ਕਿਸਾਨਾਂ, ਨੌਜਵਾਨਾਂ ਤੇ ਕਮਜ਼ੋਰ ਵਰਗਾਂ ਲਈ ਕੀਤਾ ਇਕ ਕੰਮ ਗਿਣਾਓ: ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ

TeamGlobalPunjab
5 Min Read

ਭੁੱਲਥ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਕਿਸਾਨਾਂ , ਨੌਜਵਾਨਾਂ ਤੇ ਕਮਜ਼ੋਰ ਵਰਗਾਂ ਲਈ ਕੀਤਾ ਇਕ ਕੰਮ ਗਿਣਾਉਣ ਤੇ ਕਿਹਾ ਕਿ ਜੋ ਵਿਅਕਤੀ ਕਦੇ ਵੀ ਆਪਣੇ ਫਾਰਮ ਹਾਊਸ ਵਿਚੋਂ ਹੀ ਬਾਹਰ ਨਾ ਨਿਕਲਿਆ ਹੋਵੇ ਉਸ ਤੋਂ ਲੋਕ ਜਾਂ ਸੂਬਾ ਕੀ ਆਸ ਰੱਖ ਸਕਦਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਆਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਜਾਏ ਲੋਕਾਂ ਲਈ ਕੁਝ ਕਰਨ ਦੇ ਮੁੱਖ ਮੰਤਰੀ ਸ਼ਰਾਬ ਤੇ ਰੇਤ ਮਾਫੀਆ ਤੇ ਮੁਖਤਿਆਰ ਅੰਸਾਰੀ ਵਰਗੇ ਗੈਂਗਸਟਰਾਂ ਨੁੰ ਖੁੱਲ੍ਹੀ ਛੁੱਟੀ ਦੇ ਕੇ ਸੂਬੇ ਨੁੰ ਲੁੱਟਣ ਵਿਚ ਰੁੱਝੇ ਹੋਏ ਹਨ ਜਦਕਿ ਇਹਨਾਂ ਨੇ ਪੰਜਾਬ ਦੀ ਸ਼ਾਂਤੀ ਭੰਗ ਕਰ ਦਿੱਤੀ ਹੈ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਕਿਵੇਂ 2.80 ਪੈਸੇ ਪ੍ਰਤੀ ਯੁਨਿਟ ਦੀ ਦਰ ਨਾਲ ਬਿਜਲੀ ਖਰੀਦ ਰਹੀ ਹੈ ਤੇ 9 ਰੁਪਏ ਪ ੍ਰਤੀ ਯੂਨਿਟ ਉਦਯੋਗਾਂ ਨੂੰ ਤੇ 8 ਰੁਪਏ ਤੋਂ ਵੱਧ ਰੇਟ ’ਤੇ ਘਰੇਲੂ ਖਪਤਕਾਰਾਂ ਨੂੰ ਵੇਚ ਰਹੀ ਹੈ।

