Breaking News

ਮੁੱਖ ਮੰਤਰੀ ਚੰਨੀ ਨੇ ਕੋਵਿਡ ਵੈਕਸੀਨ ਦੀ ਲਈ ਦੂਜੀ ਖੁਰਾਕ, ਲੋਕਾਂ ਨੂੰ ਓਮੀਕਰੋਨ ਤੋਂ ਬਚਾਅ ਲਈ ਟੀਕਾਕਰਨ ਕਰਵਾਉਣ ਦੀ ਅਪੀਲ

 

 


ਹੁਣ ਤੱਕ ਪੰਜਾਬ ਦੀ 80 ਫ਼ੀਸਦੀ ਆਬਾਦੀ ਨੂੰ ਮਿਲੀ ਪਹਿਲੀ ਖੁਰਾਕ ਅਤੇ 38 ਫ਼ੀਸਦੀ ਨੂੰ ਲਈ ਦੂਜੀ ਖੁਰਾਕ 

 

ਚੰਡੀਗੜ੍ਹ : ਕੋਵਿਡ ਵੈਕਸੀਨ ਦੀ ਦੂਸਰੀ ਖੁਰਾਕ ਲੈਣ ਉਪਰੰਤ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨੂੰ ਕੋਵਿਡ ਦੇ ਨਵੇਂ ਰੂਪ ਓਮੀਕਰੋਨ ਤੋਂ ਹੋਣ ਵਾਲੇ ਸੰਭਾਵੀ ਇਨਫੈਕਸ਼ਨ ਤੋਂ ਆਪਣੇ ਆਪ ਨੂੰ ਬਚਾਉਣ ਲਈ ਕਿਸੇ ਵੀ ਕਿਸਮ ਦੀ ਢਿੱਲ-ਮੱਠ ਦਿਖਾਏ ਬਿਨਾਂ ਜਲਦ ਤੋਂ ਜਲਦ ਆਪਣਾ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ।

 

ਮੰਗਲਵਾਰ ਨੂੰ ਪੰਜਾਬ ਭਵਨ ਵਿਖੇ ਓਮੀਕਰੋਨ ਦੇ ਮੱਦੇਨਜ਼ਰ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਖੋਜ ਵਿਭਾਗਾਂ ਨੂੰ ਟੀਕਾਕਰਨ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸੂਬਾ ਭਰ ਵਿੱਚ ਸਾਰੇ ਯੋਗ ਵਿਅਕਤੀਆਂ ਦਾ ਜਲਦ ਤੋਂ ਜਲਦ ਟੀਕਾਕਰਨ ਕੀਤਾ ਜਾ ਸਕੇ।

ਮੁੱਖ ਮੰਤਰੀ ਨੂੰ ਸੂਬੇ ਵਿੱਚ ਕੋਵਿਡ ਟੀਕਾਕਰਨ ਦੀ ਹੁਣ ਤੱਕ ਦੀ ਸਥਿਤੀ ਬਾਰੇ ਜਾਣੂੰ ਕਰਵਾਉਂਦਿਆਂ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਕਾਸ ਗਰਗ ਨੇ ਦੱਸਿਆ ਕਿ ਕੁੱਲ 2.46 ਕਰੋੜ ਯੋਗ ਆਬਾਦੀ ਵਿੱਚੋਂ 1.66 ਕਰੋੜ (80 ਫ਼ੀਸਦੀ) ਨੂੰ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਅਤੇ ਲਗਭਗ 38 ਫ਼ੀਸਦੀ ਭਾਵ 79.87 ਲੱਖ ਆਬਾਦੀ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਕੋਲ ਮੌਜੂਦਾ ਸਮੇਂ 46 ਲੱਖ ਖੁਰਾਕਾਂ ਦਾ ਸਟਾਕ ਉਪਲਬਧ ਹੈ ਅਤੇ ਮੈਡੀਕਲ/ਪੈਰਾ ਮੈਡੀਕਲ ਟੀਮਾਂ ਬਾਕੀ ਰਹਿੰਦੀ ਆਬਾਦੀ ਨੂੰ ਕਵਰ ਕਰਨ ਲਈ ਟੀਕਾਕਰਨ ਦੀ ਮੁਹਿੰਮ ਵਿੱਚ ਸਰਗਰਮੀ ਨਾਲ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਕਰੋਨਾ ਕੇਸਾਂ ਦਾ ਪਤਾ ਲਗਾਉਣ ਲਈ ਰੋਜ਼ਾਨਾ 30,000 ਦੇ ਕਰੀਬ ਟੈਸਟ ਕੀਤੇ ਜਾ ਰਹੇ ਹਨ।

