ਕੋਵਿਡ-19 : ਭਾਰਤੀ ਮੂਲ ਦੇ ਅਮਰੀਕੀ ਜੋੜੇ ਨੇ ਜਿੱਤਿਆ ਦੁਨੀਆ ਦਾ ਦਿਲ, ਬਣਾਇਆ ਦੁਨੀਆ ਦਾ ਬੇਹੱਦ ਸਸਤਾ ਪੋਰਟੇਬਲ ਵੈਂਟੀਲੇਟਰ

TeamGlobalPunjab
3 Min Read

ਵਾਸ਼ਿੰਗਟਨ : ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ ਇਸ ਮਹਾਮਾਰੀ ਦੀ ਵੈਕਸੀਨ ਬਣਾਉਣ ‘ਚ ਜੁਟੇ ਹੋਏ ਹਨ।  ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਨੂੰ ਹਰਾਉਣ ਲਈ ਅਤੇ ਲੋਕਾਂ ਨੂੰ ਰਾਹਤ ਦੇਣ ਲਈ ਦੁਨੀਆ ਦੇ ਬਹੁਤ ਸਾਰੇ ਲੋਕਾਂ ਵੱਲੋਂ ਵੀ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ‘ਚ ਹੀ ਅਮਰੀਕਾ ਦੇ ਜਾਰਜੀਆ ਦੇ ਭਾਰਤੀ ਮੂਲ ਦੇ ਜੋੜੇ ਨੇ ਇੱਕ ਬੇਹੱਦ ਸਸਤਾ ਵੈਂਟੀਲੇਟਰ ਤਿਆਰ ਕੀਤਾ ਹੈ।

ਵੈਂਟੀਲੇਟਰ ਨੂੰ ਬਣਾਉਣ ਵਾਲੇ ਭਾਰਤੀ ਮੂਲ ਦੇ ਦੇਵੇਸ਼ ਰੰਜਨ ਜਾਰਜੀਆ ਦੇ ਜਾਰਜ ਡਬਲਯੂ ਵੂਡਰਫ ਸਕੂਲ ਆਫ ਮਕੈਨੀਕਲ ਇੰਜੀਨੀਅਰਿੰਗ ਵਿਚ ਪ੍ਰੋਫੈਸਰ ਹੈ ਅਤੇ ਉਨ੍ਹਾਂ ਦੀ ਪਤਨੀ ਕੁਮੂਦਾ,  ਅਟਲਾਂਟਾ ‘ਚ ਬਤੌਰ ਡਾਕਟਰ ਕੰਮ ਕਰਦੇ ਹਨ। ਦੋਵਾਂ ਨੇ ਪ੍ਰੋਟੋਟਾਈਪ ਵੈਂਟੀਲੇਟਰ ਨੂੰ ਮਹਿਜ਼  3 ਹਫਤਿਆਂ ਵਿੱਚ ਤਿਆਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵੈਂਟੀਲੇਟਰ ਦਾ ਉਤਪਾਦਨ ਜਲਦੀ ਹੀ ਸ਼ੁਰੂ ਹੋ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਵੈਂਟੀਲੇਟਰ ਭਾਰਤ ‘ਚ ਵੀ ਮੁਹੱਈਆ ਕਰਵਾਇਆ ਜਾਵੇਗਾ। ਪ੍ਰੋਫੈਸਰ ਦੇਵੇਸ਼ ਰੰਜਨ ਦਾ ਕਹਿਣਾ ਹੈ ਕਿ ਜੇਕਰ ਵੱਡੀ ਪੱਧਰ ‘ਤੇ ਇਨ੍ਹਾਂ ਵੈਂਟੀਲੇਟਰ ਨੂੰ ਬਣਾਇਆ ਜਾਂਦਾ ਹੈ ਤਾਂ ਇੱਕ ਵੈਂਟੀਲੇਟਰ ‘ਤੇ 100 ਡਾਲਰ ਭਾਵ ਭਾਰਤੀ ਰੁਪਏ ਦੇ ਹਿਸਾਬ ਨਾਲ ਕਰੀਬ ਸਾਢੇ ਸੱਤ ਹਜ਼ਾਰ ਰੁਪਏ ਦੀ ਲਾਗਤ ਆਏਗੀ। ਦੱਸ ਦਈਏ ਕਿ ਇਸ ਸਮੇਂ ਅਮਰੀਕਾ ਵਿੱਚ ਇੱਕ ਵੈਂਟੀਲੇਟਰ ਦੀ ਕੀਮਤ 10 ਹਜ਼ਾਰ ਡਾਲਰ ਯਾਨੀ 7 ਲੱਖ 56 ਹਜ਼ਾਰ ਰੁਪਏ ਹੈ।

ਪ੍ਰੋ. ਰੰਜਨ ਨੇ ਕਿਹਾ ਕਿ ਬੇਸ਼ੱਕ ਇਸ ਨੂੰ ਬਣਾਉਣ ਵਿਚ 500 ਡਾਲਰ (ਲਗਭਗ 39 ਹਜ਼ਾਰ ਰੁਪਏ) ਵੀ ਲਗਦੇ ਹਨ ਤਾਂ ਵੀ ਤੁਸੀਂ ਇਸ ਵੈਂਟੀਲੇਟਰ ਨਾਲ ਬਾਜ਼ਾਰ ਵਿਚ ਮੁਨਾਫਾ ਕਮਾ ਸਕਦੇ ਹੋ। ਇਹ ਇਕ ਖੁੱਲ੍ਹਾ ਏਅਰਵੇਂਟ ਜੀਟੀ ਵੈਂਟੀਲੇਟਰ ਹੈ। ਜਿਸ ਨੂੰ ਕਿ ਐਕਿਊਟ ਰੇਸੀਪਰੇਟਰੀ ਸਿੰਡਰੋਮ ਦੇ ਇਲਾਜ ਲਈ ਤਿਆਰ ਕੀਤਾ ਗਿਆ ਹੈ। ਕੋਰੋਨਾ ਮਹਾਮਾਰੀ ਦੇ ਸੰਕਰਮਿਤ ਮਰੀਜ਼ਾਂ ‘ਚ ਇਹ ਸਿੰਡਰੋਮ ਇੱਕ ਵੱਡੀ ਸਮੱਸਿਆ ਬਣ ਕੇ ਉਭਰਿਆ ਹੈ। ਇਸ ਦੇ ਕਾਰਨ ਫੇਫੜੇ ਸਖ਼ਤ ਹੋ ਜਾਂਦੇ ਹਨ ਅਤੇ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਅਜਿਹੀ ਸਥਿਤੀ ‘ਚ ਮਰੀਜ਼ ਨੂੰ ਵੈਂਟੀਲੇਟਰ ਦੀ ਜ਼ਰੂਰਤ ਪੈਂਦੀ ਹੈ। ਇਸ ਦੇ ਨਾਲ ਹੀ ਪ੍ਰੋ. ਰੰਜਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਕੋਈ ਆਈਸੀਯੂ ਵੈਂਟੀਲੇਟਰ ਨਹੀਂ ਹੈ ਕਿਉਂਕਿ ਅਜਿਹੇ ਵੈਂਟੀਲੇਟਰ ਵਧੇਰੇ ਮਹਿੰਗੇ ਹੁੰਦੇ ਹਨ।

ਪ੍ਰੋ. ਰੰਜਨ ਦਾ ਜਨਮ ਬਿਹਾਰ ਦੇ ਪਟਨਾ ਵਿੱਚ ਹੋਇਆ ਸੀ। ਉਨ੍ਹਾਂ ਨੇ ਤ੍ਰਿਚੀ ਕਾਲਜ ਤੋਂ ਇੱਕ ਇੰਜੀਨੀਅਰਿੰਗ ਦੀ ਡਿਗਰੀ ਕਰਨ ਤੋਂ ਬਾਅਦ ਯੂਨੀਵਰਸਿਟੀ ਆਫ ਵਿਸਕਾਨਸਿਨ-ਮੈਡੀਸਨ  ਤੋਂ ਪੀਐਚਡੀ ਕੀਤੀ ਸੀ। ਰੰਜਨ ਪਿਛਲੇ ਛੇ ਸਾਲਾਂ ਤੋਂ ਜਾਰਜੀਆ ਵਿੱਚ ਬਤੌਰ ਪ੍ਰੋਫੈਸਰ ਕੰਮ ਕਰ ਰਹੇ ਹਨ। ਪ੍ਰੋ. ਰੰਜਨ ਦੀ ਪਤਨੀ ਕੁਮੂਦਾ ਰਾਂਚੀ ਦੀ ਰਹਿਣ ਵਾਲੀ ਹਨ। ਕੁਮੂਦਾ ਆਪਣੇ ਪਰਿਵਾਰ ਨਾਲ ਮਹਿਜ਼  6 ਸਾਲਾਂ ਦੀ ਉਮਰ ‘ਚ ਅਮਰੀਕਾ ਆ ਗਈ ਸੀ। ਉਨ੍ਹਾਂ ਨੇ ਆਪਣੀ ਡਾਕਟਰੀ ਦੀ ਪੜ੍ਹਾਈ ਨਿਊ ਜਰਸੀ ਤੋਂ ਪ੍ਰਾਪਤ ਕੀਤੀ।

- Advertisement -

Share this Article
Leave a comment