ਮਹਾਂਮਾਰੀ ਦੇ ਟਾਕਰੇ ਲਈ ਦੇਰੀ ‘ਚ ਕੌਣ ਜ਼ਿੰਮੇਵਾਰ? ਲੋਕ ਜਾਂ ਸਰਕਾਰਾਂ?

TeamGlobalPunjab
6 Min Read

-ਜਗਤਾਰ ਸਿੰਘ ਸਿੱਧੂ

ਚੰਡੀਗੜ੍ਹ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੇਸ਼ ਦੇ ਲੋਕਾਂ ਨੂੰ ਮਹਾਂਮਾਰੀ ਦੇ ਟਾਕਰੇ ਲਈ ਕੀਤੇ ਲਾਕਡਾਊਨ ਅਤੇ ਕਰਫਿਊ ਕਾਰਨ ਆ ਰਹੀਆਂ ਮੁਸ਼ਕਲਾਂ ਲਈ ਮਾਫੀ ਤਾਂ ਮੰਗੀ ਹੈ ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਕੋਰੋਨਾਵਾਇਰਸ ਵਰਗੀ ਬਿਮਾਰੀ ਦੇ ਟਾਕਰੇ ਲਈ ਘਰਾਂ ਵਿੱਚ ਬੰਦ ਰਹਿਣ ਦਾ ਫੈਸਲਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਈ ਡਾਕਟਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਹੈ ਅਤੇ ਮਰੀਜ਼ਾਂ ਦੇ ਮੂੰਹੋਂ ਬਿਮਾਰੀ ਦੇ ਟਾਕਰੇ ਲਈ ਪ੍ਰਬੰਧਾਂ ਦੀ ਤਾਰੀਫ ਵੀ ਸੁਣੀ ਹੈ। ਅਸੀਂ ਸਭ ਜਾਣਦੇ ਹਾਂ ਕਿ ਪ੍ਰਧਾਨ ਮੰਤਰੀ ਨਾਲ ਗੱਲਬਾਤ ਲਈ ਹੇਠਲੇ ਪੱਧਰ ‘ਤੇ ਅਧਿਕਾਰੀਆਂ ਵੱਲੋਂ ਕਿਹੋ ਜਿਹੇ ਪ੍ਰਬੰਧ ਕੀਤੇ ਜਾਂਦੇ ਹਨ। ਅਜ਼ਾਦੀ ਦੇ ਦਹਾਕਿਆਂ ਬਾਅਦ ਵੀ ਸਾਡਾ ਸਿਸਟਮ ਇਹੋ ਜਿਹਾ ਹੈ ਕਿ ਜੇਕਰ ਪਿੰਡ ਵਿੱਚ ਤਹਿਸੀਲਦਾਰ ਦੌਰੇ ‘ਤੇ ਆਵੇ ਤਾਂ ਪਿੰਡ ਦੇ ਚੌਧਰੀਆਂ ਨੂੰ ਭਾਜੜ ਪਈ ਹੁੰਦੀ ਹੈ। ਪ੍ਰਧਾਨ ਮੰਤਰੀ ਨਾਲ ਕੌਮੀ ਪੱਧਰ ‘ਤੇ ਡਾਕਟਰਾਂ ਨੂੰ ਸ਼ਾਬਾਸ਼ ਦੇਣ ਵਾਲੀਆਂ ਟਿੱਪਣੀਆਂ ਤਾਂ ਠੀਕ ਹਨ ਪਰ ਜ਼ਮੀਨੀ ਹਕੀਕਤਾਂ ਤੋਂ ਮੂੰਹ ਮੋੜਨਾ ਠੀਕ ਨਹੀਂ।

ਮਹਾਂਮਾਰੀ ਦੇ ਟਾਕਰੇ ਲਈ ਮੀਡੀਆ ਦੇ ਵੱਡੇ ਹਿੱਸੇ ਵੱਲੋਂ ਘਰਾਂ ਵਿੱਚ ਬੰਦ ਰਹਿਣ ਦਾ ਪਾਠ ਤਾਂ ਵਾਰ-ਵਾਰ ਪੜ੍ਹਾਇਆ ਜਾਂਦਾ ਹੈ ਪਰ ਇਸ ਬਾਰੇ ਸੁਆਲ ਕੌਣ ਪੁੱਛੇਗਾ ਕਿ ਜਦੋਂ ਅਮਰੀਕੀ ਰਾਸ਼ਟਰਪਤੀ ਨੂੰ ਭਾਰਤ ਬੁਲਾਕੇ ਪੂਰੇ ਦੇਸ਼ ਨੂੰ ਪੱਬਾਂ ਭਾਰ ਖੜ੍ਹਾ ਕੀਤਾ ਗਿਆ ਸੀ ਤਾਂ ਉਸ ਵੇਲੇ ਮਹਾਂਮਾਰੀ ਦਾ ਖਤਰਾ ਚੇਤੇ ਕਿਉਂ ਨਹੀਂ ਆਇਆ? ਦੁਨੀਆ ਮਹਾਂਮਾਰੀ ਦੇ ਖਤਰੇ ਹੇਠ ਆ ਚੁੱਕੀ ਸੀ ਅਤੇ ਅਸੀਂ ਦੁਨੀਆ ਦੀ ਸੁਪਰਪਾਵਰ ਦਾ ਸਵਾਗਤ ਕਰਨ ‘ਚ ਪੂਰੀ ਤਰ੍ਹਾਂ ਰੁੱਝੇ ਹੋਏ ਸੀ। ਅਸੀਂ ਕੌਮਾਂਤਰੀ ਉਡਾਣਾਂ ਦਾ ਫੈਸਲਾ ਉਸ ਵੇਲੇ ਲਿਆ ਜਦੋਂ ਮਹਾਂਮਾਰੀ ਦੀ ਮਾਰ ਹੇਠ ਸਿੱਧੇ ਤੌਰ ‘ਤੇ ਭਾਰਤ ਆ ਗਿਆ। ਜਨਵਰੀ ਦੇ ਸ਼ੁਰੂ ਵਿੱਚ ਅਮਰੀਕਾ ਅੰਦਰ ਬਿਮਾਰੀ ਰੰਗ ਦਿਖਾਉਣ ਲੱਗ ਪਈ ਸੀ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਵੱਲੋਂ ਅੱਧ ਜਨਵਰੀ ਤੋਂ ਪਹਿਲਾਂ ਬਿਮਾਰੀ ਬਾਰੇ ਚੇਤਾਵਨੀ ਆ ਗਈ ਸੀ।

