-ਜਗਤਾਰ ਸਿੰਘ ਸਿੱਧੂ
ਪੰਜਾਬ ਦੀਆਂ ਮੰਡੀਆਂ ਅੰਦਰ ਕਣਕ ਦੀ ਕਟਾਈ ਸ਼ੁਰੂ ਹੋਣ ਕਾਰਨ 15 ਅਪ੍ਰੈਲ ਤੋਂ ਫਸਲ ਆਉਣੀ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਕੇਂਦਰੀ ਦੀਆਂ ਹਦਾਇਤਾਂ ਮੁਤਾਬਿਕ ਕਿਸਾਨ ਨੂੰ ਕੋਰੋਨਾ ਵਾਇਰਸ ਬਾਰੇ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮੰਡੀਆਂ ‘ਚ ਕਣਕ ਲਿਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਸਰਕਾਰ ਦੇ ਦਾਅਵੇ ਹਨ ਕਿ ਕਿਸਾਨਾਂ ਲਈ ਮੰਡੀਆਂ ‘ਚ ਕਣਕ ਲਿਆਉਣ ਲਈ ਪਾਸਾਂ ਦਾ ਪ੍ਰਬੰਧ ਕੀਤਾ ਹੈ। ਇਸ ਮੰਤਵ ਲਈ ਆੜ੍ਹਤੀਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।
ਇੱਕ ਸਮੇਂ ਇੱਕ ਕਿਸਾਨ ਇੱਕ ਟਰਾਲੀ ਹੀ ਕਣਕ ਦੀ ਮੰਡੀ ‘ਚ ਲਿਆ ਸਕਦਾ ਹੈ। ਮੰਡੀ ‘ਚ ਅਲੱਗ-ਅਲੱਗ ਬਲਾਕ ਬਣਾਏ ਗਏ ਹਨ ਅਤੇ ਸੈਨੀਟਾਇਜ਼ਰ ਦਾ ਪ੍ਰਬੰਧ ਕੀਤਾ ਗਿਆ ਹੈ। ਸਰਕਾਰ ਵੱਲੋਂ ਇਹ ਸਭ ਪ੍ਰਬੰਧ ਮਹਾਮਾਰੀ ਦੇ ਸੰਕਟ ‘ਚ ਔਖੀਆਂ ਪ੍ਰਸਥਿਤੀਆਂ ਦਾ ਟਾਕਰਾ ਕਰਨ ਲਈ ਕੀਤਾ ਗਿਆ ਹੈ। ਇਨ੍ਹਾਂ ਸਾਰੇ ਦਾਅਵਿਆਂ ਦੇ ਬਾਵਜੂਦ ਕਈ ਵੱਡੀਆਂ ਦਿੱਕਤਾਂ ਦਾ ਕਿਸਾਨ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਆੜ੍ਹਤੀਆਂ ਦੇ ਇੱਕ ਧੜੇ ਵੱਲੋਂ ਮੰਡੀਆਂ ਦਾ 20 ਅਪ੍ਰੈਲ ਤੱਕ ਬਾਈਕਾਟ ਕੀਤਾ ਹੋਇਆ ਹੈ।
ਇਨ੍ਹਾਂ ਆੜ੍ਹਤੀਆਂ ਦਾ ਕਹਿਣਾ ਹੈ ਕਿ ਪਿਛਲੇ ਸੀਜ਼ਨ ਦੀ 150 ਕਰੋੜ ਰੁਪਏ ਦੀ ਅਦਾਇਗੀ ਸਰਕਾਰ ਵੱਲ ਬਾਕੀ ਹੈ। ਇਹ ਅਦਾਇਗੀ ਕਰੀ ਜਾਵੇ ਤਾਂ ਖਰੀਦ ਸ਼ੁਰੂ ਕਰਨਗੇ। ਪਹਿਲਾਂ ਤਾਂ ਮੰਡੀਆਂ ‘ਚ ਕਣਕ ਦੀ ਆਮਦ ਕਿਸਾਨਾਂ ਲਈ ਵੱਡੀ ਸਮੱਸਿਆ ਬਣੇਗੀ। ਮੌਸਮ ‘ਚ ਗਰਮੀ ਆਉਣ ਕਾਰਨ ਅਗਲੇ ਕੁਝ ਦਿਨਾਂ ਵਿੱਚ ਕਣਕ ਦੀ ਕਟਾਈ ਵਿੱਚ ਤੇਜ਼ੀ ਆ ਜਾਵੇਗੀ ਅਤੇ ਕਿਸਾਨ ਨੂੰ ਸਮੇਂ ਸਿਰ ਫਸਲ ਦੀ ਕਟਾਈ ਕਰਨੀ ਹੀ ਹੋਵੇਗੀ। ਸਰਕਾਰੀ ਪ੍ਰਬੰਧ ਮੁਤਾਬਿਕ ਸਾਰੀ ਕਣਕ ਮੰਡੀਆਂ ਵਿੱਚ ਨਹੀਂ ਜਾ ਸਕੇਗੀ। ਵੱਡੇ ਕਿਸਾਨਾਂ ਕੋਲ ਤਾਂ ਕਣਕ ਸਾਂਭਣ ਲਈ ਘਰਾਂ ‘ਚ ਵੀ ਪ੍ਰਬੰਧ ਹੁੰਦਾ ਹੈ ਪਰ ਛੋਟੇ ਕਿਸਾਨ ਕੋਲ ਕਣਕ ਘਰ ਰੱਖਣੀ ਬਹੁਤ ਮੁਸ਼ਕਲ ਹੈ। ਕਈ ਕਿਸਾਨਾਂ ਨੇ ਆਪਸੀ ਸਹਿਮਤੀ ਨਾਲ ਇੱਕ ਦੂਜੇ ਦੀ ਕਣਕ ਸੰਭਾਲਣ ਦੇ ਉਪਰਾਲੇ ਕੀਤੇ ਹਨ। ਇਸ ਤਰ੍ਹਾਂ ਮਸਲੇ ਦਾ ਹੱਲ ਨਹੀਂ ਹੋ ਸਕਦਾ। ਕਣਕ ਦੀ ਅਦਾਇਗੀ ਕਿਸਾਨ ਲਈ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਆਮ ਤੌਰ ‘ਤੇ ਕਿਸਾਨਾਂ ਨੇ ਆੜ੍ਹਤੀਆਂ ਤੋਂ ਪਹਿਲਾਂ ਹੀ ਕਰਜ਼ੇ ਚੁੱਕੇ ਹੁੰਦੇ ਹਨ ਅਤੇ ਫਸਲ ਦੀ ਆਸ ਨਾਲ ਕੰਮ ਕਰਦੇ ਹਨ। ਹੁਣ ਜਦੋਂ ਫਸਲ ਦੀ ਅਦਾਇਗੀ ਵਿੱਚ ਦੇਰੀ ਹੋਵੇਗੀ ਤਾਂ ਕਿਸਾਨ ਸਿਰ ਕਰਜ਼ੇ ਦਾ ਮੀਟਰ ਤਾਂ ਉਸੇ ਤਰ੍ਹਾਂ ਘੁੰਮਦਾ ਰਹੇਗਾ।
ਸਰਕਾਰ ਨੂੰ ਦਖਲ ਦੇ ਕੇ ਨਿੱਜੀ ਖੇਤਰ ਦੇ ਕਰਜਿਆਂ ਦੀ ਅਦਾਇਗੀ ਵੀ ਅਗਲੀ ਫਸਲ ਤੱਕ ਨਾ ਲੈਣ ਦੀ ਹਦਾਇਤ ਕੀਤੀ ਜਾਵੇ ਅਤੇ ਇਸ ਸਮੇਂ ਦਾ ਵਿਆਜ ਮਾਫ ਕੀਤਾ ਜਾਵੇ। ਐਨੇ ਵੱਡੇ ਸੰਕਟ ਦੇ ਮੱਦੇਨਜ਼ਰ ਸਾਰਾ ਬੋਝ ਕਿਸਾਨ ਸਿਰ ਹੀ ਨਾ ਸੁੱਟਿਆ ਜਾਵੇ। ਮੰਡੀਆਂ ਅੰਦਰ ਕੋਰੋਨਾ ਵਾਇਰਸ ਦੇ ਟਾਕਰੇ ਲਈ ਪ੍ਰਬੰਧ ਕਰਨ ਦੇ ਜ਼ਰੂਰ ਦਾਅਵੇ ਕੀਤੇ ਜਾ ਰਹੇ ਹਨ ਪਰ ਹਕੀਕਤ ਇਹ ਹੈ ਕਿ ਸਰਕਾਰ ਦੀ ਨਿਗਰਾਨੀ ਬਗੈਰ ਅਜਿਹਾ ਸੰਭਵ ਨਹੀਂ। ਕਿਸਾਨ ਨੂੰ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਅਤੇ ਆੜ੍ਹਤੀਏ ਆਪਣੇ ਪੱਲੇ ਤੋਂ ਧੇਲਾ ਖਰਚਨ ਲਈ ਤਿਆਰ ਨਹੀਂ ਹੁੰਦੇ। ਕੇਵਲ ਖਾਨਾ ਪੂਰਤੀ ਕਰਨ ਨਾਲ ਮਹਾਮਾਰੀ ਦਾ ਟਾਕਰਾ ਨਹੀਂ ਹੋ ਸਕਦਾ। ਇਸ ਵੇਲੇ ਕਿਸਾਨ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਕਰਕੇ ਖੇਤਾਂ ਵਿੱਚ ਕਣਕ ਦੀ ਕਟਾਈ ਲਈ ਨਿਕਲੇ ਹੋਏ ਹਨ। ਉਨ੍ਹਾਂ ਦੀ ਸੁਰੱਖਿਆ ਦੇ ਪ੍ਰਬੰਧ ਕਰਨੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ।