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸੀਆਂ ਨੇ ਨਜਾਇਜ਼ ਸ਼ਰਾਬ ਬਣਾ ਕੇ ਤੇ ਰੇਤ ਮਾਫੀਆ ਨਾਲ ਰਲ ਕੇ ਸਰਕਾਰੀ ਖ਼ਜ਼ਾਨੇ ਦੇ ਹਜ਼ਾਰਾਂ ਕਰੋੜਾਂ ਰੁਪਏ ਲੁੱਟ ਲਏ ਹਨ। ਉਹਨਾਂ ਕਿਹਾ ਕਿ ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ ਤੇ ਗੁਰਕੀਰਤ ਸਿੰਘ ਕੋਟਲੀ ਦੇ ਵਿਸ਼ਵਾਸ ਪ੍ਰਾਪਤ ਬੰਦੇ ਸੂਬੇ ਵਿਚ ਨਜਾਇਜ਼ ਸ਼ਰਾਬ ਫੈਕਟਰੀਆਂ ਚਲਾਉਣ ਲਈ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਰਾਜਸਥਾਨ ਤੇ ਜੰਮੂ ਤੋਂ ਆਏ ਬਾਹਰਲੇ ਲੋਕਾਂ ਨੇ ਕਾਂਗਰਸੀ ਵਿਧਾਇਕਾਂ ਨਾਲ ਰਲ ਕੇ ਰੇਤ ਮਾਫੀਆ ਬਣਾਇਆ ਜਿਸਨੇ ਸਰਕਾਰੀ ਖ਼ਜ਼ਾਨੇ ਦੇ 2000 ਕਰੋੜ ਰੁਪਏ ਲੁੱਟ ਲਏ। ਉਹਨਾਂ ਕਿਹਾ ਕਿ ਜਿਥੇ ਸੂਬੇ ਨੁੰ ਆਬਕਾਰੀ ਮਾਲੀਏ ਦੀ ਆਮਦਨ ਦਾ 6500 ਕਰੋੜ ਰੁਪਏ ਦਾ ਘਾਟਾ ਪਿਆ, ਉਥੇ ਹੀ ਸੂਬਾ ਕਾਂਗਰਸ ਸਰਕਾਰ ਵੱਲੋਂ ਰੇਤ ਮਾਇਨਿੰਗ ਤੋਂ ਹੋਣ ਵਾਲੀ 1400 ਕਰੋੜ ਰੁਪਏ ਦੀ ਆਮਦਨ ਵਿਚੋਂ 100 ਕਰੋੜ ਰੁਪਿਆ ਵੀ ਇਕੱਠਾ ਨਹੀਂ ਕਰ ਸਕੀ।

ਬਾਦਲ ਨੇ ਕਿਹਾ ਕਿ ਦੂਜੇ ਪਾਸੇ ਕਾਂਗਰਸ ਪਾਰਟੀ ਤੋਂ ਉਲਟ ਅਕਾਲੀ ਦਲ ਨੇ ਹਮੇਸ਼ਾ ਪੰਜਾਬੀਆਂ ਨਾਲ ਕੀਤੇ ਵਾਅਦੇ ਨਿਭਾਏ ਹਨ। ਉਹਨਾਂ ਕਿਹਾ ਕਿ ਅਸੀਂ ਪੰਜਾਬ ਨੂੰ ਬਿਜਲੀ ਸਰਪਲੱਸ ਬਦਾਇਆ ਤੇ ਸਾਰੇ ਅਹਿਮ ਕਬਬਿਆਂ ਤੇ ਸ਼ਹਿਰਾਂ ਨੁੰ ਚਾਰ ਤੇ ਛੇ ਮਾਰਗੀ ਸੜਕਾਂ ਨਾਲ ਜੋੜਿਆ । ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਦੋ ਕੌਮਾਂਤਰੀ ਹਵਾਈ ਅੱਡੇ ਬਣਾਏ ਗਏ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਨੁੰ ਖੇਤੀਬਾਡੀ ਲਈ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਜੋ ਸਰਕਾਰ ਬਣਨ ਤੋਂ ਬਾਅਦ ਪਹਿਲੀ ਹੀ ਮੀਟਿੰਗ ਵਿਚ ਪੂਰਾ ਕੀਤਾ ਗਿਆ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹੀ 1966 ਵਿਚ ਖੇਤੀਬਾੜੀ ਜਿਣਸਾਂ ਲਈ ਐਮ ਐਸ ਪੀ ਸ਼ੁਰੂ ਕਰਵਾਈ। ਉਹਨਾਂ ਕਿਹਾ ਕਿ ਸੂਬੇ ਦੀਆਂ ਬਹੁਤੀਆਂ ਖੇਤੀਬਾਡੀ ਮੰਡੀਆਂ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਵੇਲੇ ਹੀ ਸਥਾਪਿਤ ਹੋਈਆਂ।