ਅਮਰੀਕੀ ਰਾਸ਼ਟਰਪਤੀ ਦੇ ਭਾਰਤ ਆਉਣ ਤੱਕ ਕੋਰੋਨਾਵਾਇਰਸ ਨਾਲ ਦੁਨੀਆ ਵਿੱਚ 2700 ਲੋਕ ਮਰ ਚੁੱਕੇ ਸਨ ਅਤੇ ਅਮਰੀਕਾ ਇਸ ਦੀ ਮਾਰ ਹੇਠ ਆ ਚੁੱਕਾ ਸੀ। ਦੇਸ਼ ਦੇ ਲੋਕਾਂ ਨੂੰ ਕੌਣ ਜੁਆਬ ਦੇਵੇਗਾ ਕਿ ਜਦੋਂ ਭਾਰਤ ਵਰਗਾ ਗਰੀਬ ਮੁਲਕ ਮਹਾਂਮਾਰੀ ਦੀ ਮਾਰ ਹੇਠ ਆ ਚੁੱਕਾ ਸੀ ਤਾਂ ਉਸ ਵੇਲੇ ਕੇਂਦਰ ਦੀ ਸ਼ਕਤੀਸ਼ਾਲੀ ਹਾਕਮ ਧਿਰ ਮੱਧ-ਪ੍ਰਦੇਸ਼ ਸਰਕਾਰ ਤੋੜਕੇ ਕਾਂਗਰਸ ਦੀ ਥਾਂ ਉਸ ਸੂਬੇ ਵਿੱਚ ਕਮਲ ਦਾ ਫੁੱਲ ਖਿੜਾ ਰਹੀ ਸੀ। ਸਰਕਾਰ ਨੂੰ ਤੋੜਨ ਅਤੇ ਵਿਧਾਇਕਾਂ ਨੂੰ ਹਵਾਈ ਜਹਾਜ਼ਾਂ ‘ਤੇ ਚੁੱਕ ਕੇ ਲੱਦਣ ਦਾ ਡਰਾਮਾ ਸਾਰੇ ਦੇਸ਼ ਦੇ ਲੋਕਾਂ ਨੇ ਵੇਖਿਆ ਹੈ। ਕੇਵਲ ਐਨਾ ਹੀ ਨਹੀਂ ਸੁਪਰੀਮ ਕੋਰਟ ਵਿੱਚ ਮੱਧ-ਪ੍ਰਦੇਸ਼ ਸਰਕਾਰ ਦਾ ਕੇਸ ਵੀ ਚੱਲ ਰਿਹਾ ਸੀ। ਉਸ ਵੇਲੇ ਪਾਰਲੀਮੈਂਟ ਵੀ ਚੱਲ ਰਹੀ ਸੀ। ਜਿਉਂ ਹੀ ਮੱਧ-ਪ੍ਰਦੇਸ਼ ਵਿੱਚ ਭਾਜਪਾ ਦੇ ਨਵੇਂ ਮੁੱਖ ਮੰਤਰੀ ਨੇ ਸਹੁੰ ਚੁੱਕੀ ਤਾਂ ਅਗਲੇ ਦਿਨ ਹੀ 21 ਦਿਨ ਲਈ ਪ੍ਰਧਾਨ ਮੰਤਰੀ ਨੇ ਅਚਾਨਕ ਲਾਕਡਾਊਨ ਦਾ ਕੌਮੀ ਐਲਾਨ ਕਰ ਦਿੱਤਾ।
ਮਹਾਂਮਾਰੀ ਦੇ ਟਾਕਰੇ ਲਈ ਘਰਾਂ ਵਿੱਚ ਰਹਿਣ ਦਾ ਦਿੱਤਾ ਗਿਆ ਉਪਦੇਸ਼ ਤਾਂ ਮੀਡੀਆ ਅੰਦਰ ਖੂਬ ਪ੍ਰਚਾਰਿਆ ਗਿਆ ਕਿਉਂਕਿ ਇਹ ਗਰੀਬ ਮੁਲਕ ਮਹਾਂਮਾਰੀ ਦਾ ਟਾਕਰਾ ਘਰਾਂ ਵਿੱਚ ਬੰਦ ਰਹਿ ਕੇ ਹੀ ਕਰ ਸਕਦਾ ਹੈ। ਸੂਬਾਈ ਅਤੇ ਕੌਮੀ ਸਰਕਾਰਾਂ ਦੇ ਪ੍ਰਬੰਧਾਂ ਲਈ ਕਿਸ ਦੀ ਜੁਆਬਦੇਹੀ ਹੈ? ਦੇਸ਼ ਦੇ ਸੀਨੀਅਰ ਡਾਕਟਰ ਆਖ ਰਹੇ ਹਨ ਕਿ ਡਾਕਟਰਾਂ ਕੋਲ ਬਿਮਾਰੀ ਦੇ ਟਾਕਰੇ ਲਈ ਸਸਤੀ ਕਿਸਮ ਦੀਆਂ ਯੂਨੀਫਾਰਮਾਂ ਵੀ ਨਹੀਂ ਹਨ। ਮਾਸਕ ਮਿਲਦੇ ਨਹੀਂ ਜਾਂ ਬਲੈਕ ਵਿੱਚ ਮਿਲ ਰਹੇ ਹਨ। ਟੈਸਟ ਐਨੇ ਮਹਿੰਗੇ ਹਨ ਕਿ ਕੌਮਾਂਤਰੀ ਕੀਮਤਾਂ ਕਰਕੇ ਕੰਟਰੋਲ ਨਹੀਂ ਹੋ ਰਿਹਾ।

ਸਰਕਾਰ ਹੁਣ ਤਿਆਰੀ ‘ਚ ਲੱਗੀ ਹੋਈ ਹੈ ਜਦੋਂ ਕਿ ਪਹਿਲਾਂ ਹੀ ਦੇਰੀ ਹੋ ਚੁੱਕੀ ਹੈ। ਕੌਮੀ ਪੱਧਰ ਦੀ ਮੈਡੀਕਲ ਸੰਸਥਾ ਦੇ ਇੱਕ ਸੀਨੀਅਰ ਡਾਕਟਰ ਦਾ ਕਹਿਣਾ ਹੈ ਕਿ ਜੇਕਰ ਕੌਮਾਂਤਰੀ ਉਡਾਣਾਂ ‘ਤੇ ਕੁਝ ਸਮਾਂ ਪਹਿਲਾਂ ਰੋਕ ਲੱਗ ਜਾਂਦੀ ਤਾਂ ਮੁਲਕ ਨੂੰ ਵੱਡੀ ਦਹਿਸ਼ਤ ਤੋਂ ਬਚਾਇਆ ਜਾ ਸਕਦਾ ਸੀ। ਦੁਨੀਆ ਵਿੱਚ ਸਾਊਥ ਕੋਰੀਆ ਇਸ ਮਾਮਲੇ ਵਿੱਚ ਸ਼ਾਨਦਾਰ ਉਦਾਹਰਨ ਹੈ। ਇਹ ਮੁਲਕ ਤੈਵਾਨ ਤੋਂ ਕੇਵਲ 81 ਕਿਲੋਮੀਟਰ ਦੂਰ ਹੈ ਪਰ ਇਸ ਮੁਲਕ ਨੇ ਸਮੇਂ ਸਿਰ ਟਾਕਰੇ ਲਈ ਫੈਸਲੇ ਲਏ ਤਾਂ ਉੱਥੇ ਸਭ ਕੁਝ ਕੰਟਰੋਲ ਹੇਠ ਹੈ।

