰੋਜ਼ਾਨਾ ਪੈਦਲ ਚੱਲਣਾ ਚਾਹੀਦਾ ਹੈ। ਦਰਅਸਲ ਜਦੋਂ ਅਸੀਂ ਪੈਦਲ ਚਲਦੇ ਹਾਂ ਤਾਂ ਸਰੀਰ ‘ਚੋਂ ਕਾਫੀ ਮਾਤਰਾ ‘ਚ ਪਸੀਨਾ ਬਾਹਰ ਨਿਕਲਦਾ ਹੈ ਜੋ ਮੋਟਾਪਾ ਘਟਾਉਣ ‘ਚ ਮਦਦ ਕਰਦਾ ਹੈ। ਇਸ ਲਈ ਜਿਹੜੇ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਰੋਜ਼ਾਨਾ 1 ਘੰਟਾ ਪੈਦਲ ਚੱਲਣਾ ਚਾਹੀਦਾ ਹੈ।
ਸ਼ੂਗਰ
ਭਾਰਤ ਦੇ ਇੱਕ ਵੱਡੀ ਗਿਣਤੀ ਲੋਕ ਸ਼ੂਗਰ ਦੀ ਸਮੱਸਿਆ ਨਾਲ ਜੂਝ ਰਹੇ ਹਨ। ਹਰ ਰੋਜ਼ 1 ਘੰਟਾ ਪੈਦਲ ਚੱਲਣ ਨਾਲ ਡਾਇਬਟੀਜ਼/ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਦਰਅਸਲ ਪੈਦਲ ਚੱਲਣ ਨਾਲ ਸਰੀਰ ਦੇ ਲਹੂ ਵਿਚਲਾ ਵਾਧੂ ਬਲੱਡ ਸ਼ੂਗਰ ਕਾਫ਼ੀ ਹੱਦ ਤਕ ਬਰਨ ਭਾਵ ਖਤਮ ਹੋ ਜਾਂਦਾ ਹੈ। ਰੋਜ਼ਾਨਾ ਦੀ ਸੈਰ ਨਾਲ ਸਰੀਰ ਕੁਦਰਤੀ ਤਰੀਕੇ ਨਾਲ ਇੰਸੁਲੀਨ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਤੇ ਸ਼ੂਰਗ ਦੇ ਮਰੀਜ਼ ਦਵਾਈਆਂ ਦੇ ਸੇਵਨ ਤੋਂ ਬਚ ਜਾਂਦੇ ਹਨ।