ਇਸੇ ਤਰ੍ਹਾਂ ਮੰਡੀਆਂ ਵਿੱਚ ਵੀ ਥਾਂ-ਥਾਂ ਦੇ ਮਜ਼ਦੂਰ ਆਉਂਦੇ ਹਨ। ਮੰਡੀਆਂ ਵਿੱਚ ਦੂਰੀ ਬਣਾ ਕੇ ਰੱਖਣ ਲਈ ਵੀ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ। ਹੁਣ ਮਾਮਲਾ ਕੇਵਲ ਕਿਸਾਨ ਦੀ ਫਸਲ ਖਰੀਦਣ ਦਾ ਨਹੀਂ ਹੈ ਸਗੋਂ ਕਿਸਾਨ ਦੀ ਜਾਨ ਬਚਾਉਣ ਦਾ ਹੈ। ਆਰਥਿਕ ਤੌਰ ‘ਤੇ ਤਾਂ ਕਿਸਾਨ ਪਹਿਲਾਂ ਹੀ ਕਿਸੇ ਬਿਮਾਰੀ ਦੇ ਇਲਾਜ ‘ਤੇ ਖਰਚਾ ਕਰਨ ਦੇ ਸਮਰਥ ਨਹੀਂ ਹੈ। ਕਿਸਾਨ ਦੇ ਸਹਾਇਕ ਧੰਦੇ ਚੌਪਟ ਹੋ ਗਏ ਹਨ। ਡੇਅਰੀ ਦਾ ਦੁੱਧ 20 ਰੁਪਏ ਕਿਲੋ ਕਿਸਾਨ ਵੇਚ ਰਿਹਾ ਹੈ। ਸਬਜ਼ੀਆਂ ਤਬਾਹ ਹੋ ਗਈਆਂ ਹਨ।
ਸ਼ਹਿਰਾਂ ਅੰਦਰ ਉਪਭੋਗੀਆਂ ਨੂੰ ਸਬਜ਼ੀਆਂ ਮਹਿੰਗੇ ਭਾਅ ਮਿਲ ਰਹੀਆਂ ਹਨ ਪਰ ਕਿਸਾਨ ਦੀ ਲੁੱਟ ਹੋ ਰਹੀ ਹੈ। ਮੌਜੂਦਾ ਪ੍ਰਸਥਿਤੀਆਂ ਵਿੱਚ ਕਿਸਾਨ ਲਈ ਅਗਲੇ ਦਸ ਪੰਦਰਾਂ ਦਿਨ ਬਹੁਤ ਅਹਿਮੀਅਤ ਰੱਖਦੇ ਹਨ। ਜੇਕਰ ਮੰਡੀਆਂ ਅੰਦਰ ਫਸਲ ਦੀ ਵਿਕਰੀ ਢੰਗ ਨਾਲ ਹੋ ਗਈ ਤਾਂ ਕਿਸਾਨ ਬਚ ਜਾਵੇਗਾ ਪਰ ਜੇਕਰ ਸਰਕਾਰੀ ਦਾਅਵੇ ਖੋਖਲੇ ਸਾਬਤ ਹੋਏ ਤਾਂ ਵੱਡੀ ਮੁਸ਼ਕਲ ਆ ਸਕਦੀ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਸਾਡੇ ਅਦਾਰੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਕਣਕ ਦੀ ਮੰਡੀਆਂ ‘ਚ ਖਰੀਦ ਇਸ ਵੇਲੇ ਬਹੁਤ ਵੱਡੀ ਚੁਣੌਤੀ ਹੈ। ਆਉਣ ਵਾਲੇ ਦਿਨ ਫੈਸਲਾਕੁੰਨ ਹੋਣਗੇ ਕਿ ਵੱਡੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਕਿਸਾਨਾਂ ਦੀਆਂ ਕਿੰਨੀਆਂ ਹਮਦਰਦ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਆਗੂਆਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਸੰਕਟ ਦੀ ਘੜੀ ‘ਚ ਕਿਸਾਨ ਹੀ ਦੇਸ਼ ਨੂੰ ਬਚਾਉਣ ਲਈ ਮੁੱਖ ਧਿਰ ਹੈ।
ਸੰਪਰਕ : 9814002186