America News : ਅਮਰੀਕਾ ਵਿੱਚ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ! Thanksgiving ਦੀਆਂ ਛੁੱਟੀਆਂ ਦੌਰਾਨ ਜਦੋਂ ਹਜ਼ਾਰਾਂ ਲੋਕ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਣ ਲਈ ਯਾਤਰਾ ਕਰ ਰਹੇ ਹਨ, ਉਸੇ ਸਮੇਂ Delta Airlines ਦਾ ਆਟੋਮੇਟਿਡ ਸਿਸਟਮ ਫੇਲ੍ਹ ਹੋ ਗਿਆ। ਇਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਹਵਾਈ ਅੱਡਿਆਂ ‘ਤੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਰਅਸਲ, ਐਤਵਾਰ ਨੂੰ ਜਹਾਜ਼ਾਂ ਦਾ ਵਜ਼ਨ ਅਤੇ ਸੰਤੁਲਨ ਮਾਪਣ ਵਾਲੇ ਸਿਸਟਮ ਵਿੱਚ ਤਕਨੀਕੀ ਖ਼ਰਾਬੀ ਆ ਗਈ, ਜਿਸ ਕਾਰਨ ਸ਼ੁਰੂਆਤ ਵਿੱਚ ਹੀ 1,000 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲਣ ਲੱਗੀਆਂ। ਸਿਸਟਮ ਬੰਦ ਹੋਣ ਤੋਂ ਬਾਅਦ ਏਅਰਲਾਈਨ ਦੇ ਕਰਮਚਾਰੀਆਂ ਨੂੰ ਜਹਾਜ਼ਾਂ ਦਾ ਵਜ਼ਨ ਅਤੇ ਸੰਤੁਲਨ ਹੱਥੀਂ ਚੈੱਕ ਕਰਨਾ ਪਿਆ, ਤਾਂ ਜੋ ਉਡਾਣ ਦੌਰਾਨ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਹੋਵੇ। ਕੁਝ ਘੰਟਿਆਂ ਬਾਅਦ ਸਿਸਟਮ ਮੁੜ ਚਾਲੂ ਤਾਂ ਕਰ ਦਿੱਤਾ ਗਿਆ, ਪਰ ਉਡਾਣਾਂ ਦਾ ਸ਼ਡਿਊਲ ਪੂਰੀ ਤਰ੍ਹਾਂ ਲੀਹ ‘ਤੇ ਨਹੀਂ ਆ ਸਕਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ
ਇਸ ਤਕਨੀਕੀ ਖ਼ਰਾਬੀ ਦਾ ਅਸਰ ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਐਟਲਾਂਟਾ ਇੰਟਰਨੈਸ਼ਨਲ ਏਅਰਪੋਰਟ ‘ਤੇ ਵੀ ਦੇਖਣ ਨੂੰ ਮਿਲਿਆ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਯਾਨੀ FAA ਨੇ ਇੱਥੇ ਆਉਣ ਵਾਲੀਆਂ ਕੁਝ ਉਡਾਣਾਂ ‘ਤੇ ਲਗਭਗ ਇੱਕ ਘੰਟੇ ਲਈ Ground Stop ਲਗਾ ਦਿੱਤਾ। FAA ਨੇ ਸਪੱਸ਼ਟ ਕੀਤਾ ਕਿ ਇਹ ਸਮੱਸਿਆ ਉਸ ਦੇ ਆਪਣੇ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਵਿੱਚ ਨਹੀਂ ਸੀ, ਸਗੋਂ Delta ਦੇ ਆਟੋਮੇਸ਼ਨ ਸਿਸਟਮ ਵਿੱਚ ਆਈ ਖ਼ਰਾਬੀ ਕਾਰਨ ਪੈਦਾ ਹੋਈ ਸੀ। FlightAware ਦੇ ਅੰਕੜਿਆਂ ਮੁਤਾਬਕ ਐਤਵਾਰ ਸ਼ਾਮ ਤੱਕ Delta ਦੀਆਂ ਲਗਭਗ 58 ਫ਼ੀਸਦੀ, ਯਾਨੀ ਕਰੀਬ 2 ਹਜ਼ਾਰ ਉਡਾਣਾਂ ਦੇਰੀ ਨਾਲ ਚੱਲੀਆਂ। ਇਸ ਤੋਂ ਇਲਾਵਾ ਲਗਭਗ 3 ਫ਼ੀਸਦੀ ਉਡਾਣਾਂ ਰੱਦ ਵੀ ਕਰਨੀਆਂ ਪਈਆਂ। Delta Airlines ਨੇ ਯਾਤਰੀਆਂ ਨੂੰ ਹੋਈ ਪ੍ਰੇਸ਼ਾਨੀ ਲਈ ਮੁਆਫ਼ੀ ਮੰਗੀ ਹੈ। ਨਾਲ ਹੀ ਪ੍ਰਭਾਵਿਤ ਯਾਤਰੀਆਂ ਲਈ ਮੁੜ ਬੁਕਿੰਗ, ਖਾਣੇ, ਹੋਟਲ ਅਤੇ ਰੱਦ ਹੋਈਆਂ ਉਡਾਣਾਂ ਦੇ ਰਿਫੰਡ ਦਾ ਪ੍ਰਬੰਧ ਕਰਨ ਦਾ ਐਲਾਨ ਕੀਤਾ ਹੈ। ਕੁੱਲ ਮਿਲਾ ਕੇ ਛੁੱਟੀਆਂ ਦੇ ਸਭ ਤੋਂ ਰੁਝੇਵੇਂ ਵਾਲੇ ਸਮੇਂ ਦੌਰਾਨ ਆਈ ਇਸ ਤਕਨੀਕੀ ਖ਼ਰਾਬੀ ਨੇ ਅਮਰੀਕਾ ਦੇ ਹਵਾਈ ਸਫ਼ਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
