Home / ਪੰਜਾਬ / ਕੋਵਿਡ-19 ਦੌਰਾਨ ਪੱਤਰਕਾਰਤਾ ਦਾ ਵੱਡਾ ਨੁਕਸਾਨ ਹੋਇਆ: ਸਿੱਧੂ

ਕੋਵਿਡ-19 ਦੌਰਾਨ ਪੱਤਰਕਾਰਤਾ ਦਾ ਵੱਡਾ ਨੁਕਸਾਨ ਹੋਇਆ: ਸਿੱਧੂ

ਚੰਡੀਗੜ੍ਹ: ਕੌਮੀ ਪ੍ਰੈਸ ਦਿਵਸ ਦੇ ਮੌਕੇ ‘ਤੇ ਅੱਜ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ “ਲੋਕੰਤਰ , ਪ੍ਰੈਸ ਦੀ ਆਜ਼ਾਦੀ ਅਤੇ ਕਰੋਨਾ ਸੰਕਟ” ਵਿਸ਼ੇ ‘ਤੇ ਸਥਾਨਕ ਕੇਂਦਰੀ ਸਿੰਘ ਸਭਾ ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਜੰਮੂ, ਬਲਬੀਰ ਸਿੰਘ ਜੰਡੂ, ਪ੍ਰੀਤਮ ਸਿੰਘ ਰੁਪਾਲ ਅਤੇ ਜੈ ਸਿੰਘ ਛਿੱਬਰ ਵਲੋਂ ਕੀਤੀ ਗਈ। ਜਦੋਂ ਕਿ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਯੂਨੀਅਨ ਦੇ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਸੈਮੀਨਾਰ ਵਿਚ ਹਿੱਸਾ ਲੈਣ ਵਾਲੇ ਸਾਰੇ ਮਹਿਮਾਨਾਂ ਅਤੇ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਯੂਨੀਅਨ ਵਲੋਂ ਕੀਤੇ ਕਾਰਜ਼ਾ ਤੋਂ ਜਾਣੂ ਕਰਵਾਇਆ। ਸੈਮੀਨਾਰ ਨੁੰ ਸੰਬੋਧਨ ਕਰਦਿਆਂ ਜਸਪਾਲ ਸਿੰਘ ਸਿੱਧੂ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਪੱਤਰਕਾਰਤਾ ਦੇ ਪੇਸ਼ੇ ਵਿਚ ਵੱਡੀ ਗਿਰਾਵਟ ਆਈ ਹੈ।

ਪੱਤਰਕਾਰਤਾ ਇਕ ਮਿਸ਼ਨ ਸੀ ਅਤੇ ਅਖ਼ਬਾਰ ਵਿਚ ਛਪੀ ਖ਼ਬਰ ‘ਤੇ ਲੋਕ ਵਿਸ਼ਵਾਸ਼ ਕਰਦੇ ਸਨ, ਪਰ ਪਿਛਲੇ ਕੁੱਝ ਦਹਾਕਿਆਂ ਤੋਂ ਪਹਿਲਾ ਪੇਡ ਨਿਊਜ ਦਾ ਦੌਰ ਫਿਰ ਫੇਕ ਨਿਊਜ ਦਾ ਦੌਰ ਸ਼ੁਰੂ ਹੋਇਆ, ਜਿਸ ਕਰਕੇ ਲੋਕਾਂ ਦਾ ਮੀਡੀਆਂ ਤੋਂ ਵਿਸ਼ਵਾਸ਼ ਉਠ ਗਿਆ। ਸਮੇਂ ਦੀਆਂ ਸਰਕਾਰਾਂ ਨੇ ਮੀਡੀਆਂ ‘ਤੇ ਕਬਜ਼ਾ ਕਰ ਲਿਆ ਹੈ ਅਤੇ ਅੱਜ ਲੋਕ ਮੀਡੀਆਂ ਦੇ ਇਕ ਫਿਰਕੇ ਨੂੰ ਮੋਦੀ ਮੀਡੀਆਂ ਵਜੋਂ ਪੁਕਾਰਦੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਸੰਕਟ ਦੌਰਾਨ ਪੱਤਰਕਾਰਾਂ ਨੇ ਜਾਨ ਤਲੀ ‘ਤੇ ਧਰਕੇ ਕੰਮ ਕੀਤਾ ਪਰ ਪੱਤਰਕਾਰ ਨੂੰ ਕੋਈ ਸੁਰੱਖਿਆ ਨਹੀਂ ਮਿਲੀ।