- Advertisement -

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਦਾ ਰਹੇਗਾ। ਉਹਨਾਂ ਐਲਾਨ ਕੀਤਾ ਕਿ ਇਕ ਵਾਰ ਸੂਬੇ ਵਿਚ ਅਕਾਲੀ ਸਰਕਾਰ ਬਣਨ ਮਗਰੋਂ ਤਿੰਨ ਖੇਤੀ ਕਾਨੁੰਨ ਪੰਜਾਬ ਵਿਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਖੇਤੀਬਾੜੀ ਜਿਣਸਾਂ ਲਈ ਐਮ ਐਸ ਪੀ ਦੇ ਨਾਲ ਹੀ ਅਕਾਲੀ ਸਰਕਾਰ ਸਬਜੀਆਂ, ਦਲਾਂ ਤੇ ਦੁੱਧ ਲਈ ਵੀ ਐਮ ਐਸ ਪੀ ਸ਼ੁਰੂ ਕਰੇਗੀ। ਉਹਨਾਂ ਕਿਹਾ ਕਿ ਘਰੇਲੂ ਬਿਜਲੀ ਖਪਤਕਾਰਾਂ ਲਈ ਦਰਾਂ ਅੱਧੀਆਂ ਕਰ ਦਿੱਤੀਆਂ ਜਾਣਗੀਆਂ। ਜਦਕਿ ਐਸ ਸੀ ਤੇ ਬੀ ਸੀ ਵਰਗ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਵੇਗੀ।

ਅਕਾਲੀ ਦਲ ਦੇ ਪ੍ਰਧਾਨ ਨੇ ਬੀਬੀ ਜਗੀਰ ਕੌਰ ਵੱਲੋਂ ਹਲਕੇ ਵਿਚ ਕੀਤੇ ਗਏ ਚੰਗੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਲੰਗਰ ਤੇ ਹੋਰ ਮੈਡੀਕਲ ਸਹੂਲਤਾਂ ਵੀ ਪ੍ਰਦਾਨ ਕੀਤੀਆਂ। ਉਹਨਾਂ ਕਿਹਾ ਕਿਹੁਣ ਲੋਕ ਆਪ ਹੀ ਇਹ ਵੇਖਣ ਕਿ ਸਥਾਨਕ ਵਿਧਾਇਕ ਸੁਖਪਾਲ ਖਹਿਰਾ ਵਰਗੇ ਲੋਕ ਜਿਹੜੇ ਨਸ਼ਿਆਂ ਦੇ ਧੰਦਿਆਂ ਵਿਚ ਤੇ ਨਕਲੀ ਪਾਸੋਪਰਟ ਬਣਾਉਣ ਵਰਗੇ ਮਾਮਲਿਆਂ ਵਿਚ ਫਸਣ ਮਗਰੋਂ ਹਮੇਸ਼ਾ ਵਿਵਾਦਾਂ ਵਿਚ ਰਹਿੰਦੇ ਹਨ ਉਹ ਲੋਕਾਂ ਨੂੰ ਕਦੇ ਨਿਆਂ ਨਹੀਂ ਦੇ ਸਕਦੇ।

ਬੀਬੀ ਜਗੀਰ ਕੌਰ ਨੇ ਆਪ ਦੇ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਵੱਲੋਂ ਸੰਸਦ ਦੀ ਖੁਰਾਕ ਤੇ ਖਪਤਕਾਰ ਮਾਮਲਿਆਂ ਦੀ ਸਟੈਂਡਿੰਗ ਕਮੇਟੀ ਦੀ ਮੀਟਿੰਗ ਵਿਚ ਜ਼ਰੂਰੀ ਵਸਤਾਂ ਸੋਧ ਐਕਟ ਲਾਗੂ ਕਰਨ ਲਈ ਸਹਿਮਤੀ ਦੇ ਕੇ ਪੰਜਾਬੀਆਂ ਨਾਲ ਕੀਤੇ ਧੋਖੇ ਦੀ ਗੱਲ ਕੀਤੀ ।

ਇਸ ਮੌਕੇ ਸੀਨੀਅਰ ਆਗੂ ਜਗਮੀਤ ਸਿੰਘ ਨੇ ਵੀ ਆਪਦੇ ਵਿਚਾਰ ਰੱਖੇ ਜਦਕਿ ਰੈਲੀ ਵਿਚ ਹੋਰਨਾਂ ਤੋਂ ਇਲਾਵਾ ਯੁਵਰਾਜ ਭੁਪਿੰਦਰ ਸਿੰਘ ਵੀ ਹਾਜ਼ਰ ਸਨ।

Share this Article
Leave a comment