ਪਟਿਆਲਾ : ਪੰਜਾਬ ‘ਚ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅਜਿਹੇ ‘ਚ ਜ਼ਿਲ੍ਹਾ ਪਟਿਆਲਾ ਦੇ ਕੋਰੋਨਾ ਸੰਕਰਮਿਤ ਗੁਰਪ੍ਰੀਤ ਸਿੰਘ ਨੇ ਕੋਰੋਨਾ ਵਿਰੁੱਧ ਜਿੱਤ ਹਾਸਲ ਕੀਤੀ ਹੈ। ਗੁਰਪ੍ਰਤੀ ਸਿੰਘ ਨੂੰ ਠੀਕ ਹੋਣ ਤੋਂ ਬਾਅਦ ਅੱਜ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਬੀਤੀ 29 ਮਾਰਚ ਨੂੰ ਗੁਰਪ੍ਰੀਤ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਸੀ। ਜਿਸ ਤੋਂ ਬਾਅਦ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਉਸ ਨੂੰ ਇਲਾਜ ਚੱਲ ਰਿਹਾ ਸੀ।
ਇਸ ਮੌਕੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਨਗਰ ਨਿਗਰ ਕਮਿਸ਼ਨਰ ਪੂਨਮਦੀਪ ਕੌਰ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਗੁਰਪ੍ਰੀਤ ਸਿੰਘ ਨੂੰ ਕੋਰੋਨਾ ‘ਤੇ ਜਿੱਤ ਪ੍ਰਾਪਤ ਕਰਨ ਲਈ ਮੁਬਾਰਕਬਾਦ ਦਿੱਤੀ। ਗੁਰਪ੍ਰੀਤ ਸਿੰਘ ਨੇ ਆਪਣੇ ਇਲਾਜ ਲਈ ਡਾਕਟਰਾਂ ਦੀ ਟੀਮ ਅਤੇ ਸਿਹਤ ਕਰਮਚਾਰੀਆਂ ਦਾ ਧੰਨਵਾਦ ਕੀਤਾ। ਗੁਰਪ੍ਰੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਮਾਰੀ ਵਿਰੁੱਧ ਜੰਗ ਜਿੱਤੀ ਜਾ ਸਕਦੀ ਹੈ ਤੇ ਕਿਸੇ ਨੂੰ ਵੀ ਇਸ ਤੋਂ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਗੁਰਪ੍ਰੀਤ ਨੇ ਕਿਹਾ ਕਿ ਇਲਾਜ ਦੌਰਾਨ ਹਸਪਤਾਲ ‘ਚ ਉਸ ਦਾ ਪੂਰਾ ਧਿਆਨ ਰੱਖਿਆ ਗਿਆ।
ਇਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਲੱਗੇ ਕਰਫਿਊ ਅਤੇ ਲਾਕਡਾਊਨ ਦੀ ਮਿਆਦ ਹੁਣ ਤਿੰਨ ਮਈ ਤੱਕ ਵਧਾ ਦਿੱਤੀ ਹੈ। ਪਹਿਲਾਂ ਸੂਬੇ ਵਿੱਚ ਕਰਫਿਊ ਅਤੇ ਲਾਕਡਾਉਨ ਦੀ ਮਿਆਦ 14 ਅਪ੍ਰੈਲ ਸੀ ਜਿਸ ਤੋਂ ਬਾਅਦ ਇਸਨੂੰ ਇੱਕ ਮਈ ਤੱਕ ਕਰ ਦਿੱਤਾ ਗਿਆ ਸੀ ਪਰ ਮੰਗਲਵਾਰ ਨੂੰ ਜਿਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਤਿੰਨ ਮਈ ਤੱਕ ਲਾਕਡਾਊਨ ਦਾ ਐਲਾਨ ਕੀਤਾ ਤਾਂ ਪੰਜਾਬ ਸਰਕਾਰ ਨੇ ਵੀ ਕਰਫਿਊ/ਲਾਕਡਾਊਨ ਦੀ ਮਿਆਦ ਵਧਾਕੇ ਤਿੰਨ ਮਈ ਕਰ ਦਿੱਤੀ ਹੈ। ਨਾਲ ਹੀ ਕੈਪਟਨ ਨੇ ਸੂਬੇ ਦੇ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।