ਕੋਵਿਡ ਵੈਕਸੀਨ: ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਦਿੱਤੀ ਅਫ਼ਵਾਹਾਂ ਤੋਂ ਬਚਣ ਦੀ ਸਲਾਹ

TeamGlobalPunjab
2 Min Read

ਨਵੀਂ ਦਿੱਲੀ ਕਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨ ਦੀ ਪਹਿਲੀ ਡੋਜ਼ ਦੇਣ ਲਈ ਦੇਸ਼ ਭਰ ’ਚ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਦੇ ਪਹਿਲੇ ਦਿਨ ਬੀਤੇ ਸ਼ਨਿਚਰਵਾਰ ਨੂੰ ਕੁੱਲ 1.91 ਲੱਖ ਵਿਅਕਤੀਆਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ। ਵੈਕਸੀਨ ਦੀ ਪਹਿਲੀ ਡੋਜ਼ ਲੈਣ ਵਾਲੇ ਕੁੱਲ ਵਿਅਕਤੀਆਂ ’ਚੋਂ ਸਭ ਤੋਂ ਵੱਧ 21,291 ਵਿਅਕਤੀ ਉੱਤਰ ਪ੍ਰਦੇਸ਼ ਦੇ ਹਨ।

ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਭਰ ’ਚ ਕੁੱਲ 2,08,826 ਐਕਟਿਵ ਕੇਸਾਂ ’ਚੋਂ ਕੇਰਲ ’ਚ ਸਭ ਤੋਂ ਵੱਧ 68,633 ਐਕਟਿਵ ਕੇਸ ਹਨ। ਉਸ ਤੋਂ ਬਾਅਦ ਮਹਾਰਾਸ਼ਟਰ ’ਚ 53,163, ਉੱਤਰ ਪ੍ਰਦੇਸ਼ ’ਚ 9,162, ਕਰਨਾਟਕ ’ਚ 8,713, ਪੱਛਮੀ ਬੰਗਾਲ ’ਚ 7,151 ਤੇ ਤਾਮਿਲਨਾਡੂ ’ਚ 6,128 ਐਕਟਿਵ ਕੇਸ ਹਨ। ਦੇਸ਼ ’ਚ ਕਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਇਕ ਕਰੋੜ ਤੋਂ ਉੱਪਰ ਪਹੁੰਚਣ ਤੇ ਕੁੱਲ ਮੌਤਾਂ ਦੀ ਗਿਣਤੀ 1.5 ਲੱਖ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਇਸ ਮਹਾਮਾਰੀ ਤੋਂ ਬਚਾਅ ਲਈ ਸਾਰੇ ਮੁਲਕ ’ਚ ਕੋਵੀਸ਼ੀਲਡ ਤੇ ਕੋਵੈਕਸੀਨ ਨਾਂ ਦੀ ਵੈਕਸੀਨ ਦੇ ਪਹਿਲੇ ਡੋਜ਼ ਲਗਾਉਣ ਦੀ ਮੁਹਿੰਮ ਆਰੰਭੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਟੀਕਾਕਰਨ ਮੁਹਿੰਮ ਦਾ ਆਗਾਜ਼ ਕਰਦਿਆਂ ਇਕ ਵਾਰ ਫਿਰ ਤੋਂ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਭਾਰਤ ’ਚ ਬਣੀਆਂ ਦੋ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਵਿਗਿਆਨਕਾਂ ਵੱਲੋਂ ਇਨ੍ਹਾਂ ਵੈਕਸੀਨ ਦਾ ਸੁਰੱਖਿਅਤ ਤੇ ਪ੍ਰਭਾਵੀ ਹੋਣਾ ਯਕੀਨੀ ਬਣਾਏ ਜਾਣ ਤੋਂ ਬਾਅਦ ਹੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਕੂੜ ਪ੍ਰਚਾਰ ਤੇ ਅਫ਼ਵਾਹਾਂ ਤੋਂ ਬਚ ਕੇ ਰਹਿਣ।

Share this Article
Leave a comment