ਉਨ੍ਹਾਂ ਕਿਹਾ ਕਿ ਬੇਸ਼ੱਕ ਭਾਰਤ ਵਿਚ ਮੀਡੀਆਂ ਦੀ ਆਜ਼ਾਦੀ ਦੀ ਗੱਲ ਕਹੀ ਜਾ ਰਹੀ ਹੈ, ਪਰ ਕੌਮਾਂਤਰੀ ਪੱਧਰ ‘ਤੇ ਚਰਚਾ ਕਰਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਭਾਰਤ ਦੇ ਮੁਕਾਬਲੇ ਪਾਕਿਸਤਾਨ ਦਾ ਮੀਡੀਆ ਕਾਫ਼ੀ ਬੇਹਤਰ ਹੈ।

ਯੂਨੀਅਨ ਦੇ ਸੂਬਾਈ ਪ੍ਰਧਾਨ ਅਤੇ ਪ੍ਰੈਸ ਕੌਂਸਲ ਦੇ ਮੈਂਬਰ ਬਲਵਿੰਦਰ ਜੰਮੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ 19 ਮੌਕੇ ਪੱਤਰਕਾਰਾਂ ਨੂੰ ਕਰੋਨਾ ਯੋਧੇ ਐਲਾਨਣ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ ਜਿਸ ਕਰਕੇ ਜਿੰਦਗੀ ਤੋਂ ਰੁਖ਼ਸਤ ਕਰਨ ਵਾਲੇ ਪੱਤਰਕਾਰਾਂ ਦੇ ਪਰਿਵਾਰਾਂ ਨੂੰ ਕਰੋਨਾ ਯੋਧੇ ਨੂੰ ਮਿਲਣ ਵਾਲੀ ਸਕੀਮ ਤਹਿਤ ਲਾਭ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਰੋਨਾ ਨਾਲ ਦੇਸ਼ ਦੇ ਇਕ ਚੌਥਾਈ ਮੀਡੀਆ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਹੋਰ ਇੰਡਸਟਰੀ ਦੀ ਤਰ੍ਹਾਂ ਮੀਡੀਆ ਇੰਡਸਟਰੀ ਨੂੰ ਵਿਸ਼ੇਸ਼ ਪੈਕੇਜ ਦੇਣ, ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ‘ਤੇ ਬਲਬੀਰ ਸਿੰਘ ਜੰਡੂ, ਜਗਤਾਰ ਸਿੰਘ ਭੁੱਲਰ, ਬਲਵਿੰਦਰ ਸਿਪਰੇ ਤੇ ਜੈ ਸਿੰਘ ਛਿੱਬਰ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਜਨਰਲ ਸਕੱਤਰ ਬਿੰਦੂ ਸਿੰਘ ਨੇ ਕੀਤਾ।

Check Also

‘ਮਦਰਸ ਡੇਅ’ ਵਾਲੇ ਦਿਨ ਅੰਮ੍ਰਿਤਸਰ ‘ਚੋਂ ਇਕ ਸ਼ਰਮਨਾਕ ਕਾਰਾ ਆਇਆ ਸਾਹਮਣੇ, ਨੌਜਵਾਨਾਂ ਨੇ ਮਾਂ ਨੂੰ ਘੜੀਸ ਕੇ ਬਿਠਾਇਆ ਆਟੋ ‘ਚ, ਦੇਖੋ ਵੀਡੀਓ

ਅੰਮ੍ਰਿਤਸਰ : ਅੰਮ੍ਰਿਤਸਰ ‘ਚੋਂ ਇਕ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਮਾਵਾਂ ਨੂੰ ਰੱਬ ਦਾ …

Leave a Reply

Your email address will not be published. Required fields are marked *