ਹੋਰ ਜਾਣਕਾਰੀ ਦਿੰਦਿਆਂ ਸਿਹਤ ਸਕੱਤਰ ਨੇ ਮੁੱਖ ਮੰਤਰੀ ਚੰਨੀ ਨੂੰ ਦੱਸਿਆ ਕਿ ਵਿਭਾਗ ਨਵੇਂ ਰੂਪ ਦੇ ਫੈਲਣ ਦੀ ਕਿਸੇ ਵੀ ਸੰਭਾਵਨਾ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਵਿਭਾਗ ਵੱਲੋਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਲੋੜੀਂਦੀ ਸਾਜ਼ੋ-ਸਾਮਾਨ ਖਰੀਦਿਆ ਗਿਆ ਹੈ ਜਿਸ ਵਿੱਚ 12 ਲੱਖ ਰੈਪਿਡ ਐਂਟੀਜੇਨ ਕਿੱਟਾਂ, 17 ਲੱਖ ਵੀਟੀਐਮ ਟੈਸਟ ਕਿੱਟਾਂ, 20 ਜ਼ਿਲ੍ਹਿਆਂ ਲਈ ਆਰਟੀਪੀਸੀਆਰ ਲੈਬਾਂ, ਪੈਡੀਐਟ੍ਰਿਕ ਐਲ2 (790) ਅਤੇ ਐਲ 3 (324) ਬੈੱਡਾਂ ਤੋਂ ਇਲਾਵਾ ਬਾਲਗ ਐਲ 2 (3500) ਅਤੇ ਐਲ 3 (142) ਬੈੱਡ ਅਤੇ ਕੋਵਿਡ ਮਰੀਜ਼ਾਂ ਲਈ ਦਵਾਈਆਂ ਦਾ ਢੁਕਵਾਂ ਸਟਾਕ ਸ਼ਾਮਲ ਹੈ।

ਨਵੇਂ ਰੂਪ ਕਾਰਨ ਪੈਦਾ ਹੋਣ ਵਾਲੀ ਸੰਭਾਵੀ ਲਹਿਰ ਨਾਲ ਨਜਿੱਠਣ ਲਈ ਹੁਣ ਤੱਕ ਕੀਤੇ ਗਏ ਪ੍ਰਬੰਧਾਂ ‘ਤੇ ਤਸੱਲੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਭਾਵੇਂ ਸੂਬੇ ਵਿੱਚ ਓਮੀਕਰੋਨ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ, ਇਸ ਲਈ ਅਸੀਂ ਇਸ ਸਬੰਧੀ ਕਿਸੇ ਵੀ ਢਿੱਲ ਨੂੰ ਸਹਿਣ ਨਹੀਂ ਕਰ ਸਕਦੇ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਉਪ ਮੁੱਖ ਮੰਤਰੀ ਓ.ਪੀ. ਸੋਨੀ, ਜਿਨ੍ਹਾਂ ਕੋਲ ਸਿਹਤ ਮਹਿਕਮਾ ਵੀ ਹੈ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਪ੍ਰਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਅਤੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਸ਼ਾਮਲ ਸਨ।

Check Also

ਜ਼ੇਲੇਂਸਕੀ ਨੇ ਕੈਨੇਡਾ ਦੀ ਪਾਰਲੀਮੈਂਟ ਨੂੰ ਕੀਤਾ ਸੰਬੋਧਨ, ਕਿਹਾ ਰੂਸੀ ਹਮਲਾ ਸਾਡੀ ਜਿੱਤ ਨਾਲ ਹੀ ਹੋਵੇਗਾ ਖ਼ਤਮ

ਨਿਊਜ਼ ਡੈਸਕ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਵਿਦੇਸ਼ ਦੌਰੇ ‘ਤੇ ਹਨ। ਇਸ ਦੌਰਾਨ ਯੂਕਰੇਨ ਦੇ …

Leave a Reply

Your email address will not be published. Required fields are marked *