ਪੰਜਾਬ ‘ਚ ਪਹੁੰਚੀ ਕੋਰੋਨਾ ਵੈਕਸੀਨ, ਜਾਣੋ ਕਿੱਥੇ-ਕਿੱਥੇ ਟੀਕੇ ਹੋਣਗੇ ਸਪਲਾਈ

TeamGlobalPunjab
2 Min Read

ਚੰਡੀਗੜ੍ਹ : ਦੇਸ਼ ‘ਚ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਖੇਪ ਪਹੁੰਚ ਗਈ ਹੈ। ਰਾਜਧਾਨੀ ਦਿੱਲੀ ਸਣੇ ਕੁੱਲ 13 ਸ਼ਹਿਰਾਂ ‘ਚ ਇਸ ਦੀ ਪਹਿਲੀ ਸਪਲਾਈ ਪਹੁੰਚਾ ਦਿੱਤੀ ਗਈ ਜਿਹਨਾਂ ‘ਚੋਂ ਚੰਡੀਗੜ੍ਹ ਵੀ ਇੱਕ ਹੈ। ਚੰਡੀਗੜ੍ਹ ਏਅਰਪੋਰਟ ‘ਤੇ ਦੁਪਹਿਰ ਬਾਅਦ ਕੋਵੀਸ਼ੀਲਡ ਵੈਕਸੀਨ ਦੇ ਬੌਕਸ ਪਹੁੰਚੇ। ਜਿਸ ਤੋਂ ਬਾਅਦ ਇਹਨਾਂ ਟੀਕਿਆਂ ਨੂੰ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਮੇਨ ਕੋਲਡ ਸਟੋਰ ਪੁਆਇੰਟ ਚੰਡੀਗੜ੍ਹ ਦੇ ਸੈਕਟਰ 24 ਵਿੱਚ ਰੱਖਿਆ ਗਿਆ। ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ‘ਤੇ ਲੈ ਕੇ ਜਾਣ ਲਈ ਵਿਸ਼ੇਸ਼ ਵੈਕਸੀਨ ਵੈਨਾਂ ਦਾ ਪ੍ਰਬੰਧ ਕੀਤਾ ਗਿਆ ਸੀ। ਜਿਹਨਾਂ ਵਿੱਚ ਤਾਪਮਾਨ ਵੈਕਸੀਨ ਮੁਤਾਬਕ ਰੱਖਿਆ ਗਿਆ।

ਪੰਜਾਬ ਵਿੱਚ ਵੈਕਸੀਨ ਦੀ ਵੰਡ ਲਈ ਇੱਕ ਸੂਬਾ-ਪੱਧਰੀ ਵੈਕਸੀਨ ਸਟੋਰ, 22 ਜ਼ਿਲ੍ਹਾ ਪੱਧਰੀ ਵੈਕਸੀਨ ਸਟੋਰ ਅਤੇ 127 ਬਲਾਕ ਪੱਧਰੀ ਵੈਕਸੀਨ ਸਟੋਰ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ 570 ਕੋਲਡ ਚੇਨ ਪੁਆਇੰਟ ਹੋਣਗੇ। ਫਿਰੋਜ਼ਪੁਰ ਵਿਖੇ ਇਕ ਵਾਕ-ਇਨ ਫ੍ਰੀਜ਼ਰ ਤੋਂ ਇਲਾਵਾ, ਭਾਰਤ ਸਰਕਾਰ ਨੇ ਚੰਡੀਗੜ੍ਹ ਵਿਚ ਇਕ ਅਜਿਹਾ ਹੋਰ ਵਾਕ-ਇਨ ਫ੍ਰੀਜ਼ਰ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸੂਬੇ ਕੋਲ ਅੰਮ੍ਰਿਤਸਰ, ਹਸ਼ਿਆਰਪੁਰ ਅਤੇ ਫਿਰੋਜ਼ਪੁਰ ਵਿਚ ਇੱਕ-ਇੱਕ ਵਾਕ-ਇਨ ਕੂਲਰ ਹੋਵੇਗਾ ਅਤੇ ਕੇਂਦਰ ਤੋਂ ਹੋਰ ਪ੍ਰਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਸੂਬੇ ਕੋਲ 1165 ਆਈਸ ਲਾਈਨਡ ਰੈਫਰੀਜ੍ਰੇਟਰ ਅਤੇ 1079 ਡੀਪ ਫ੍ਰੀਜ਼ਰ ਵੀ ਹਨ।

ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਹਿਲੇ ਪੜਾਅ ਦੇ ਟੀਕਾਕਰਨ ਲਈ ਸੂਬਾ ਸਰਕਾਰ ਵੱਲੋਂ ਲਗਭਗ 1.25 ਲੱਖ ਹੈਲਥ ਕੇਅਰ ਵਰਕਰਾਂ (ਸਰਕਾਰੀ ਅਤੇ ਨਿੱਜੀ) ਦਾ ਡਾਟਾ ਤਿਆਰ ਕੀਤਾ ਗਿਆ ਹੈ। ਸੂਬੇ ਵਿੱਚ ਵੈਕਸੀਨ ਦੀ ਵੰਡ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਚੁੱਕੇ ਜਾ ਰਹੇ ਹੋਰ ਕਦਮਾਂ ਵਿੱਚ ਟੀਕਾਕਰਨ ਕਰਨ ਵਾਲਿਆਂ ਦੀ ਮੈਪਿੰਗ, ਜ਼ਿਲ੍ਹਿਆਂ ਵਿੱਚ ਡਿਜੀਟਲ ਪਲੇਟਫਾਰਮ ਸਿਖਲਾਈ, ਵੈਕਸੀਨ ਇਨਵੈਂਟਰੀ ਮੈਨੇਜਮੈਂਟ ਅਤੇ ਵੱਖ-ਵੱਖ ਪੱਧਰਾਂ `ਤੇ ਤਾਲਮੇਲ ਲਈ ਸਿਖਲਾਈ ਪ੍ਰਾਪਤ ਕਰਮਚਾਰੀ ਸ਼ਾਮਲ ਹਨ। ਭਾਰਤ ਸਰਕਾਰ ਨੇ ਔਕਸਫੋਰਡ ਦੀ ਵੈਕਸੀਨ ਕੋਵਿਸ਼ੀਲਡ ਦੀ ਪਹਿਲੀ ਖੇਪ ਵਿੱਚ 1.1 ਕਰੋੜ ਡੋਜ਼ ਖ਼ਰੀਦੀ ਹੈ ਅਤੇ ਅਪ੍ਰੈਲ ਮਹੀਨੇ ਤਕ 4.5 ਕਰੋੜ ਹੋਰ ਟੀਕੇ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਵੈਕਸੀਨ ਦੀ ਕੀਮਤ 200 ਰੁਪਏ ਪ੍ਰਤੀ ਟੀਕਾ ਹੈ ਅਤੇ ਜੀਐੱਸਟੀ ਮਿਲਾ ਕੇ ਇਸ ਦੀ ਕੁੱਲ ਕੀਮਤ 210 ਰੁਪਏ ਹੈ।

Share this Article
Leave a comment