-ਜਗਤਾਰ ਸਿੰਘ ਸਿੱਧੂ
ਪੀ.ਜੀ.ਆਈ. (ਚੰਡੀਗੜ੍ਹ) ਦੇ ਦਿਲ ਦੇ ਰੋਗਾਂ ਦੇ ਵਿਭਾਗ ਦੇ ਮੁੱਖੀ ਡਾ. ਯਸ਼ਪਾਲ ਸ਼ਰਮਾ ਨੇ ਕੋਰੋਨਾਵਾਇਰਸ ਦੀ ਮਹਾਂਮਾਰੀ ਨਾਲ ਦਹਿਸ਼ਤ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਵੱਡੀ ਰਾਹਤ ਵਾਲੀ ਚੰਗੀ ਖਬਰ ਦਿੱਤੀ ਹੈ ਕਿ ਅਗਲੇ ਤਿੰਨ ਮਹੀਨਿਆਂ ਅੰਦਰ ਕੋਰੋਨਾਵਾਇਰਸ ਵਰਗੀ ਖਤਰਨਾਕ ਬਿਮਾਰੀ ਦੇ ਇਲਾਜ ਲਈ ਦਵਾਈਆਂ ਪ੍ਰਾਪਤ ਹੋ ਜਾਣਗੀਆਂ। ਇਸ ਕੰਮ ਵਿੱਚ ਅਮਰੀਕਾ, ਜਪਾਨ ਅਤੇ ਭਾਰਤ ਦੇ ਮਾਹਿਰ ਡਾਕਟਰ ਦਿਨ ਰਾਤ ਜੁੜੇ ਹੋਏ ਹਨ। ਉਨ੍ਹਾਂ ਨੇ ਇਸ ਬਿਮਾਰੀ ਦੇ ਟਾਕਰੇ ਲਈ ਹੌਂਸਲਾ ਦਿੰਦੇ ਹੋਏ ਕਿਹਾ ਹੈ ਕਿ ਜਿਹੜਾ ਵਾਇਰਸ ਸਾਬਣ ਨਾਲ ਹੱਥ ਧੋਣ ਨਾਲ ਮਰ ਜਾਂਦਾ ਹੈ, ੳਸ ਵਾਇਰਸ ਦੇ ਖਾਤਮੇ ਲਈ ਦਵਾਈ ਕਿਉਂ ਨਹੀਂ ਤਿਆਰ ਹੋ ਸਕਦੀ। ਡਾ. ਯਸ਼ਪਾਲ ਸ਼ਰਮਾ ਨੇ ਕਿਹਾ ਹੈ ਕਿ ਨਵੀਂ ਦਵਾਈ ਦੇ ਆਉਣ ਤੱਕ ਸਾਨੂੰ ਸੰਜਮ ਵਿੱਚ ਰਹਿ ਕੇ ਸਾਵਧਾਨੀ ਵਰਤਦਿਆਂ ਕੋਰੋਨਾਵਾਇਰਸ ਦੀ ਬਿਮਾਰੀ ਦੇ ਟਾਕਰੇ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੀ ਲੋੜ ਹੈ ਕਿ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਲਾਕਡਾਊਨ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਅਮਲ ‘ਚ ਲਿਆਂਦਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਰਫਿਊ ਲੱਗਣ ਨਾਲ ਹੁਣ ਲੋਕ ਘਰਾਂ ਅੰਦਰ ਹੀ ਰਹਿਣਗੇ।
