ਇਸਲਾਮਾਬਾਦ : ਪਾਕਿਸਤਾਨ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ‘ਚ ਹੀ ਪਾਕਿਸਤਾਨ ਦੇ ਦੱਖਣੀ ਸਿੰਧ ਪ੍ਰਾਂਤ ਦੇ ਰਾਜਪਾਲ ਇਮਰਾਨ ਇਸਮਾਈਲ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਇਸਮਾਈਲ ਦੀ ਕੋਰੋਨਾ ਜਾਂਚ ਦਾ ਨਮੂਨਾ ਬੀਤੇ ਐਤਵਾਰ ਲੈਬਾਰਟਰੀ ਵਿੱਚ ਭੇਜਿਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਦੱਸਣਯੋਗ ਹੈ ਕਿ ਰਾਜਪਾਲ ਇਮਰਾਨ ਇਸਮਾਈਲ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਨ।
ਰਾਜਪਾਲ ਇਮਰਾਨ ਇਸਮਾਈਲ ਨੇ ਸੋਮਵਾਰ ਦੇਰ ਰਾਤ ਇੱਕ ਟਵੀਟ ਵਿੱਚ ਕਿਹਾ, “ਮੇਰੀ ਕੋਰੋਨਾ ਰਿਪੋਰਟ ਸਕਾਰਾਤਮਕ ਪਾਈ ਗਈ ਹੈ।” ਸਿੰਧ ਪ੍ਰਾਂਤ ਪਾਕਿਸਤਾਨ ਵਿੱਚ ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਦੇਸ਼ ਵਿੱਚ ਕੋਰੋਨਾ ਦੇ ਕੁੱਲ 13,947 ਮਾਮਲਿਆਂ ‘ਚੋਂ ਸਿੰਧ ਪ੍ਰਾਂਤ ‘ਚ ਕੋਰੋਨਾ ਦੇ 4,956 ਮਾਮਲੇ ਹਨ। ਜਦ ਕਿ 293 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਸਥਾਨਕ ਮੀਡੀਆ ਨਾਲ ਗੱਲਬਾਤ ਦੌਰਾਨ ਇਮਰਾਨ ਇਸਮਾਈਨ ਨੇ ਕਿਹਾ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੇ ਲੋਕਾਂ ਦੇ ਸੰਪਰਕ ‘ਚ ਆਏ ਹਨ। ਇਸ ਲਈ ਉਹ ਆਪਣੇ ਪਰਿਵਾਰ ਦੀ ਵੀ ਕੋਰੋਨਾ ਜਾਂਚ ਕਰਵਾਉਣਗੇ।
ਪਾਕਿਸਤਾਨੀ ਸਿਹਤ ਮਾਹਿਰਾਂ ਨੇ ਮਈ ਜਾਂ ਜੂਨ ਤੱਕ ਕੋਰੋਨਾ ਮਹਾਮਾਰੀ ਦੇ ਸਿਖਰ ‘ਤੇ ਪਹੁੰਚਣ ਦੀ ਆਸ਼ੰਕਾ ਜਤਾਈ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਅਨੁਸਾਰ ਪਾਕਿਸਤਾਨ ਵਿੱਚ ਹੁਣ ਤੱਕ 1,50,756 ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ 6,391 ਟੈਸਟ ਕੀਤੇ ਗਏ ਸਨ। 3 ਹਜ਼ਾਰ ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।
ਦੱਸ ਦਈਏ ਕਿ ਵਿਸ਼ਵ ਪੱਧਰ ‘ਤੇ ਕੋਰੋੋਨਾ ਸੰਕਰਮਣ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦੁਨੀਆ ਭਰ ‘ਚ ਹੁਣ ਤੱਕ ਕੋਰੋਨਾ ਮਹਾਮਾਰੀ ਦੇ 3 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 2 ਲੱਖ 11 ਹਜ਼ਾਰ ਲੋਕ ਇਸ ਮਹਾਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਅਮਰੀਕਾ ‘ਚ ਕੋਰੋਨਾ ਨਾਲ ਸਭ ਤੋਂ ਵੱਧ 56 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ।