ਫਰੀਦਾਬਾਦ: ਹਰਿਆਣਾ ਵਿੱਚ ਵੀਰਵਾਰ ਨੂੰ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ -ਮੀਂਹ ਆਇਆ। ਹਵਾ ਦੀ ਰਫ਼ਤਾਰ 50-60 ਕਿਲੋਮੀਟਰ ਪ੍ਰਤੀ ਘੰਟਾ ਰਹੀ। ਇਸ ਦੇ ਕਾਰਨ ਫਰੀਦਾਬਾਦ ਜ਼ਿਲ੍ਹੇ ਵਿੱਚ ਪਨਹੇੜਾ ਖੁਰਦ ਪਿੰਡ ਦੇ ਨੇੜੇ ਜੇਵਰ ਏਅਰਪੋਰਟ ਨਾਲ ਜੁੜੇ ਫਲਾਈਓਵਰ ਨਿਰਮਾਣ ਕਾਰਜ ਵਿੱਚ ਲੱਗੀ ਕ੍ਰੇਨ ਅਚਾਨਕ ਅਸੰਤੁਲਿਤ ਹੋ ਕੇ ਮਜ਼ਦੂਰਾਂ ਦੇ ਰਹਿਣ ਲਈ ਰੱਖੇ ਗਏ ਕੰਟੇਨਰ ‘ਤੇ ਪਲਟ ਗਈ।
ਇਸ ਵਿੱਚ ਕਰੀਬ 8 ਮਜ਼ਦੂਰ ਦਬ ਗਏ। ਪੁਲਿਸ ਦੇ ਨਾਲ ਨਿਰਮਾਣ ਕੰਪਨੀ ਦੇ ਕਰਮਚਾਰੀ, ਸਥਾਨਕ ਪਿੰਡ ਵਾਸੀ ਅਤੇ ਹੋਰ ਲੋਕ ਵੀ ਰਾਹਤ ਅਤੇ ਬਚਾਅ ਕਾਰਜ ਵਿੱਚ ਜੁਟ ਗਏ। ਦੇਰ ਰਾਤ ਤੱਕ ਚੱਲੇ ਰੈਸਕਿਊ ਆਪ੍ਰੇਸ਼ਨ ਵਿੱਚ 3 ਮਜ਼ਦੂਰਾਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਸਨ, ਜਦੋਂ ਕਿ ਚਾਰ ਨੂੰ ਬਚਾ ਲਿਆ ਗਿਆ। 1 ਮਜ਼ਦੂਰ ਅਜੇ ਵੀ ਦਬਿਆ ਹੋਇਆ ਹੈ, ਜਿਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਸਡੀਆਰਐਫ (SDRF) ਦੀ ਟੀਮ ਵੀ ਪਹੁੰਚ ਗਈ ਸੀ।
ਇਸ ਹਾਦਸੇ ਵਿੱਚ ਮਾਰੇ ਗਏ ਇੰਜੀਨੀਅਰ ਅਤੇ 2 ਮਜ਼ਦੂਰਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਅੱਜ ਕੀਤਾ ਜਾਵੇਗਾ। ਬੱਲਭਗੜ੍ਹ ਦੇ ਡੀਸੀਪੀ ਪ੍ਰਤੀਕ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ। ਜਿਸ ਤੋਂ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਦੂਜੀਆਂ ਮਸ਼ੀਨਾਂ ਦੀ ਮਦਦ ਨਾਲ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਮਸ਼ੀਨ ਦੇ ਹੇਠਾਂ ਦਬੇ 4 ਲੋਕਾਂ ਵਿੱਚੋਂ 1 ਜ਼ਿੰਦਾ ਬਚਿਆ ਹੈ, ਜਦੋਂ ਕਿ 3 ਦੀ ਮੌਤ ਹੋ ਚੁੱਕੀ ਹੈ।
ਉਨ੍ਹਾਂ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਪੰਜਾਬ ਦਾ ਰਹਿਣ ਵਾਲਾ ਇੰਜੀਨੀਅਰ ਸੱਤਾਰ ਅਤੇ ਰਾਜਸਥਾਨ ਦਾ ਰਹਿਣ ਵਾਲਾ ਮਜ਼ਦੂਰ ਮਨੀਸ਼ ਸਮੇਤ ਇੱਕ ਹੋਰ ਵਿਅਕਤੀ ਸ਼ਾਮਲ ਹੈ, ਜਦੋਂ ਕਿ ਇੱਕ ਜ਼ਖ਼ਮੀ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡੀਸੀ ਆਯੁਸ਼ ਸਿਨਹਾ ਨੇ ਇਸ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਮੁਢਲੇ ਤੌਰ ‘ਤੇ ਹਾਦਸੇ ਦੀ ਇੱਕ ਰਿਪੋਰਟ ਸੀਐਮ (CM) ਦਫ਼ਤਰ ਭੇਜੀ ਗਈ ਹੈ। ਡੀਸੀਪੀ ਪ੍ਰਤੀਕ ਨੇ ਕਿਹਾ ਕਿ ਜਾਂਚ ਤੋਂ ਬਾਅਦ ਹੀ ਮਸ਼ੀਨ ਦੇ ਡਿੱਗਣ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

