ਅੰਮ੍ਰਿਤਸਰ : ਕੋਰੋਨਾ ਵਾਇਰਸ ਨੇ ਪੰਜਾਬ ‘ਚ ਵੀ ਦਸਤਕ ਦੇ ਦਿੱਤੀ ਹੈ। ਗੁਰੂ ਨਗਰੀ ਅੰਮ੍ਰਿਤਸਰ ਅੰਦਰ ਇਸ ਦੇ ਦੋ ਮਰੀਜ਼ ਸਾਹਮਣੇ ਆਏ ਹਨ। ਰਿਪੋਰਟਾਂ ਮੁਤਾਬਿਕ ਇੱਥੇ ਦੋ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਪਾਜ਼ਿਟਿਵ ਪਾਇਆ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਤੇਲੰਗਾਨਾ ਅਤੇ ਦਿੱਲੀ ਅੰਦਰ ਇਸ ਦੇ ਮਾਮਲੇ ਸਾਹਮਣੇ ਆਏ ਸਨ। ਅੰਮ੍ਰਿਤਸਰ ਦੇ ਮੈਡੀਕਲ ਸੁਪਰਡੈਂਟ ਰਮਨ ਸ਼ਰਮਾਂ ਦੇ ਹਵਾਲੇ ਨਾਲ ਆਈਆਂ ਖਬਰਾਂ ਮੁਤਾਬਿਕ ਇਹ ਦੋਵੇਂ ਹੀ 3 ਤਾਰੀਖ ਨੂੰ ਦਿੱਲੀ ਤੋਂ ਹਵਾਈ ਜਹਾਜ ਰਾਹੀਂ ਅੰਮ੍ਰਿਤਸਰ ਆਏ ਸਨ। ਇਸ ਤੋਂ ਬਾਅਦ ਹਵਾਈ ਅੱਡੇ ਤੋਂ ਇਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ।
ਦੱਸ ਦਈਏ ਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੋਵੇਂ ਵਿਅਕਤੀ ਇਟਲੀ ਤੋਂ ਭਾਰਤ ਆਏ ਸਨ ਅਤੇ ਇਹ ਹੁਸ਼ਿਆਰਪੁਰ ਦੇ ਦੱਸੇ ਜਾ ਰਹੇ ਹਨ। ਇਸ ਤੋਂ ਬਾਅਦ ਇਨ੍ਹਾਂ ਦੀ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਫਿਲਹਾਲ ਜਾਂਚ ਲਈ ਇਨ੍ਹਾਂ ਦੀ ਰਿਪੋਰਟ ਪੂਣੇ ਭੇਜੀ ਗਈ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਭਾਰਤ ‘ਚ ਕੋਰੋਨਾ ਵਾਇਰਸ ਦੇ 31 ਮਾਮਲੇ ਸਾਹਮਣੇ ਆਏ ਹਨ ਅਤੇ ਜੇਕਰ ਪੂਣੇ ਤੋਂ ਪੰਜਾਬ ਦੇ ਇਨ੍ਹਾਂ ਮਾਮਲਿਆਂ ਦੀ ਰਿਪੋਰਟ ਪਾਜ਼ਿਟਿਵ ਆਉਂਦੀ ਹੈ ਤਾਂ ਦੇਸ਼ ਅੰਦਰ ਇਸ ਦੇ 33 ਮਾਮਲੇ ਹੋ ਜਾਣਗੇ।
ਇਸ ਭਿਆਨਕ ਬਿਮਾਰੀ ਨਾਲ ਇਟਲੀ ‘ਚ ਬੀਤੀ ਕੱਲ੍ਹ ਯਾਨੀ ਸ਼ੁੱਕਰਵਾਰ ਨੂੰ 49 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਦੀ ਉੱਥੇ ਇਨ੍ਹਾਂ ਮੌਤਾਂ ਨਾਲ ਗਿਣਤੀ ਵਧ ਕੇ 197 ਹੋ ਗਈ ਹੈ। ਦੱਸਣਯੋਗ ਹੈ ਕਿ ਦੁਨੀਆਂ ‘ਚ ਕੋਰੋਨਾ ਵਾਇਰਸ ਨਾਲ ਮੌਤਾਂ ਸਭ ਤੋਂ ਵਧੇਰੇ ਚੀਨ ਅਤੇ ਉਸ ਤੋਂ ਬਾਅਦ ਇਟਲੀ ‘ਚ ਹੋਈਆਂ ਹਨ। ਇਸ ਵਾਇਰਸ ਨਾਲ ਇਟਲੀ ‘ਚ 4636 ਲੋਕ ਸਕਰਮਿਤ ਪਾਏ ਗਏ ਹਨ।