ਨਵੀਂ ਦਿੱਲੀ : ਭਾਰਤ ‘ਚ ਕੋਰੋਨਾ ਦਾ ਕਹਿਰ ਲਗਾਤਾਰ ਬਰਕਰਾਰ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 52,972 ਮਾਮਲੇ ਸਾਹਮਣੇ ਆਏ ਹਨ ਅਤੇ 771 ਲੋਕਾਂ ਦੀ ਮੌਤ ਹੋ ਗਈ ਹੈ। ਇਹ ਲਗਾਤਾਰ 5ਵਾਂ ਦਿਨ ਹੈ, ਜਦੋਂ ਦੇਸ਼ ‘ਚ ਕੋਵਿਡ-19 ਦੇ 50,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਮਾਮਲਿਆਂ ਨਾਲ ਦੇਸ਼ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 18 ਲੱਖ ਦੇ ਪਾਰ ਪਹੁੰਚ ਗਈ ਹੈ। ਜਦੋਂ ਕਿ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ 11.86 ਲੱਖ ਤੋਂ ਉੱਪਰ ਹੋ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰੇ 8 ਵਜੇ ਤੱਕ ਦੇ ਡਾਟਾ ਅਨੁਸਾਰ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ ਵੱਧ ਕੇ 18,03,695 ਹੋ ਗਏ, ਜਦੋਂ ਕਿ ਇੱਕ ਦਿਨ ‘ਚ ਵਾਇਰਸ ਨਾਲ 771 ਲੋਕਾਂ ਨੇ ਦਮ ਤੋੜ ਦਿੱਤਾ ਹੈ। ਇਸ ਨਾਲ ਦੇਸ਼ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 38,135 ਤੱਕ ਪਹੁੰਚ ਗਿਆ ਹੈ। ਦੇਸ਼ ‘ਚ 5,79,357 ਮਾਮਲੇ ਅਜੇ ਵੀ ਸਰਗਰਮ ਹਨ ਜਿਨ੍ਹਾਂ ਦਾ ਦੇਸ਼ ਦੇ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਡਾਟਾ ਅਨੁਸਾਰ ਕੋਵਿਡ-19 ਤੋਂ ਸਿਹਤਮੰਦ ਹੋਣ ਦੀ ਦਰ 65.44 ਫੀਸਦੀ ਹੋ ਗਈ ਹੈ, ਜਦੋਂ ਕਿ ਮੌਤ ਦਰ ਘੱਟ ਕੇ 2.13 ਫੀਸਦੀ ਰਹਿ ਗਈ ਹੈ।
ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਅਨੁਸਾਰ, ਇਕ ਅਗਸਤ ਤੱਕ ਕੁੱਲ 2,02,02,858 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ‘ਚੋਂ 3,81,027 ਨਮੂਨਿਆਂ ਦੀ ਜਾਂਚ ਐਤਵਾਰ ਨੂੰ ਕੀਤੀ ਗਈ।