ਕੋਵਿਡ -19 : ਕੈਨੇਡਾ ਦੀ ਪਾਰਲੀਮੈਂਟ ‘ਚ ਕੈਲਗਰੀ ਗੁਰੂਘਰ ਵੱਲੋਂ ਲਗਾਏ ਲੰਗਰਾਂ ਦੀ ਹੋਈ ਸ਼ਲਾਘਾ, ਹਾਜ਼ਿਰ ਮੈਂਬਰ ਪਾਰਲੀਮੈਂਟ ਨੇ ਤਾੜੀਆਂ ਨਾਲ ਕੀਤਾ ਸਵਾਗਤ

TeamGlobalPunjab
2 Min Read

ਓਟਾਵਾ : ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਦੇਸ਼ਾਂ ਅਤੇ ਵਿਦੇਸ਼ਾਂ ‘ਚ ਸਥਾਪਿਤ ਗੁਰੂਘਰਾਂ ਵੱਲੋਂ ਲੋੜਵੰਦ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਜਿਸ ਦੀ ਪੂਰੀ ਦੁਨੀਆ ‘ਚ ਸ਼ਲਾਘਾ ਹੋ ਰਹੀ ਹੈ। ਕੈਨੇਡਾ ‘ਚ ਕਈ ਸਮਾਜਿਕ ਸੰਸਥਾਵਾ ਅਤੇ ਗੁਰੂਘਰਾਂ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ। ਫਾਰੈਸਟਲਾਨ ਤੋਂ ਮੈਂਬਰ ਪਾਰਲੀਮੈਂਟ ਜਸਰਾਜ ਸਿੰਘ ਹੱਲਣ ਨੇ ਬੀਤੇ ਦਿਨ ਕੈਨੇਡਾ ਦੀ ਪਾਰਲੀਮੈਂਟ ਸਦਨ ‘ਚ ਖੜ੍ਹੇ ਹੋ ਕੇ ਦਸਮੇਸ਼ ਕਲਚਰ ਸੈਂਟਰ ਗੁਰਦੁਆਰਾ ਸਾਹਿਬ ਕੈਲਗਰੀ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਕੀਤੇ ਗਏ ਮਹਾਨ ਕਾਰਜਾਂ ਦੀ ਚਰਚਾ ਕੀਤੀ।

ਮੈਂਬਰ ਪਾਰਲੀਮੈਂਟ ਜਸਰਾਜ ਸਿੰਘ ਹੱਲਣ ਨੇ ਦੱਸਿਆ ਕਿ ਦਸਮੇਸ਼ ਕਲਚਰ ਸੈਂਟਰ ਗੁਰਦੁਆਰਾ ਸਾਹਿਬ ਕੈਲਗਰੀ ਵੱਲੋਂ ਪ੍ਰਧਾਨ ਅਮਨਪ੍ਰੀਤ ਸਿੰਘ ਗਿੱਲ ਅਤੇ ਸਮੁੱਚੀ ਕਾਰਜਕਾਰੀ ਕਮੇਟੀ ਦੀ ਅਗਵਾਈ ਹੇਠ ਨੌਜਵਾਨਾਂ ਦੁਆਰਾ ਫੂਡ ਬੈਂਕ ਸਥਾਪਤ ਕੀਤਾ ਗਿਆ ਹੈ। ਜਿਸ ‘ਚ ਵੱਡੇ ਪੱਧਰ ‘ਤੇ ਸਿੱਖ ਭਾਈਚਾਰੇ ਦੁਆਰਾ ਦਿੱਤੇ ਗਏ ਦਾਨ ਸਦਕਾ, ਰਾਸ਼ਨ ਦੀ ਸਪਲਾਈ ਕਦੇ ਘੱਟ ਨਹੀਂ ਹੁੰਦੀ । ਉਨ੍ਹਾਂ ਦੱਸਿਆ ਕਿ ਫੂਡ ਬੈਂਕ ਦੁਆਰਾ 25 ਹੈਂਪਰਾਂ ਦੀਆਂ ਸੇਵਾਵਾਂ ਰੋਜਾਨਾ ਦਿੱਤੀਆਂ ਜਾਂਦੀਆਂ ਹਨ। ਵਾਲੰਟੀਅਰ ਸਖਤ ਮਿਹਨਤ ਨਾਲ  ਡ੍ਰਾਇਵ ਥਰੂ ਜਾਂ ਡਿਲਿਵਰੀ ਸੇਵਾ ਦੁਆਰਾ ਹਰ ਰੋਜ਼ 500 ਖਾਣਾ ਗਰਮ ਮੁਫਤ ਬਣਾਉਂਦੇ ਅਤੇ ਲੋੜਵੰਦਾਂ ਨੂੰ ਖੁਆਉਂਦੇ ਹਨ।

ਹੱਲਣ ਨੇ ਦੱਸਿਆ ਕਿ ਸਾਡੇ ਸਖਤ ਮਿਹਨਤੀ ਟਰੱਕ ਡਰਾਈਵਰ ਜੋ ਆਪਣੀ ਜਾਨ ਨੂੰ ਜੋਖਮ ਵਿੱਚ ਪਾਕੇ ਦੂਜਿਆਂ ਨੂੰ ਇਸ ਸਮੇਂ ਦੌਰਾਨ ਲੋੜੀਂਦੀ ਸਪਲਾਈ ਜਾਰੀ ਰੱਖ ਰਹੇ ਹਨ ਉਨ੍ਹਾਂ ਲਈ  ਰੋਜ਼ਾਨਾ 100 ਪੈਕ ਗਰਮ ਮੁਫਤ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ। ਹਰ ਦੋ ਹਫ਼ਤਿਆਂ ਵਿੱਚ ਸਾਲਵੇਸ਼ਨ ਆਰਮੀ ਨਾਲ 400 ਭੋਜਨ ਅਤੇ ਬਰਾਊਨ ਬੈਗ ਲੰਚ ਉਨ੍ਹਾਂ ਬੱਚਿਆਂ ਨੂੰ ਦਿੰਦੇ ਹਨ ਜਿਨ੍ਹਾਂ ਕੋਲ ਦੁਪਹਿਰ ਦੇ ਖਾਣੇ ਦੀ ਪਹੁੰਚ ਨਹੀਂ ਹੁੰਦੀ।

ਉਨ੍ਹਾਂ ਦੱਸਿਆ ਕਿ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਦੇ ਜ਼ਰੀਏ ਸਿਖ ਕੌਮ ਦੇ ਸਵੇ-ਸੇਵਕਾਂ ਅਤੇ ਕਾਰਜਕਾਰੀ ਮੈਂਬਰਾਂ ਨੇ ਇਸ ਮਹਾਂਮਾਰੀ ਦੇ ਦੌਰਾਨ ਵੱਧ ਚੜ ਕੇ ਨਿਰਸਵਾਰਥ ਸੇਵਾ ਵਿੱਚ ਹਿੱਸਾ ਪਾਇਆ। ਜਸਰਾਜ ਸਿੰਘ ਹੱਲਣ ਨੇ ਦੱਸਿਆ ਕਿ ਹਾਲ ਹੀ ‘ਚ ਉਹ ਖੁਦ ਗੁਰੂਘਰ ਗਿਆ ਸੀ ਅਤੇ ਉਨ੍ਹਾਂ ਨੇ ਗੁਰੂਘਰ ਵਿਖੇ ਸੇਵਾ ਕਰ ਰਹੇ ਸਾਰੇ ਵਲੰਟੀਅਰਾਂ ਦੀ ਸ਼ਲਾਘਾ ਵੀ ਕੀਤੀ ਸੀ।

Share this Article
Leave a comment