ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ 26 ਕੈਦੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

TeamGlobalPunjab
2 Min Read

ਲੁਧਿਆਣਾ : ਅੱਜ ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਕੋਰੋਨਾ ਦਾ ਇੱਕ ਵੱਡਾ ਧਮਾਕਾ ਹੋਇਆ। ਜੇਲ੍ਹ ‘ਚ ਬੰਦ 26 ਕੈਦੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਘਟਨਾ ਤੋਂ ਬਾਅਦ ਸਮੁੱਚੇ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਲੁਧਿਆਣਾ ਸਥਿਤ ਕੇਂਦਰੀ ਜੇਲ੍ਹ ‘ਚ ਲੈਬ ਜਾਂਚ ਦੌਰਾਨ 26 ਕੈਦੀਆਂ ਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ, ਜੋ ਬਹੁਤ ਹੀ ਚਿੰਤਾਜਨਕ ਗੱਲ ਹੈ।

ਪਾਜ਼ੀਟਿਵ ਰਿਪੋਰਟ ਆਉਣ ਤੋੇਂ ਬਾਅਦ ਉਕਤ ਕੈਦੀਆਂ ਨੂੰ ਕੁਆਰੰਟੀਨ ਬੈਰਕ ‘ਚ ਰੱਖਿਆ ਗਿਆ ਹੈ। ਉੱਚ ਅਧਿਕਾਰੀਆਂ ਤੋਂ ਨਿਰਦੇਸ਼ ਮਿਲਣ ਉਪਰੰਤ ਪਾਜ਼ੀਟਿਵ ਰਿਪੋਰਟ ਵਾਲੇ ਕੈਦੀਆਂ ਨੂੰ ਜੇਲ੍ਹ ਤੋਂ ਬਾਹਰ ਹਸਪਤਾਲ ‘ਚ ਭੇਜਿਆ ਜਾਵੇਗਾ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕੇਂਦਰੀ ਜੇਲ੍ਹ ‘ਚ ਪੰਜ ਕੈਦੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਜਿਸ ਨਾਲ ਇਹ ਗਿਣਤੀ ਵੱਧ ਕੇ 31 ਹੋ ਗਈ ਹੈ।

ਲੁਧਿਆਣਾ ‘ਚ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਜਿਸ ਕਾਰਨ ਸਥਾਨਕ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਿਛਲੇ 3 ਦਿਨਾਂ ਦੌਰਾਨ ਜ਼ਿਲ੍ਹੇ ‘ਚ ਕੋਰੋਨਾ ਦੇ 180 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ ‘ਚ ਕੁਲ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 1000 ਤੋਂ ਪਾਰ ਹੋ ਗਿਆ ਹੈ ਜਦ ਕਿ 24 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।

Share this Article
Leave a comment