ਜਨੇਵਾ: ਦੇਸ਼ ‘ਚ ਕੋਰੋਨਾ ਮਹਾਮਾਰੀ ਦੀ ਤਬਾਹੀ ਰੁਕਣ ਦਾ ਨਾਂ ਨਹੀਂ ਲੈ ਰਹੀ। ਰੋਜ਼ਾਨਾ ਹੀ ਕਿੰਨੇ ਲੋਕ ਇਸਦੀ ਲਪੇਟ ‘ਚ ਆ ਰਹੇ ਹਨ। ਭਾਰਤ ਦੇ ਡਬਲ ਮਿਊਟੈਂਟ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਵਧਦੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ ਇਸ ਲਹਿਰ ਵਿਚ ਭਾਰਤ ਵਿਚ ਮਿਲਿਆ ਵੈਰੀਅੰਟ ਕਾਫ਼ੀ ਤੇਜ਼ੀ ਨਾਲ ਫੈਲ ਰਿਹਾ ਹੈ। ਵਰਲਡ ਹੈਲਥ ਸੰਗਠਨ (ਡਬਲਯੂਐਚਓ) ਨੇ ਵੀ ਕੋਰੋਨਾ ਦੇ ਇਸ ਰੂਪ ‘ਤੇ ਚਿੰਤਾ ਜ਼ਾਹਿਰ ਕੀਤੀ ਹੈ।
WHO ਦੀ ਮਾਰੀਆ ਵਾਨ ਕਰਖੋਵੇ ਨੇ ਕਿਹਾ, ‘ਅਸੀਂ ਇਸ ਵਾਇਰਸ ਨੂੰ ਵਿਸ਼ਵ ਪੱਧਰ ‘ਤੇ ਚਿੰਤਾ ਦੇ ਕਾਰਨ ਦੇ ਰੂਪ ‘ਚ ਵਰਗੀਕ੍ਰਿਤ ਕਰ ਰਹੇ ਹਾਂ। ਅਜਿਹੀਆਂ ਜਾਣਕਾਰੀਆਂ ਹਨ ਜਿਸ ਨਾਲ ਇਸ ਦੀ ਇਨਫੈਕਸ਼ਨ ਵਧਣ ਦਾ ਪਤਾ ਲੱਗ ਰਿਹਾ ਹੈ।’ ਡਬਲਯੂਐਚਓ ਦੇ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਕਿਹਾ ਸੀ ਕਿ ਭਾਰਤ ਵਿਚ ਫੈਲ ਰਿਹਾ ਕੋਵਿਡ -19 ਰੂਪ ਬਹੁਤ ਹੀ ਛੂਤਕਾਰੀ ਹੈ ਅਤੇ ਟੀਕੇ ਨੂੰ ਬੇਅਸਰ ਵੀ ਕਰ ਸਕਦਾ ਹੈ। ਇੱਕ ਇੰਟਰਵਿਊ ਵਿੱਚ, ਸੌਮਿਆ ਸਵਾਮੀਨਾਥਨ ਨੇ ਚੇਤਾਵਨੀ ਦਿੱਤੀ ਕਿ ਮਹਾਂਮਾਰੀ ਦੀ ਇਹ ਵਿਸ਼ੇਸ਼ਤਾ ਜੋ ਅਸੀਂ ਅੱਜ ਭਾਰਤ ਵਿੱਚ ਵੇਖ ਰਹੇ ਹਾਂ, ਇਹ ਦਰਸਾ ਰਹੀ ਹੈ ਕਿ ਇਹ ਇੱਕ ਤੇਜ਼ੀ ਨਾਲ ਫੈਲਣ ਵਾਲਾ ਰੂਪ ਹੈ। ਉਨ੍ਹਾਂ ਕਿਹਾ ਕਿ ਬੀ.1.617 ਦਾ ਕਰੀਬੀ ਵੈਰੀਐਂਟ ਭਾਰਤ ‘ਚ ਪਿਛਲੇ ਸਾਲ ਦਸੰਬਰ ‘ਚ ਦੇਖਿਆ ਗਿਆ ਸੀ। ਉੱਥੇ, ਇਸ ਤੋਂ ਪਹਿਲਾਂ ਦਾ ਇਕ ਵੈਰੀਐਂਟ ਅਕਤੂਬਰ 2020 ‘ਚ ਦੇਖਿਆ ਗਿਆ ਸੀ। ਇਹ ਵੈਰੀਐਂਟ ਹੁਣ ਤਕ ਕਈ ਦੇਸ਼ਾਂ ‘ਚ ਫੈਲ ਚੁੱਕਿਆ ਹੈ।
WHO ਤੋਂ ਇਲਾਵਾ ਬ੍ਰਿਟੇਨ ਨੇ ਵੀ ਭਾਰਤ ਵਿਚ ਪਾਈ ਗਈ ਕੋਰੋਨਾ ਦੇ ਇਸ ਰੂਪ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਯੂਕੇ ਵਿਭਾਗ ਦੇ ਪਬਲਿਕ ਹੈਲਥ ਇੰਗਲੈਂਡ ਨੇ ਪਿਛਲੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਇਹ ਹੋਰ ਰੂਪਾਂ ਦੇ ਮੁਕਾਬਲੇ ਤੇਜ਼ੀ ਨਾਲ ਫੈਲਣ ਵਾਲਾ ਰੂਪ ਹੈ।ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਇਸ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਲਈ ਹੈ।
ਤੇਜ਼ੀ ਨਾਲ ਵਧਦੇ ਇਨਫੈਕਸ਼ਨ ਕਾਰਨ ਕਈ ਦੇਸ਼ਾਂ ਨੇ ਭਾਰਤ ਤੋਂ ਆਵਾਜਾਈ ਸੀਮਤ ਜਾਂ ਬੰਦ ਕਰ ਦਿੱਤੀ ਹੈ। ਇਹ ਖੁਲਾਸੇ ਅਜਿਹੇ ਸਮੇਂ ਹੋਏ ਜਦੋਂ ਦੁਨੀਆ ਦੇ ਸਭ ਤੋਂ ਖਰਾਬ ਹਾਲਾਤ ਨਾਲ ਪੀੜਤ ਭਾਰਤ ਨੇ ਸੋਮਵਾਰ ਨੂੰ ਤਕਰੀਬਨ 3,70,000 ਤਾਜ਼ਾ ਸੰਕਰਮਣ ਅਤੇ 3,700 ਤੋਂ ਵੱਧ ਨਵੀਆਂ ਮੌਤਾਂ ਦੀ ਖਬਰ ਦਿੱਤੀ।