ਆਉਣ ਵਾਲੇ 7 ਦਿਨ ਬਹੁਤ ਹੀ ਸਾਵਧਾਨੀ ਵਾਲੇ ਹਨ। ਜੇਕਰ ਇਨ੍ਹਾਂ 7 ਦਿਨਾਂ ਅੰਦਰ ਮਰੀਜ਼ਾਂ ਦੀ ਗਿਣਤੀ ਅਤੇ ਇਸ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਕਾਬੂ ਹੇਠ ਰਿਹਾ ਤਾਂ ਭਾਰਤ ਨੂੰ ਇਸ ਸੰਕਟ ਤੋਂ ਬਾਹਰ ਆਉਣ ਵਿੱਚ ਵੱਡੀ ਮਦਦ ਮਿਲ ਸਕੇਗੀ। ਉਨ੍ਹਾਂ ਦੀ ਜਾਣਕਾਰੀ ਹੈ ਕਿ ਇਸ ਵੇਲੇ ਤੱਕ ਕੋਰੋਨਾਵਾਇਰਸ ਨਾਲ 8 ਮੌਤਾਂ ਹੋ ਚੁੱਕੀਆਂ ਹਨ ਅਤੇ ਮਰੀਜ਼ਾਂ ਦੀ ਗਿਣਤੀ 400 ਤੋਂ ਟੱਪ ਗਈ ਹੈ। ਇਨ੍ਹਾਂ ਅੰਕੜਿਆਂ ਅਨੁਸਾਰ ਸਥਿਤੀ ਅਜੇ ਕਾਬੂ ਹੇਠ ਹੈ ਪਰ ਬਦਕਿਸਮਤੀ ਨਾਲ ਇਹ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਤਾਂ ਸਥਿਤੀ ਬਹੁਤ ਨਾਜ਼ੁਕ ਬਣ ਸਕਦੀ ਹੈ। ਇਸ ਲਈ ਭਾਰਤ ਬਿਮਾਰੀ ਦੀ ਤੀਜ਼ੀ ਸਟੇਜ਼ ਦੇ ਬੂਹੇ ‘ਤੇ ਖੜ੍ਹਾ ਹੈ। ਇਸ ਸਥਿਤੀ ਵਿੱਚ ਲੋਕਾਂ ਦੀ ਸਾਵਧਾਨੀ ਅਤੇ ਜਾਗਰੂਕ ਹੋਣਾ ਹੀ ਸਭ ਤੋਂ ਵੱਡੀ ਜ਼ਰੂਰਤ ਹੈ। ਇਸ ਵੇਲੇ ਪ੍ਰਵਾਸੀ ਭਾਰਤੀਆਂ ਦੁਆਰਾ ਆਈ ਬਿਮਾਰੀ ਕੇਸਾਂ ਅੰਦਰ ਸਥਾਨਕ ਲੋਕਾਂ ਵਿੱਚ ਵੀ ਆ ਸਕਦੀ ਹੈ। ਸਰਕਾਰਾਂ ਅਤੇ ਡਾਕਟਰਾਂ ਦੀਆਂ ਟੀਮਾਂ ਵੱਲੋਂ ਬਿਮਾਰੀ ਦੇ ਲੱਛਣ ਵਾਲੇ ਲੋਕਾਂ ਨੂੰ ਤੇਜ਼ੀ ਨਾਲ ਅਲੱਗ ਥਲੱਗ ਕੀਤਾ ਜਾ ਰਿਹਾ ਹੈ ਪਰ ਇਸ ਕੰਮ ਵਿੱਚ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।
ਸੁਰੇਸ਼ ਕੁਮਾਰ ਨੂੰ ਸ਼ਿਕਾਇਤਾਂ ਬਾਅਦ ਪੰਜਾਬ ਵਿੱਚ ਲੱਗਾ ਕਰਫਿਊ
ਪੰਜਾਬ ‘ਚ ਕਰਫਿਊ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਲਾਕਡਾਊਨ ਕਰਨ ਦੇ ਫੈਸਲੇ ਦਾ ਜ਼ਿਕਰ ਕਰਦਿਆਂ ਡਾ. ਯਸ਼ਪਾਲ ਸ਼ਰਮਾ ਨੇ ਕਿਹਾ ਹੈ ਕਿ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਇਹ ਬਹੁਤ ਸਹੀ ਫੈਸਲਾ ਹੈ। ਲੋਕ ਆਪਣੇ ਘਰਾਂ ਅੰਦਰ ਬੰਦ ਰਹਿਣਗੇ ਤਾਂ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਲੋਕ ਜਿੰਨਾ ਸਮਾਜਿਕ ਤੌਰ ‘ਤੇ ਆਪਣੇ ਆਪ ਨੂੰ ਅਲੱਗ ਰੱਖਣਗੇ, ਬਿਮਾਰੀ ਤੋਂ ਬਚੇ ਰਹਿਣਗੇ। ਉਨ੍ਹਾਂ ਦਾ ਕਹਿਣਾ ਹੈ ਕਿ 31 ਮਾਰਚ ਤੱਕ ਤਾਂ ਬਹੁਤੇ ਸੂਬਿਆਂ ਅੰਦਰ ਲਾਕਡਾਊਨ ਹੋ ਹੀ ਗਿਆ ਹੈ ਪਰ ਉਨ੍ਹਾਂ ਦੀ ਨਿੱਜੀ ਰਾਇ ਹੈ ਕਿ 31 ਮਾਰਚ ਬਾਅਦ 10 ਦਿਨ ਲਈ ਹੋਰ ਲਾਕਡਾਊਨ ਕੀਤਾ ਜਾਵੇ ਤਾਂ ਜੋ ਸਥਿਤੀ ਵਿੱਚ ਤੇਜ਼ੀ ਨਾਲ ਸੁਧਾਰ ਆ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਇਟਲੀ ਅਤੇ ਸਪੇਨ ਦੀ ਮਿਸਾਲ ਸਾਡੇ ਸਾਹਮਣੇ ਹੈ। ਇਨ੍ਹਾਂ ਦੋਹਾਂ ਮੁਲਕਾਂ ਵਿੱਚ ਫੁੱਟਬਾਲ ਦੇ ਮੈਚ ਵੇਖਣ ਲਈ ਜੁੜੀਆਂ ਵੱਡੀਆਂ ਭੀੜਾਂ ਕਾਰਨ ਬੁਰੇ ਦਿਨ ਦੇਖਣੇ ਪੈ ਰਹੇ ਹਨ। ਭਾਰਤ ਨੇ ਇਸ ਤੋਂ ਸਬਕ ਲੈਂਦੇ ਹੋਏ ਸਖਤ ਫੈਸਲੇ ਲਏ ਹਨ। ਪੰਜਾਬ ਅੰਦਰ ਸਰਕਾਰ ਵੱਲੋਂ 31 ਮਾਰਚ ਤੱਕ ਕਰਫਿਊ ਲਾਉਣ ਦੀ ਸਥਿਤੀ ‘ਤੇ ਟਿੱਪਣੀ ਕਰਦੇ ਹੋਏ ਪੀ.ਜੀ.ਆਈ. (ਚੰਡੀਗੜ੍ਹ) ਦੇ ਸੀਨੀਅਰ ਡਾ. ਯਸ਼ਪਾਲ ਸ਼ਰਮਾ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਲੋਕ ਘਰਾਂ ਅੰਦਰ ਰਹਿਣਗੇ। ਉਹ ਲੋਕ ਵੀ ਘਰਾਂ ਤੋਂ ਬਾਹਰ ਨਹੀਂ ਜਾ ਸਕਦੇ, ਜਿਹੜੇ ਕਿ ਲਾਕਡਾਊਨ ਵਿੱਚ ਪਾਲਣਾ ਨਹੀਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਾਡੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਇਸ ਮੁਹਿੰਮ ਅੰਦਰ ਸਹਿਯੋਗ ਕਰਨਾ ਚਾਹੀਦਾ ਹੈ। ਖਾਸ ਤੌਰ ‘ਤੇ ਪੰਜਾਬ ਵਿੱਚ ਪ੍ਰਵਾਸੀ ਪੰਜਾਬੀ ਵੱਡੀ ਗਿਣਤੀ ਵਿੱਚ ਆਉਂਦੇ ਹਨ ਅਤੇ ਬਿਮਾਰੀ ਦੀ ਸੂਰਤ ਵਿੱਚ ਸਥਾਨਕ ਲੋਕਾਂ ਅੰਦਰ ਬਿਮਾਰੀ ਫੈਲਣ ਦਾ ਵਧੇਰੇ ਖਤਰਾ ਹੈ। ਹੁਣ ਕਰਫਿਊ ਦੀ ਹਾਲਤ ਵਿੱਚ ਘਰ ਤੋਂ ਬਾਹਰ ਨਿਕਲਣ ਵਿੱਚ ਮੁਕੰਮਲ ਪਾਬੰਦੀ ਲੱਗ ਗਈ ਹੈ। ਇਸ ਨਾਲ ਪੰਜਾਬੀਆਂ ਨੂੰ ਕੋਰੋਨਾਵਾਇਰਸ ਦੀ ਵੱਡੀ ਲਪੇਟ ‘ਚ ਆਉਣ ਤੋਂ ਬਚਾਅ ਲਈ ਮਦਦ ਮਿਲੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਵਿਰੁੱਧ ਉਸੇ ਤਰ੍ਹਾਂ ਹੌਂਸਲੇ ਨਾਲ ਲੜਨ ਦੀ ਜ਼ਰੂਰਤ ਹੈ ਜਿਵੇਂ ਸਾਡੀ ਫੌਜ ਦੁਸ਼ਮਣ ਵਿਰੁੱਧ ਜੈ ਕਾਰੇ ਛੱਡਕੇ ਲੜਦੀ ਹੈ। ਐਤਵਾਰ ਨੂੰ ਦੇਸ਼ ਦੇ ਲੋਕਾਂ ਨੇ ਸ਼ਾਮੀ ਜੈ ਕਾਰੇ ਛੱਡਕੇ ਹੀ ਆਪਣੇ ਹੌਂਸਲੇ ਅਤੇ ਦ੍ਰਿੜਤਾ ਦਾ ਪ੍ਰਗਟਾਵਾ ਕੀਤਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਅੰਦਰ ਪਿੰਡਾਂ ਵਿੱਚ ਨੌਜਵਾਨ ਤਬਕੇ ਵਿੱਚ ਲਾਕਡਾਊਨ ਬਾਰੇ ਗੰਭੀਰਤਾ ਨਹੀਂ ਸੀ। ਇਸ ਤੋਂ ਇਲਾਵਾ ਕਈ ਲੋਕ ਪ੍ਰਵਾਹ ਕੀਤੇ ਬਗੈਰ ਘੁੰਮ ਰਹੇ ਸਨ। ਅਜਿਹੇ ਲੋਕਾਂ ਦਾ ਕਹਿਣਾ ਸੀ ਕਿ ਐਵੇਂ ਡਰਾਇਆ ਜਾ ਰਿਹਾ ਹੈ। ਪਿੰਡਾਂ ਅੰਦਰ ਤਾਸ਼ ਖੇਡਣ ਵਾਲੇ ਲੋਕ ਵੀ ਪ੍ਰਵਾਹ ਨਹੀਂ ਕਰ ਰਹੇ ਸਨ। ਅਕਸਰ ਹੀ ਸਾਂਝੀਆਂ ਥਾਵਾਂ ‘ਤੇ ਤਾਸ਼ ਦੇ ਸੌਕੀਨ ਟੋਲੀਆਂ ਬਣਾਕੇ ਤਾਸ਼ਾਂ ਖੇਡ ਰਹੇ ਸਨ। ਕਈ ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਕੋਲ ਅੱਜ ਸ਼ਕਾਇਤ ਵੀ ਕੀਤੀ ਗਈ ਸੀ ਕਿ ਪਿੰਡਾਂ ਵਿੱਚ ਲਾਪਰਵਾਹੀ ਵਰਤੀ ਜਾ ਰਹੀ ਹੈ ਅਤੇ ਇਸ ਦੇ ਖਤਰਨਾਕ ਸਿੱਟੇ ਸਾਹਮਣੇ ਆਉਣਗੇ। ਪਤਾ ਲੱਗਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਸੁਰੇਸ਼ ਕੁਮਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਵੱਲੋਂ ਡੀ.ਜੀ.ਪੀ. ਨਾਲ ਫੌਰੀ ਮੀਟਿੰਗ ਕੀਤੀ ਗਈ। ਇਸ ਤਰ੍ਹਾਂ ਪੰਜਾਬ ਵਿੱਚ ਬਾਅਦ ਦੁਪਿਹਰ ਕਰਫਿਊ ਲਾਗੂ ਕਰਨ ਦਾ ਐਲਾਨ ਹੋ ਗਿਆ।