ਕੋਵਿਡ-19 : ਸੂਬੇ ‘ਚ ਅੱਜ ਤੜਕਸਾਰ ਇਨ੍ਹਾਂ ਜ਼ਿਲ੍ਹਿਆਂ ‘ਚੋਂ ਮਿਲੇ ਕੋਰੋਨਾ ਪਾਜ਼ੀਟਿਵ ਮਾਮਲੇ

TeamGlobalPunjab
2 Min Read

ਚੰਡੀਗੜ੍ਹ : ਸੂਬੇ ‘ਚ ਕੋਰੋਨਾ ਨੇ ਇੱਕ ਵਾਰ ਫਿਰ ਤੋਂ ਰਫਤਾਰ ਫੜ੍ਹ ਲਈ ਹੈ। ਅੱਜ ਤੜਕਸਾਰੇ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਕੋਰੋਨਾ ਸੰਕਰਮਿਤ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ‘ਚ ਕੋਰੋਨਾ ਨੇ ਮੁੜ ਦਸਤਕ ਦੇ ਦਿੱਤੀ ਹੈ। ਮਲੋਟ ‘ਚ ਦੋ ਲੋਕਾਂ ਦੀਆਂ ਰਿਪੋਰਟਾਂ ਪਾਜ਼ੀਟਿਵ ਆਈਆਂ ਹਨ। ਇਨ੍ਹਾਂ ਚੋਂ ਇੱਕ ਨੌਜਵਾਨ ਕੁਝ ਦਿਨ ਪਹਿਲਾਂ ਹੀ ਕਿਸੇ ਦੂਜੇ ਸੂਬੇ ਤੋਂ ਆਇਆ ਸੀ। ਉੱਥੇ ਹੀ ਮਲੋਟ ਦੇ ਲਾਗਲੇ ਪਿੰਡ ਤਰਮਾਲਾ ਦੀ ਇੱਕ ਲੜਕੀ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ।

ਮੋਹਾਲੀ ‘ਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚ 3 ਮਰਦ ਅਤੇ 2 ਔਰਤਾਂ ਸ਼ਾਮਲ ਹਨ। ਇਸ ਸਬੰਧੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਬਲਟਾਣਾ ਦੇ ਸੈਣੀ ਵਿਹਾਰ ‘ਚ ਮਹਿਲਾ (50) ਅਤੇ ਉਸ ਦੇ 26 ਸਾਲਾ ਪੁੱਤਰ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦਕਿ ਇੱਕ ਢਕੋਲੀ ਹੈਲਥ ਸੈਂਟਰ ਦੇ ਦਰਜਾ ਚਾਰ ਕਰਮਚਾਰੀ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਤੋਂ ਇਲਾਵਾ ਲਾਲੜੂ ਦੇ ਇੱਕ ਵਸਨੀਕ ਅਤੇ ਪਿੰਡ ਨੱਗਲ ਨੇੜੇ ਛੱਤ ਵਸਨੀਕ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਅੰਦਰ ਹੁਣ ਤੱਕ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 121 ਹੋ ਚੁੱਕੀ ਹੈ।

ਸ਼ੁਤਰਾਣਾ ‘ਚ ਵੀ ਅੱਜ ਸਵੇਰੇ ਇਕ ਲੜਕੀ ਦੀ ਰਿਪੋਰਟ ਕੋਰੋਨਾ ਪਾਜ਼ੀਵਿਟ ਆਉਣ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਸ਼ੁਤਰਾਣਾ ਡਾਕਟਰ ਦਰਸ਼ਨ ਕੁਮਾਰ ਨੇ ਕਿਹਾ ਕਿ ਮੁੰਬਈ ਤੋਂ ਇਕ ਪਰਿਵਾਰ 28 ਮਈ ਨੂੰ ਪਿੰਡ ਅਰਨੋਂ ਵਿਖੇ ਆਇਆ ਸੀ, ਜਿਸ ਨੂੰ ਉਨ੍ਹਾਂ ਨੇ ਤੁਰੰਤ ਇਕਾਂਤਵਾਸ ਕਰਕੇ ਪੂਰੇ ਪਰਿਵਾਰ ਦੇ ਕੋਰੋਨਾ ਸਬੰਧੀ ਨਮੂਨੇ ਲਏ ਸਨ ਅਤੇ ਅੱਜ ਉਨ੍ਹਾਂ ‘ਚ 7 ਸਾਲ ਦੀ ਇੱਕ ਬੱਚੀ ਦੀ ਕੋਰੋਨਾ ਪਾਜ਼ਿਟਿਵ ਰਿਪੋਰਟ ਆਈ ਹੈ।

ਬਠਿੰਡਾ ‘ਚ ਵੀ ਦੋ ਲੋਕਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ‘ਚੋਂ ਇੱਕ ਵਿਅਕਤੀ ਐੱਨ.ਆਰ.ਆਈ. ਦੱਸਿਆ ਜਾ ਰਿਹਾ ਹੈ ਅਤੇ ਦੂਜਾ ਵਿਅਕਤੀ ਹਾਲ ਹੀ ‘ਚ ਦਿੱਲੀ ਤੋਂ ਵਾਪਸ ਪਰਤਿਆ ਸੀ। ਜ਼ਿਲ੍ਹਾਂ ਫਤਿਹਗੜ੍ਹ ਸਾਹਿਬ ‘ਚ ਵੀ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।

- Advertisement -

Share this Article
Leave a comment