ਨਿਊਜ਼ ਡੈਸਕ : ਕੋਰੋਨਾ ਮਹਾਮਾਰੀ ਕਾਰਨ ਹੁਣ ਤੱਕ ਪੂਰੀ ਦੁਨੀਆ ‘ਚ 3 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ‘ਚ ਹੀ ਵਿਸ਼ਵ ਸਿਹਤ ਸੰਗਠਨ ਨੇ ਆਪਣੀ ਇੱਕ ਰਿਪੋਰਟ ‘ਚ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਕਾਰਨ 5 ਲੱਖ ਏਡਜ਼ ਮਰੀਜ਼ਾਂ ਦੀ ਮੌਤ ਹੋ ਸਕਦੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਅਤੇ ਯੂਐੱਨਏਡਜ਼ (UNAIDS) ਦੀ ਮਾਡਲਿੰਗ ਸਟੱਡੀ ਦੇ ਅਨੁਸਾਰ ਅਫਰੀਕਾ ਦੇ ਸਬ-ਸਹਾਰਾ ਖੇਤਰ ਵਿੱਚ ਅਗਲੇ 6 ਮਹੀਨਿਆਂ ‘ਚ 5 ਲੱਖ ਤੋਂ ਵੱਧ ਏਡਜ਼ ਮਰੀਜ਼ਾਂ ਦੀ ਮੌਤ ਹੋ ਜਾਵੇਗੀ ਜੋ ਕਿ 2008 ਵਿਚ ਏਡਜ਼ ਨਾਲ ਮਰਨ ਵਾਲੇ ਮਰੀਜ਼ਾਂ ਤੋਂ ਵੀ ਕੀਤੇ ਵੱਧ ਹੋ ਸਕਦਾ ਹੈ।
ਰਿਪੋਰਟ ਅਨੁਸਾਰ 2010 ਤੋਂ ਲੈ ਕੇ ਹੁਣ ਤੱਕ ਐਂਟੀਰੀਟ੍ਰੋਵਾਇਰਲ (ਏਆਰਵੀ) ਥੈਰੇਪੀ ਕਾਰਨ ਅਫਰੀਕੀ ਬੱਚਿਆਂ ‘ਚ ਐੱਚਆਈਵੀ ਸੰਕਰਮਣ ਦੀ ਦਰ ‘ਚ 43 ਫੀਸਦੀ ਦੀ ਕਮੀ ਆਈ ਸੀ। ਪਰ ਜੇਕਰ ਇਨ੍ਹਾਂ ਮਰੀਜ਼ਾਂ ਨੂੰ ਸਹੀ ਸਮੇਂ ‘ਤੇ ਦਵਾਈ ਅਤੇ ਥੈਰੇਪੀ ਨਹੀਂ ਮਿਲਦੀ ਤਾਂ ਅਗਲੇ 6 ਮਹੀਨਿਆਂ ‘ਚ ਮੋਜ਼ਾਮਬੀਕ ਵਿੱਚ 37 ਫੀਸਦੀ, ਮਾਲਾਵੀ ਅਤੇ ਜ਼ਿੰਬਾਬਵੇ ਵਿਚ 78-78 ਪ੍ਰਤੀਸ਼ਤ ਅਤੇ ਯੂਗਾਂਡਾ ਵਿਚ 104 ਪ੍ਰਤੀਸ਼ਤ ਬੱਚੇ ਐੱਚਆਈਵੀ ਨਾਲ ਸੰਕਰਮਿਤ ਹੋ ਸਕਦੇ ਹਨ।
WHO ਅਤੇ UNAIDS ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ਸਾਲ 2018 ਵਿੱਚ ਸਬ-ਸਹਾਰਾ ਅਫਰੀਕਾ ‘ਚ 2.57 ਕਰੋੜ ਲੋਕ ਐਚਆਈਵੀ ਨਾਲ ਸੰਕਰਮਿਤ ਸਨ। ਇਨ੍ਹਾਂ ਵਿੱਚੋਂ, 64 ਪ੍ਰਤੀਸ਼ਤ ਐਂਟੀਰੇਟ੍ਰੋਵਾਇਰਸ (ਏਆਰਵੀ) ਥੈਰੇਪੀ ਦੀ ਸਹਾਇਤਾ ਨਾਲ ਜਿਉਂਦੇ ਹਨ। ਡਬਲਯੂਐੱਚਓ ਦੀ ਰਿਪੋਰਟ ਅਨੁਸਾਰ ਕੋਰੋਨਾ ਮਹਾਮਾਰੀ ਏਡਜ਼, ਟੀਵੀ, ਅਤੇ ਮਲੇਰੀਆ ਦੇ ਮਰੀਜ਼ਾਂ ਲਈ ਬਹੁਤ ਖਤਰਨਾਕ ਹੋ ਸਕਦੀ ਹੈ।
ਡਬਲਯੂਐਚਓ ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਨੇ ਆਪਣੀ ਇਸ ਰਿਪੋਰਟ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਟੇਡਰੋਸ ਨੇ ਕਿਹਾ ਕਿ ਸਾਨੂੰ ਸੁਚੇਤ ਰਹਿਣ ਦੀ ਲੋੜ ਕਿ ਸਿਰਫ ਕੋਰੋਨਾ ਹੀ ਨਹੀਂ, ਹੋਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਦੀ ਸਿਹਤ ਸੁਰੱਖਿਆ ਬਾਰੇ ਸੋਚਣਾ ਪਵੇਗਾ। ਟੇਡਰੋਸ ਨੇ ਦੁਨੀਆ ਭਰ ਦੀਆਂ ਕੰਪਨੀਆਂ ਅਤੇ ਸਿਹਤ ਨਾਲ ਜੁੜੇ ਲੋਕਾਂ ਨੂੰ ਏਡਜ਼ ਨਾਲ ਸਬੰਧਤ ਟੈਸਟਿੰਗ ਕਿੱਟਾਂ ਅਤੇ ਦਵਾਈਆਂ ਦੀ ਮਾਤਰਾ ਵਧਾਉਣ ਅਤੇ ਅਫਰੀਕਾ ਵਿੱਚ ਲੋਕਾਂ ਦੀ ਮਦਦ ਕਰਨ ਲਈ ਕਿਹਾ ਹੈ।