ਮਾਸਕੋ : ਰੂਸ ਨੇ ਦੁਨੀਆ ਦੀ ਪਹਿਲੀ ਕੋਰੋਨਾ ਵਾਇਰਸ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਵਿਗਿਆਨੀਆਂ ਨੇ ਅਜਿਹੀ ਵੈਕਸੀਨ ਤਿਆਰ ਕਰ ਲਈ ਹੈ ਜੋ ਕੋਰੋਨਾਵਾਇਰਸ ਦੇ ਖ਼ਿਲਾਫ਼ ਕਾਰਗਰ ਹੈ। ਉਨ੍ਹਾਂ ਦੱਸਿਆ ਕਿ ਰੂਸ ਦੇ ਸਿਹਤ ਮੰਤਰਾਲੇ ਨੇ ਇਸ ਕੋਰੋਨਾ ਵੈਕਸੀਨ ਨੂੰ ਆਪਣੀ ਮਨਜ਼ੂਰੀ ਦਿੱਤੀ ਹੈ। ਰਾਸ਼ਟਰਪਤੀ ਪੁਤਿਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਇੱਕ ਧੀ ਨੂੰ ਇਹ ਟੀਕਾ ਲਗਾਇਆ ਜਾ ਚੁੱਕਾ ਹੈ। ਮਾਸਕੋ ਗਾਮਲੇਯਾ ਰਿਸਰਚ ਇੰਸਟੀਚਿਊਟ ਨੇ ਐਡੇਨੋਵਾਇਰਸ ਨੂੰ ਆਧਾਰ ਬਣਾ ਕੇ ਇਹ ਵੈਕਸੀਨ ਨੂੰ ਤਿਆਰ ਕੀਤਾ ਹੈ।
ਉਨ੍ਹਾਂ ਨੇ ਸਰਕਾਰ ਦੇ ਮੰਤਰੀਆਂ ਨੂੰ ਅੱਜ ਮੰਗਲਵਾਰ ਨੂੰ ਸੰਬੋਧਨ ਕਰਦਿਆਂ ਕਿਹਾ, ”ਅੱਜ ਸਵੇਰ ਕੋਰੋਨਾਵਾਇਰਸ ਦੇ ਖ਼ਿਲਾਫ਼ ਪਹਿਲੀ ਵੈਕਸੀਨ ਦੀ ਰਜਿਸਟ੍ਰੇਸ਼ਨ ਹੋ ਗਈ ਹੈ।” ਪੁਤਿਨ ਨੇ ਕਿਹਾ ਕਿ ਇਸ ਟੀਕੇ ਦਾ ਇਨਸਾਨਾਂ ਉੱਤੇ ਦੋ ਮਹੀਨੇ ਤੱਕ ਟੈਸਟ ਕੀਤਾ ਗਿਆ ਅਤੇ ਇਹ ਵੈਕਸੀਨ ਸਾਰੇ ਸੁਰੱਖਿਆ ਮਾਨਕਾਂ ਉੱਤੇ ਖ਼ਰੀ ਉੱਤਰੀ ਹੈ।
ਪੁਤਿਨ ਨੇ ਕਿਹਾ, ”ਮੈਂ ਇਹ ਜਾਣਦਾ ਹਾਂ ਕਿ ਇਹ ਵੈਕਸੀਨ ਕਾਫ਼ੀ ਕਾਰਗਰ ਹੈ, ਇਹ ਇਮੀਊਨ ਸਿਸਟਮ ਨੂੰ ਮਜ਼ਬੂਤ ਕਰਦੀ ਹੈ ਅਤੇ ਮੈਂ ਇਹ ਗੱਲ ਦੁਬਾਰਾ ਆਖ ਰਿਹਾ ਹਾਂ ਕਿ ਇਹ ਸਾਰੇ ਸੁਰੱਖਿਆ ਮਾਨਕਾਂ ਉੱਤੇ ਖ਼ਰੀ ਉੱਤਰੀ ਹੈ।” ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਜਲਦੀ ਹੀ ਇਸ ਵੈਕਸੀਨ ਦਾ ਵੱਡੇ ਪੱਧਰ ਉੱਤੇ ਉਤਪਾਦਨ ਕੀਤਾ ਜਾਵੇਗਾ।