-ਅਵਤਾਰ ਸਿੰਘ
ਕੋਵਿਡ -2019 ਜਾਂ ਕਰੋਨਾ ਵਾਇਰਸ ਦੀ ਲੜਾਈ ਕਾਰਨ ਦੁਨੀਆ ਭਰ ਵਿੱਚ ਪਾਬੰਦੀਆਂ ਲੱਗੀਆਂ ਹੋਈਆਂ ਹਨ। ਇਨ੍ਹਾਂ ਪਾਬੰਦੀਆਂ ਅਧੀਨ ਕਾਰ, ਰੇਲ ਗੱਡੀਆਂ ਦਾ ਸਫਰ ਅਤੇ ਫੈਕਟਰੀਆਂ ਵਿਚ ਕੰਮ-ਕਾਜ ਬੇਹੱਦ ਘਟ ਗਿਆ ਹੈ। ਸੰਸਾਰ ਦੇ ਅਰਬਾਂ ਲੋਕਾਂ ਦੀ ਆਵਾਜਾਈ ਰੁਕ ਗਈ ਹੈ ਅਤੇ ਲੋਕ ਕੰਮ ਘਟ ਕਰ ਰਹੇ ਹਨ। ਇਕ ਤਰ੍ਹਾਂ ਨਾਲ ਜ਼ਿੰਦਗੀ ਠਹਿਰ ਗਈ ਲੱਗਦੀ ਹੈ। ਇਸ ਦਾ ਅਸਰ ਧਰਤੀ ਦੇ ਘੁੰਮਣ ਉਪਰ ਵੀ ਪੈ ਰਿਹਾ ਹੈ। ਕਰੋਨਾ ਵਾਇਰਸ ਦੇ ਕਾਰਨ ਕੁਲ ਸੰਸਾਰ ਦੇ ਅਰਬਾਂ ਲੋਕ ਘਰਾਂ ਅੰਦਰ ਡੱਕੇ ਬੈਠੇ ਹਨ। ਕੰਮ-ਕਾਜ ਬੰਦ ਹੋਣ ਅਤੇ ਆਵਾਜਾਈ ਰੁਕਣ ਦਾ ਅਸਰ ਧਰਤੀ ਦੇ ਘੁੰਮਣ ਉਪਰ ਵੀ ਪੈਂਦਾ ਨਜ਼ਰ ਆ ਰਿਹਾ ਹੈ।
ਲੌਕ ਡਾਊਨ ਕਾਰਨ ਆਪਣੇ ਆਪਣੇ ਕੰਮ ਧੰਦਿਆਂ ‘ਤੇ ਜਾਣ ਵਾਲੇ ਲੋਕ ਘਰਾਂ ਅੰਦਰ ਡੱਕੀ ਬੈਠੇ ਹਨ। ਰੇਲ ਗੱਡੀ ਜਾਂ ਸੜਕ ਰਾਹੀਂ ਕੰਮ ਲਈ ਜਾਂ ਸੈਰ ਸਪਾਟੇ ‘ਤੇ ਜਾਣ ਵਾਲੇ ਵੀ ਘਰਾਂ ਦੇ ਅੰਦਰ ਤੜੇ ਬੈਠੇ ਹਨ। ਇਸ ਸਮੇਂ ਕਈ ਵੱਡੀਆਂ ਕੰਪਨੀਆਂ ਵੀ ਬੰਦ ਹਨ। ਇੰਨੀ ਵੱਡੀ ਪੱਧਰ ‘ਤੇ ਲੋਕਾਂ ਦਾ ਆਪਣੀ ਆਪਣੀ ਥਾਂ ਰੁਕਣ ਨਾਲ ਧਰਤੀ ਵਿਚ ਪੈਦਾ ਹੋਣ ਵਾਲੀ ਥਰਥਰਾਹਟ ਘਟ ਗਈ ਹੈ। ਇਹ ਕਾਫੀ ਹੈਰਾਨੀਜਨਕ ਹੈ ਕਿਉਂਕਿ ਧਰਤੀ ਦਾ ਵਜ਼ਨ 6 ਅਰਬ ਲੱਖ ਕਰੋੜ ਟਨ ਦੇ ਕਰੀਬ ਦੱਸਿਆ ਜਾਂਦਾ ਹੈ।
ਰਿਪੋਰਟਾਂ ਅਨੁਸਾਰ ਰਾਇਲ ਆਬਜ਼ਰਵੇਟਰੀ ਆਫ ਬੈਲਜ਼ੀਅਮ ਦੇ ਵਿਗਿਆਨੀਆਂ ਨੇ ਪਹਿਲੀ ਵਾਰ ਧਰਤੀ ਵਿਚ ਹੋਣ ਵਾਲੀ ਕੰਬਣੀ ਵਿਚ ਆਈ ਗਿਰਾਵਟ ਨੂੰ ਮਹਿਸੂਸ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਲੌਕ ਡਾਊਨ ਦੇ ਐਲਾਨ ਤੋਂ ਬਾਅਦ ਧਰਾਤਲ ਦੀ 1-20 ਹਰਟਜ਼ ਦੀ ਰਫਤਾਰ (ਡਬਲ ਬੇਸ ਦੀ ਆਵਾਜ਼ ਤੋਂ ਵੀ ਗਹਿਰੀ, ਇਕ ਵੱਡੇ ਅਰਗਨ ਵਰਗੀ) ਕਾਫੀ ਘਟ ਹੈ। ਇਹ ਤਬਦੀਲੀ ਸੰਸਾਰ ਦੇ ਹੋਰ ਹਿੱਸਿਆਂ ਵਿਚ ਵੀ ਦੇਖੀ ਗਈ ਹੈ। ਪੈਰਿਸ ਇੰਸਟੀਚਿਊਟ ਆਫ ਅਰਥ ਫਿਜ਼ਿਕਸ ਦੇ ਇਕ ਮੁਲਾਜ਼ਮ ਦਾ ਕਹਿਣਾ ਹੈ ਕਿ ਫਰਾਂਸੀਸੀ ਰਾਜਧਾਨੀ ਵਿਚ ਆਈ ਇਹ ਗਿਰਾਵਟ ਕਾਫੀ ਅਚੰਭੇ ਵਾਲੀ ਹੈ। ਯੂ ਐਸ ਦੀ ਕਲ ਟੇਕ ਯੂਨੀਵਰਸਿਟੀ ਦੀ ਇਕ ਖੋਜ ਅਨੁਸਾਰ ਲੋਸ ਏੰਜਲਿਸ ਵਿਚ ਇਨ੍ਹਾਂ ਝਟਕਿਆਂ ਵਿਚ ਸੱਚਮੁੱਚ ਕਾਫੀ ਗਿਰਾਵਟ ਆਈ ਹੈ। ਨੇਪਾਲ ਵਿਚ ਸੇਮਿਕ ਸਰਗਰਮੀ ਵਿਚ ਆਈ ਇਹ ਗਿਰਾਵਟ ਇਸ ਗ੍ਰਾਫ ਜ਼ਰੀਏ ਸਮਝੀ ਜਾ ਸਕਦੀ ਹੈ।
ਕਰੋਨਾ ਵਾਇਰਸ ਨੇ ਸਿਰਫ ਸਾਡੇ ਜੀਵਨ ਜਿਉਣ ਦੇ ਢੰਗ ਤਰੀਕਿਆਂ ‘ਤੇ ਹੀ ਅਸਰ ਨਹੀਂ ਪਾਇਆ ਸਗੋਂ ਇਸ ਦਾ ਅਸਰ ਕੁਦਰਤੀ ਦੁਨੀਆ ਉਪਰ ਵੀ ਪੈਂਦਾ ਨਜ਼ਰ ਆ ਰਿਹਾ ਹੈ।
ਸੈਟੇਲਾਈਟ ਵਿਚ ਪ੍ਰਦੂਸ਼ਣ ਵਾਲੀ ਗੈਸ ਨਾਈਟ੍ਰੋਜਨ ਡਾਈ ਆਕਸਾਈਡ ਵਿਚ ਭਾਰੀ ਕਮੀ ਦਿਖਾਈ ਦੇ ਰਹੀ ਹੈ। ਇਹ ਗੈਸ ਕਾਰਾਂ, ਟਰੱਕਾਂ ਬੱਸਾਂ ਅਤੇ ਪਾਵਰ ਪਲਾਂਟਾਂ ਤੋਂ ਪੈਦਾ ਹੁੰਦੀ ਹੈ। ਦੁਨੀਆ ਪਹਿਲਾਂ ਨਾਲੋਂ ਸ਼ਾਂਤ ਨਜ਼ਰ ਆ ਰਹੀ ਹੈ। ਸ਼ਹਿਰਾਂ ਵਿਚ ਰੋਜ਼ਾਨਾ ਸ਼ੋਰ ਤੇ ਸਮੁੰਦਰਾਂ ਦੀ ਗਹਿਰਾਈ ਨਾਪਣ ਵਾਲੇ ਵਿਗਿਆਨਕਾਂ ਦਾ ਕਹਿਣਾ ਹੈ ਕਿ ਸ਼ੋਰ ਪ੍ਰਦੂਸ਼ਣ ਵਿਚ ਕਾਫੀ ਕਮੀ ਆਈ ਹੈ।
ਨਵੀਂ ਸਿਮੋਲਾਜਿਕਲ ਰਿਸਰਚ ਦਾ ਇਹ ਮਤਲਬ ਨਹੀਂ ਕਿ ਪ੍ਰਿਥਵੀ ਦੀ ਧੜਕਣ (ਕੰਬਣੀ) ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਕੰਬਣੀ ਵਿਚ ਆਈ ਗਿਰਾਵਟ ਨਾ ਕੇਵਲ ਵਿਗਿਆਨੀਆਂ ਨੂੰ ਨਜ਼ਰ ਆ ਰਹੀ ਸਗੋਂ ਇਹ ਲਾਭਦਾਇਕ ਵੀ ਹੈ।
ਮਨੁੱਖੀ ਗਤੀਵਿਧੀਆਂ ਬੈਕਗਰਾਊਂਡ ਰੌਲੇ ਵਾਂਗ ਹੁੰਦੀਆਂ ਹਨ। ਇਸ ਕਾਰਨ ਇਹ ਸੁਣਨਾ ਮੁਸ਼ਕਲ ਹੋ ਜਾਂਦਾ ਹੈ ਕਿ ਅਸਲ ਵਿਚ ਧਰਤੀ ਕੁਦਰਤੀ ਰੂਪ ਵਿਚ ਕੀ ਕਰ ਰਹੀ ਹੈ।
ਰਿਪੋਰਟਾਂ ਮੁਤਾਬਿਕ ਵਾਸ਼ਿੰਗਟਨ ਦੀ ਇੰਕਾਰਪੋਰੇਟਡ ਰਿਸਰਚ ਇੰਸੀਚਉਸ਼ਨ ਫ਼ਾਰ ਸਿਸਮੋਲੋਜੀ ਦੀ ਵੈਬਸਾਈਟ ‘ਤੇ ਐਂਡੀ ਫਰਸਟ ਅਨੁਸਾਰ ਘਟ ਸ਼ੋਰ ਨਾਲ ਤੁਹਾਨੂੰ ਇਕ ਸੰਕੇਤ ਮਿਲਦਾ ਹੈ, ਜਿਸ ਤੋਂ ਤੁਸੀਂ ਇਨ੍ਹਾਂ ਘਟਨਾਵਾਂ ਤੋਂ ਵੱਧ ਜਾਣਕਾਰੀ ਹਾਸਿਲ ਕਰ ਸਕਦੇ ਹੋ। ਕੁਝ ਖੋਜਕਾਰ ਆਪਣੇ ਇਲਾਕਿਆਂ ਵਿਚ ਕੰਬਣੀ ਵਿਚ ਆਈ ਗਿਰਾਵਟ ਦਾ ਕਾਰਨ ਲੱਭਣ ਵਿਚ ਸਫਲ ਵੀ ਹੋਏ ਹਨ।
ਮੋਸਮੀ ਤਬਦੀਲੀ : ਪਹਿਲੇ ਵੀ ਅਜਿਹੇ ਬਦਲਾਅ ਦੇਖੇ ਜਾ ਚੁੱਕੇ ਹਨ। ਮਨੁੱਖੀ ਗਤੀਵਿਧੀਆਂ ਇਕ ਦਿਨ ਵਿਚ ਵੱਖ ਵੱਖ ਸਮੇਂ ਘਟਦੀਆਂ ਵਧਦੀਆਂ ਰਹਿੰਦੀਆਂ ਹਨ। ਇਸ ਦਾ ਕਰਨ ਕੁਝ ਖਾਸ ਸਮੇਂ ਲੋਕਾਂ ਦਾ ਸਰਗਰਮ ਰਹਿਣਾ ਹੁੰਦਾ ਹੈ। ਰਾਤ ਨੂੰ ਸ਼ਾਂਤੀ ਹੁੰਦੀ ਹੈ, ਜਦਕਿ ਦਿਨ ਨੂੰ ਸ਼ੋਰ ਵੱਧ ਹੁੰਦਾ ਹੈ। ਖਾਸ ਕਰ ਕੇ ਛੁੱਟੀਆਂ ਅਤੇ ਤਿਓਹਾਰਾਂ ਦੇ ਦਿਨਾਂ ਵਿਚ ਸ਼ਾਂਤੀ ਰਹਿੰਦੀ ਹੈ।
ਪੂਰੀ ਦੁਨੀਆ ਦੀ ਸਰਗਰਮੀ ਵਿਚ ਆਈ ਗਿਰਾਵਟ ਦੇਖੀ ਜਾ ਰਹੀ ਹੈ, ਇਹ ਕੁਝ ਮਹੀਨਿਆਂ ਤਕ ਰਹਿ ਸਕਦੀ ਹੈ। ਆਮ ਤੌਰ ‘ਤੇ ਅਜਿਹਾ ਕੁਝ ਦਿਨਾਂ ਲਈ ਪੱਛਮੀ ਦੇਸ਼ਾਂ ਵਿਚ ਕ੍ਰਿਸਮਸ ਦੌਰਾਨ ਦੇਖਣ ਨੂੰ ਮਿਲਦਾ ਹੈ।
ਸੰਪਰਕ : 7888973676