ਸਿਹਤ ਸਹੂਲਤਾਂ ਨਾਲੋਂ ਵੀ ਵੱਡੀ ਸਮੱਸਿਆ ਰੁਜ਼ਗਾਰ ਦੀ ਭਾਲ ਵਿੱਚ ਦੂਜੇ ਰਾਜਾਂ ਵਿੱਚ ਗਏ ਮਜ਼ਦੂਰਾਂ ਦੀ ਹੈ। ਲਾਕਡਾਊਨ ਕਾਰਨ ਅਚਾਨਕ ਹਜ਼ਾਰਾਂ ਮਜ਼ਦੂਰਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਅਤੇ ਭੁੱਖ ਮਿਟਾਉਣ ਲਈ ਉਨ੍ਹਾਂ ਕੋਲ ਕੋਈ ਸਾਧਨ ਨਹੀਂ। ਇਸ ਦਹਿਸ਼ਤ ਦੇ ਮਾਹੌਲ ਵਿੱਚ ਹਜ਼ਾਰਾਂ ਮਜ਼ਦੂਰ ਆਪੋ ਆਪਣੇ ਰਾਜਾਂ ਨੂੰ ਚੱਲ ਪਏ। ਬੇਸ਼ਕ ਹੁਣ ਸਰਕਾਰ ਨੇ ਰਾਜਾਂ ਦੇ ਬਾਰਡਰ ਸੀਲ ਕਰਕੇ ਇਨ੍ਹਾਂ ਭੀੜਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪਰ ਜੋ ਕੁਝ ਵਾਪਰ ਰਿਹਾ ਹੈ, ਉਹ ਦੇਸ਼ ਦੀ ਲੀਡਰਸ਼ਿਪ ਲਈ ਸ਼ਰਮਨਾਕ ਹੈ। ਦਿੱਲੀ ਦੇ ਬਾਰਡਰ ਅਤੇ ਹੋਰ ਕਈ ਥਾਂ ਕਿਵੇਂ ਭੀੜਾਂ ਦੀਆਂ ਭੀੜਾਂ ਕਿਸੇ ਬੱਸ ਨੂੰ ਟੁੱਟ ਕੇ ਪੈ ਰਹੀਆਂ ਹਨ। ਉਨ੍ਹਾਂ ਵਿੱਚੋਂ ਕਿੰਨੇ ਭੁਖਮਰੀ ਦਾ ਸ਼ਿਕਾਰ ਹੋ ਜਾਣਗੇ ਅਤੇ ਕਿੰਨੇ ਮਹਾਂਮਾਰੀ ਦਾ ਸ਼ਿਕਾਰ ਹੋਣਗੇ? ਹਰ ਮਾਮਲੇ ਵਿੱਚ ਸਪਸ਼ਟੀਕਰਨ ਵੀ ਆਉਣਗੇ ਪਰ ਲਾਕਡਾਊਨ ਤੋਂ ਪਹਿਲਾਂ ਅਜਿਹੇ ਲੱਖਾਂ ਲੋਕਾਂ ਦੀ ਮੁਸੀਬਤ ਬਾਰੇ ਕਿਉਂ ਨਾ ਸੋਚਿਆ ਗਿਆ? ਦੁਨੀਆ ਦੇ ਸ਼ਕਤੀਸ਼ਾਲੀ ਮੁਲਕ ਬਣਨ ਜਾ ਰਹੇ ਭਾਰਤ ਵਿੱਚ ਲੋਕਾਂ ਨੂੰ ਵਾਰ-ਵਾਰ ਉਜੜਨਾ ਕਿਉਂ ਪੈ ਰਿਹਾ ਹੈ?

Share This Article
Leave a Comment