ਨਿਊਜ ਡੈਸਕ : ਕੋਰੋਨਾ ਮਹਾਮਾਰੀ ਭਾਰਤ ਸਮੇਤ ਪੂਰੀ ਦੁਨੀਆ ‘ਚ ਤਬਾਹੀ ਮਚਾ ਰਹੀ ਹੈ। ਵਿਸ਼ਵ ਪੱਧਰ ‘ਤੇ ਕੋਰੋਨਾ ਸੰਕਰਮਿਤ ਮਾਮਲਿਆਂ ਦੀ ਗਿਣਤੀ ਹੋਰ ਰਫਤਾਰ ਫੜਦੀ ਜਾ ਰਹੀ ਹੈ। ਇਸ ‘ਚ ਹੀ ਹੁਣ ਕੋਰੋਨਾ ਵਾਇਰਸ ਨੇ ਬ੍ਰਾਜ਼ੀਲ ਵਿਚਲੇ ਭਾਰਤੀ ਦੂਤਘਰ ‘ਚ ਵੀ ਦਸਤਕ ਦੇ ਦਿੱਤੀ ਹੈ। ਬ੍ਰਾਜ਼ੀਲ ਦੇ ਦੂਤਾਵਾਸ ਵਿੱਚ ਕੰਮ ਕਰ ਰਹੀ ਇੱਕ ਭਾਰਤੀ ਡਿਪਲੋਮੈਟ ਦੇ ਪਤੀ ਦੀ ਨਿਊਯਾਰਕ ‘ਚ ਕੋਰੋਨਾ ਵਾਇਰਸ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਮਹਿਲਾ ਡਿਪਲੋਮੈਟ ਦਾ ਪਤੀ ਆਪਣੇ ਬੱਚਿਆਂ ਨਾਲ ਨਿਊਯਾਰਕ ਗਿਆ ਹੋਇਆ ਸੀ। ਜਿਸ ਤੋੋਂ ਬਾਅਦ ਉਸ ‘ਚ ਕੋਰੋਨਾ ਦੇ ਲੱਛਣ ਮਿਲਣ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਹਾਲਤ ਹੋਰ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਪਿਛਲੇ 2 ਦਿਨਾਂ ਤੋਂ ਵੈਂਟੀਲੇਟਰ ‘ਤੇ ਰੱਖਿਆ ਜਾ ਰਿਹਾ ਸੀ। ਦੱਸ ਦਈਏ ਕਿ ਕੋਰੋਨਾ ਵਾਇਰਸ ਨਾਲ ਮੌਤ ਦਾ ਇੱਕ ਭਾਰਤੀ ਡਿਪਲੋਮੈਟ ਨਾਲ ਜੁੜਿਆ ਇਹ ਪਹਿਲਾ ਮਾਮਲਾ ਹੈ।
ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ ਹੁਣ ਤੱਕ 1 ਲੱਖ 50 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 22 ਲੱਖ ਤੋਂ ਵੱਧ ਲੋਕ ਇਸ ਮਹਾਮਾਰੀ ਨਾਲ ਜੂਝ ਰਹੇ ਹਨ। ਅਮਰੀਕਾ ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਅਮਰੀਕਾ ਦਾ ਨਿਊਯਾਰਕ ਕੋਰੋਨਾ ਦਾ ਮੁੱਖ ਕੇਂਦਰ ਬਿੰਦੂ ਬਣਿਆ ਹੋਇਆ ਹੈ। ਕੋਰੋਨਾ ਮਹਾਮਾਰੀ ਨਾਲ ਅਮਰੀਕਾ ‘ਚ 34 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 6 ਲੱਖ 90 ਹਜ਼ਾਰ ਲੋਕ ਇਸ ਵਾਇਰਸ ਨਾਲ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ।