ਕੋਵਿਡ-19 – ਉੱਤਰ ਤੋਂ ਪੁਰਬ ਵੱਲ

TeamGlobalPunjab
7 Min Read

-ਅਵਤਾਰ ਸਿੰਘ

ਭਾਰਤ ਵਿੱਚ ਕੋਵਿਡ-19 ਜਾਂ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਲੌਕ ਡਾਊਨ ਚੱਲ ਰਿਹਾ ਹੈ। ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਆਦੇਸ਼ ਹਨ। ਬਿਨਾਂ ਮਾਸਕ ਚਲਣਾ ਮਨ੍ਹਾਂ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਦੇਸ਼ ਦਾ ਪ੍ਰਵਾਸੀ ਮਜ਼ਦੂਰ ਉੱਤਰ ਤੋਂ ਪੁਰਬ ਵੱਲ ਰੇਲ ਗੱਡੀਆਂ, ਪੈਦਲ, ਸਾਈਕਲ, ਬੱਸਾਂ ਅਤੇ ਟਰੱਕਾਂ ਵਿੱਚ ਤੂੜੀ ਵਾਂਗ ਭਰ ਕੇ ਜਾ ਰਿਹਾ ਹੈ। ਇਨ੍ਹਾਂ ਨੂੰ ਕੁਝ ਨਹੀਂ ਪਤਾ ਕਿ ਇਨ੍ਹਾਂ ਦੇ ਜੱਦੀ ਪਿੰਡ ਪਹੁੰਚਣ ‘ਤੇ ਕਿੰਨਾ ਸਮਾਂ ਲੱਗੇਗਾ, ਬਸ ਇਕ ਹੀ ਰੱਟ ਲਾਈ ਹੋਈ ਅਸੀਂ ਆਪਣੇ ਪਿੰਡ ਜਾਣਾ ਹੈ। ਪ੍ਰਵਾਸੀ ਮਜ਼ਦੂਰਾਂ ਨੂੰ ਪੂਰਬੀਏ ਵੀ ਕਿਹਾ ਜਾਂਦਾ ਹੈ।

ਪ੍ਰਵਾਸੀ ਮਜ਼ਦੂਰਾਂ ਦੇ ਇਨ੍ਹਾਂ ਹਜ਼ੂਮਾਂ ਵਿੱਚ ਗਰਭਵਤੀ ਔਰਤਾਂ, ਮਾਸੂਮਾਂ ਤੋਂ ਇਲਾਵਾ ਬਜ਼ੁਰਗ ਵੀ ਸ਼ਾਮਿਲ ਹਨ। ਇਹ ਹਜ਼ੂਮ ਕਦੇ ਕਿਸੇ ਬੱਸ ਅੱਡੇ ‘ਤੇ ਭਟਕ ਰਹੇ ਹਨ ਤੇ ਕਦੇ ਕਿਸੇ ਰੇਲਵੇ ਸਟੇਸ਼ਨ ਜਾਂ ਕੁਝ ਪੈਦਲ ਹੀ ਸੜਕਾਂ ਉਪਰ ਟੋਲੀਆਂ ਬਣਾ ਜਾ ਰਹੇ ਹਨ। ਸੜਕਾਂ ‘ਤੇ ਜਾ ਰਹੇ ਕੁਝ ਲੋਕ ਹਾਦਸਾਗ੍ਰਸਤ ਹੋ ਰਹੇ ਤੇ ਕੁਝ ਗਰਮੀ ਕਾਰਨ ਦਮ ਤੋੜ ਰਹੇ ਹਨ। ਪੈਦਲ ਚਲਦੇ ਚਲਦੇ ਉਨ੍ਹਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਰਾਮ ਕਿਸ ਥਾਂ ਕਰਨਾ ਹੈ। ਕੁਝ ਦਿਨ ਪਹਿਲਾਂ ਪੈਦਲ ਚੱਲ ਚੱਲ ਕੇ ਥੱਕ ਟੁੱਟ ਚੁਕੇ ਨੀਂਦ ਦੀ ਆਈ ਲੋਰ ਵਿੱਚ ਕੁਝ ਪ੍ਰਵਾਸੀ ਆਰਾਮ ਕਰਨ ਲਈ ਰੇਲ ਦੇ ਟਰੈਕ ‘ਤੇ ਹੀ ਸੌਂ ਗਏ ਜਿਥੇ ਰੇਲ ਗੱਡੀ ਨੇ ਉਨ੍ਹਾਂ ਨੂੰ ਦਰੜ ਕੇ ਸਦਾ ਦੀ ਨੀਂਦ ਸੁਆ ਦਿੱਤਾ।

ਇਸੇ ਤਰ੍ਹਾਂ ਰਿਪੋਰਟਾਂ ਮੁਤਾਬਿਕ ਬੁਧਵਾਰ (13 ਮਈ) ਨੂੰ ਵਾਪਰੇ ਦੋ ਵੱਖ-ਵੱਖ ਹਾਦਸਿਆਂ ਵਿੱਚ 14 ਮਜ਼ਦੂਰਾਂ ਦੀ ਮੌਤ ਹੋ ਗਈ। ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਵਾਪਸ ਜਾ ਰਹੇ 8 ਪਰਵਾਸੀ ਮਜ਼ਦੂਰਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਰਨ ਵਾਲੇ ਸਾਰੇ ਉੱਤਰ ਪ੍ਰਦੇਸ਼ ਦੇ ਹੀ ਸਨ। ਇਹ ਹਾਦਸਾ ਮੱਧ ਪ੍ਰਦੇਸ਼ ਦੇ ਗੂਨਾ ਜ਼ਿਲ੍ਹੇ ਵਿੱਚ ਵਾਪਰਿਆ ਹੈ। ਹਾਦਸੇ ਵਿੱਚ 50 ਤੋਂ ਵੱਧ ਮਜ਼ਦੂਰ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਮਜ਼ਦੂਰ ਇੱਕ ਟਰੱਕ ਵਿੱਚ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਜਾ ਰਹੇ ਸਨ। ਬੁੱਧਵਾਰ ਦੇਰ ਰਾਤ ਟਰੱਕ ਇੱਕ ਬੱਸ ਨਾਲ ਟਕਰਾ ਗਿਆ। ਇਹ ਹਾਦਸਾ ਗੂਨਾ ਦੇ ਕੈਂਟ ਪੀਐਸ ਖੇਤਰ ਨੇੜੇ ਹੋਇਆ। ਇੱਕ ਹੋਰ ਮਾਮਲੇ ਵਿੱਚ ਦਿੱਲੀ-ਸਹਾਰਨਪੁਰ ਹਾਈਵੇਅ ’ਤੇ ਪੈਦਲ ਚੱਲ ਰਹੇ ਮਜ਼ਦੂਰਾਂ ਨੂੰ ਇੱਕ ਬਸ ਨੇ ਕੁਚਲ ਦਿੱਤਾ। ਇਹ ਘਟਨਾ ਮੁਜ਼ੱਫਰਨਗਰ ਜ਼ਿਲ੍ਹੇ ਦੀ ਹੈ। ਇਸ ਹਾਦਸੇ ਵਿੱਚ ਪੰਜ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋਏ ਹਨ। ਹਾਦਸਿਆਂ ਵਿੱਚ ਮਾਰਨ ਵਾਲੇ ਸਾਰੇ ਮਜ਼ਦੂਰ ਵੀ ਆਪਣੇ ਆਪਣੇ ਪਿੰਡਾਂ ਵਿੱਚ ਪੁੱਜਣ ਲਈ ਕਾਹਲੇ ਸਨ। ਪਰ ਵਸੀਲਿਆਂ ਦੀ ਘਾਟ ਕਾਰਨ ਇਹ ਵਿਚਾਰੇ ਆਪਣੀ ਮੰਜ਼ਿਲ ‘ਤੇ ਨਾ ਪੁੱਜ ਸਕੇ।

- Advertisement -

ਦੇਸ਼ ਦੇ ਵਿਕਾਸ ਵਿਚ ਹਿੱਸਾ ਪਾਉਣ ਵਾਲਾ ਮਜ਼ਦੂਰ ਅੱਜ ਇਸ ਕਦਰ ਭਟਕ ਰਿਹਾ ਕਿ ਉਸ ਦੀ ਕਿਧਰੇ ਵੀ ਦਲੀਲ ਅਪੀਲ ਨਹੀਂ ਹੈ। ਉਸ ਨੂੰ ਮਨੁੱਖ ਨੇ ਜਾਂ ਕੁਦਰਤੀ ਕਰੋਪੀ ਨੇ ਹਮੇਸ਼ਾ ਭੰਨਿਆ ਹੈ।
ਹਾਲਾਂਕਿ ਬੀਤੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਖਜ਼ਾਨਾ ਮੰਤਰੀ ਨੇ ਇਨ੍ਹਾਂ ਨੂੰ ਰਾਹਤ ਦੇਣ ਲਈ ਇਕ ਵੱਡੇ ਪੈਕੇਜ ਦਾ ਐਲਾਨ ਵੀ ਕੀਤਾ ਹੈ, ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਦੇ ਪ੍ਰਸ਼ਾਸ਼ਨਿਕ ਢਾਂਚੇ ਅਨੁਸਾਰ ਇਹ ਵੀ ‘ਰਸੁਖਦਾਰਾਂ’ ਤਕ ਹੀ ਪੁੱਜਣੀ ਹੈ। ਮਜ਼ਦੂਰਾਂ ਦੇ ਹੱਕ ਖੋਹੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਹਾਲਾਤ ਵਿੱਚ ਮਜ਼ਦੂਰਾਂ ਨੂੰ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ, ਹੁਣ ਵੀ ਦੇਸ ਦੇ ਮੁੱਖ ਸੂਬਿਆਂ ਵਿੱਚ ਓਹੋ ਜਿਹੇ ਹਾਲਾਤ ਬਣ ਜਾਣਗੇ। ਕਈ ਸੂਬਿਆਂ ਨੇ ਕੋਰੋਨਾਵਾਇਰਸ ਨਾਲ ਲੜਨ ਦੇ ਨਾਮ ’ਤੇ ਮਜ਼ਦੂਰ ਕਾਨੂੰਨ ਦੀਆਂ ਕੁਝ ਤਜਵੀਜ਼ਾਂ ਨੂੰ ਤਿੰਨ ਸਾਲਾਂ ਲਈ ਛਿੱਕੇ ਟੰਗ ਦਿੱਤਾ ਹੈ। ਉਦਯੋਗਪਤੀਆਂ ਤੇ ਮਾਲਕਾਂ ਨੂੰ ਛੋਟ ਦੇ ਦਿੱਤੀ ਗਈ ਹੈ ਕਿ ਉਹ ਮਜ਼ਦੂਰਾਂ ਦੀ ਬਿਹਤਰੀ ਲਈ ਬਣਾਏ ਗਏ ਕਾਨੂੰਨ ਦਾ ਪਾਲਣ ਕਰਨ ਲਈ ਵਚਨਬੱਧ ਨਹੀਂ ਹਨ।

ਉੱਤਰ ਪ੍ਰਦੇਸ਼ ਸਰਕਾਰ ਨੇ ਮੰਤਰੀ ਮੰਡਲ ਦੀ ਬੈਠਕ ਵਿੱਚ ਫੈਸਲਾ ਲਿਆ ਕਿ ‘ਪ੍ਰਦੇਸ਼ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ’ ਉਦਯੋਗਪਤੀਆਂ ਤੇ ਮਾਲਕਾਂ ਨੂੰ ਛੋਟ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਪ੍ਰਧਾਨਗੀ ਵਿੱਚ ਹੋਈ ਬੈਠਕ ਤੋਂ ਬਾਅਦ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਕਿ ਹੁਣ ਸੂਬੇ ਵਿੱਚ ਮਜ਼ਦੂਰਾਂ ਨਾਲ ਜੁੜੇ ਸਿਰਫ਼ ਤਿੰਨ ਕਾਨੂੰਨ ਹੀ ਲਾਗੂ ਹੋਣਗੇ, ਬਾਕੀ ਸਾਰੇ ਕਾਨੂੰਨ ਤਿੰਨ ਸਾਲ ਲਈ ਅਸਰਦਾਰ ਨਹੀਂ ਰਹਿਣਗੇ। ਇਹ ਭਵਨ ਤੇ ਨਿਰਮਾਣ ਮਜ਼ਦੂਰ ਕਾਨੂੰਨ, ਬੰਧੂਆ ਮਜ਼ਦੂਰੀ ਵਿਰੋਧੀ ਕਾਨੂੰਨ ਤੇ ਮਜ਼ਦੂਰੀ ਭੁਗਤਾਨ ਕਾਨੂੰਨ ਦੀ ਪੰਜਵੀਂ ਅਨੁਸੂਚੀ।

ਹੁਣ ਬਦਲੇ ਹਾਲਾਤ ਵਿੱਚ ਮਜ਼ਦੂਰਾਂ ਨੂੰ 12 ਤੋਂ 18 ਘੰਟੇ ਦੀ ਸ਼ਿਫਟ ਕਰਨੀ ਪਵੇਗੀ ਤੇ ਪੈਸੇ ਅੱਠ ਘੰਟੇ ਦੇ ਹੀ ਮਿਲਣਗੇ। ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਵਿੱਚ ਵੀ ਮਜ਼ਦੂਰਾਂ ਨੂੰ 8 ਦੀ ਥਾਂ 12 ਘੰਟੇ ਕੰਮ ਕਰਨਾ ਪਵੇਗਾ। ਮੱਧ ਪ੍ਰਦੇਸ਼ ਸਰਕਾਰ ਨੇ ਮਜ਼ਦੂਰ ਇਕਰਾਰਨਾਮਾ ਕਾਨੂੰਨ ਨੂੰ 1000 ਦਿਨਾਂ ਲਈ ਬੇਅਸਰ ਕਰਨ ਦਾ ਫੈਸਲਾ ਕੀਤਾ ਹੈ ‘ਉਦਯੋਗਿਕ ਵਿਵਾਦ ਕਾਨੂੰਨ’ ਅਤੇ ‘ਇੰਡਸਟਰੀਅਲ ਰਿਲੇਸ਼ਨਜ਼ ਐਕਟ’ ਨੂੰ ਵੀ ਬੇਅਸਰ ਕਰ ਦਿੱਤਾ ਗਿਆ ਹੈ। ਮੱਧ ਪ੍ਰਦੇਸ਼ ਨੇ ਜੋ ਫ਼ੈਸਲਾ ਲਿਆ ਹੈ ਉਹ ਮੌਜੂਦਾ ਉਦਯੋਗਿਕ ਇਕਾਈਆਂ ਅਤੇ ਨਵੀਂ ਖੁੱਲ੍ਹਣ ਵਾਲੀਆਂ ਇਕਾਈਆਂ ਲਈ ਵੀ ਹੈ।

ਮਜ਼ਦੂਰਾਂ ਨੂੰ ਮਿਲਦੀਆਂ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣਾ ਮਾਲਕਾਂ ਦੀ ਕਾਨੂੰਨੀ ਜ਼ਿੰਮੇਵਾਰੀ ਰਹੀ ਹੈ ਪਰ ਹੁਣ ਅਜਿਹਾ ਨਹੀਂ ਰਹੇਗਾ। ਰਾਜ ਸਰਕਾਰਾਂ ਨੇ ਉਦਯੋਗਪਤੀਆਂ ਨੂੰ ਉਨ੍ਹਾਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਹੈ। ਹੁਣ ਉਹ ਮਜ਼ਦੂਰ ‘ਤੇ ਆਪਣੀ ਮਰਜ਼ੀ ਅਨੁਸਾਰ ਡੰਡਾ ਚਲਾ ਸਕਣਗੇ। ਸਰਕਾਰਾਂ ਨੇ ਮਹਾਂਮਾਰੀ ਦਾ ਸਹਾਰਾ ਲੈਂਦੇ ਹੋਏ,‘ਮਜ਼ਦੂਰ ਕਾਨੂੰਨ’ ਨੂੰ ਮਾਲਕਾਂ ਕੋਲ ਗਹਿਣੇ ਰੱਖ ਦਿੱਤਾ ਹੈ।

ਭਾਰਤ ਦੀ ਕਮਿਊਨਿਸਟ ਪਾਰਟੀ ਦੇ ਨੇਤਾ ਸੀਤਾਰਾਮ ਯੇਚੁਰੀ ਨੇ ਟਵੀਟ ਕਰ ਕੇ ਕਿਹਾ, “ਇਹ ਤਾਂ ਬੰਧੂਆ ਵਰਗਾ ਵਤੀਰਾ ਕਰਨ ਨਾਲੋਂ ਵੀ ਮਾੜਾ ਹੈ। ਕੀ ਭਾਰਤ ਦਾ ਸੰਵਿਧਾਨ ਹੋਂਦ ਵਿੱਚ ਹੈ? ਕੀ ਦੇਸ ਵਿੱਚ ਕੋਈ ਕਾਨੂੰਨ ਮੌਜੂਦ ਹੈ? ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਨੂੰ ਆਦਿ ਕਾਲ ਵੱਲ ਧੱਕ ਰਹੀ ਹੈ। ਇਸ ਦਾ ਖੂਬ ਵਿਰੋਧ ਕੀਤਾ ਜਾਵੇਗਾ।”

- Advertisement -

ਇਸ ਤਰ੍ਹਾਂ ਉੱਤਰ ਤੋਂ ਪੂਰਬ ਵੱਲ ਪੈਰਾਂ ਵਿੱਚ ਛਾਲੇ ਪੁਆ ਕੇ ਭੱਜ ਰਹੇ ਮਜ਼ਦੂਰ ਦੇ ਗਲ ਲਈ ਤਾਂ ਗੁਲਾਮੀ ਦੀਆਂ ਜ਼ੰਜੀਰਾਂ ਪਹਿਲਾਂ ਨਾਲੋਂ ਵੀ ਮਜ਼ਬੂਤ ਕਰ ਦਿੱਤੀਆਂ ਗਈਆਂ ਹਨ। ਭਾਂਵੇ ਉਹ ਪੂਰਬ ਵੱਲ ਜਿੰਨਾ ਮਰਜ਼ੀ ਭੱਜ ਲਵੇ।

Share this Article
Leave a comment