ਕੋਵਿਡ-19 : ਤਾਜ਼ ਮਹਿਲ ਸਮੇਤ ਦੇਸ਼ ਭਰ ਦੇ ਸਮਾਰਕ ਤੇ ਅਜਾਇਬ ਘਰ 31 ਮਾਰਚ ਤੱਕ ਬੰਦ

TeamGlobalPunjab
2 Min Read

ਆਗਰਾ : ਜਾਨਲੇਵਾ ਕੋਰੋਨਾ ਵਾਇਰਸ (COVID-19) ਹੁਣ ਤੱਕ ਦੁਨੀਆ ਦੇ 150 ਤੋਂ ਵੱਧ ਦੇਸ਼ਾਂ ‘ਚ ਫੈਲ ਚੁੱਕਾ ਹੈ। ਇਸ ਦੇ ਸੰਕਰਮਣ ਨੂੰ ਰੋਕਣ ਲਈ ਸਾਰੇ ਦੇਸ਼ਾਂ ਵੱਲੋਂ ਸਖਤ ਕਦਮ ਉਠਾਏ ਜਾ ਰਹੇ ਹਨ। ਜਿਸ ਦੇ ਚੱਲਦਿਆਂ ਭਾਰਤ ਦੇ ਸਭਿਆਚਾਰ ਮੰਤਰਾਲੇ ਨੇ 31 ਮਾਰਚ ਤੱਕ ਤਾਜ਼ ਮਹਿਲ, ਆਗਰਾ ਕਿਲ੍ਹਾ, ਫਤਿਹਪੁਰ ਸੀਕਰੀ ਸਮੇਤ ਦੇਸ਼ ਭਰ ਦੇ ਸਮਾਰਕਾਂ, ਪੁਰਾਤੱਤਵ ਸਥਾਨਾਂ, ਅਜਾਇਬ ਘਰਾਂ ਨੂੰ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।

ਕੋਰੋਨਾ ਨੂੰ ਲੈ ਕੇ ਆਗਰਾ ਕਾਫੀ ਸੰਵੇਦਨਸ਼ੀਲ ਰਿਹਾ ਹੈ, ਕਿਉਂਕਿ ਸ਼ੁਰੂਆਤੀ ਪੜਾਅ ਵਿੱਚ ਇਸ ਖੇਤਰ ‘ਚੋਂ ਕੋਰੋਨਾ ਦੇ 22 ਸੰਕਰਮਿਤ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ। ਕੇਂਦਰ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ 15 ਅਪ੍ਰੈਲ ਤੱਕ ਕਈ ਦੇਸ਼ਾਂ ਦੇ ਸੈਲਾਨੀਆਂ ਦੇ ਵੀਜ਼ਾ ਰੱਦ ਕਰਨ ਦੇ ਆਦੇਸ਼ ਵੀ ਦਿੱਤੇ ਸਨ। ਜਿਸ ਤੋਂ ਬਾਅਦ ਤਾਜ਼ ਅਤੇ ਹੋਰ ਸਮਾਰਕ ਦੇਖਣ ਵਾਲਿਆਂ ਦੀ ਗਿਣਤੀ ਕਾਫੀ ਘਟ ਗਈ ਸੀ। ਸੈਰ ਸਪਾਟਾ ਮੰਤਰੀ ਪ੍ਰਹਿਲਾਦ ਪਟੇਲ ਨੇ ਸੋਮਵਾਰ ਨੂੰ ਆਪਣੇ ਟਵੀਟ ‘ਚ ਸਾਰੇ ਸਬੰਧਤ ਅਧਿਕਾਰੀਆਂ ਨੂੰ ਇਸ ਪ੍ਰਤੀ ਸਾਵਧਾਨ ਰਹਿਣ ਲਈ ਕਿਹਾ ਹੈ।

ਇੱਕ ਹਫ਼ਤਾ ਪਹਿਲਾਂ ਆਲ ਇੰਡੀਆ ਮੇਅਰ ਕੌਂਸਲ ਦੇ ਰਾਸ਼ਟਰੀ ਪ੍ਰਧਾਨ ਅਤੇ ਆਗਰਾ ਦੇ ਮੇਅਰ ਨਵੀਨ ਜੈਨ ਨੇ ਨੇ ਵੱਡੀ ਗਿਣਤੀ ਵਿਚ ਵਿਦੇਸ਼ੀ ਸੈਲਾਨੀਆਂ ਦੇ ਮੱਦੇਨਜ਼ਰ ਤਾਜ਼ ਮਹਿਲ ਸਮੇਤ ਹੋਰ ਸਮਾਰਕਾਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਤਾਜ਼ ਮਹਿਲ 1971 ਵਿਚ ਭਾਰਤ-ਪਾਕਿਸਤਾਨ ਯੁੱਧ ਦੌਰਾਨ ਬੰਦ ਕੀਤਾ ਗਿਆ ਸੀ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸੈਰ-ਸਪਾਟਾ ਉਦਯੋਗ ਨੂੰ ਵੀ ਕਾਫ਼ੀ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਤਾਜਾ ਜਾਣਕਾਰੀ ਅਨੁਸਾਰ ਪੂਰੀ ਦੁਨੀਆ ‘ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 7000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1,85,000 ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋਏ ਹਨ। ਭਾਰਤ ‘ਚ ਕੋਰੋਨਾ ਵਾਇਰਸ (COVID-19) ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੀ ਵੱਧ ਕੇ 122 ਤੱਕ ਪਹੁੰਚ ਗਈ ਹੈ।ਜਿਨ੍ਹਾਂ ‘ਚੋਂ 2 ਦੀ ਮੌਤ ਹੋ ਗਈ ਹੈ।

Share this Article
Leave a comment