ਕੋਰੋਨਾ ਸੰਕਟ : ਸੁਪਰੀਮ ਕੋਰਟ ਨੇ 23 ਜੂਨ ਨੂੰ ਹੋਣ ਜਾ ਰਹੀ ਜਗਨਨਾਥ ਪੁਰੀ ਦੀ ਰੱਥ ਯਾਤਰਾ ‘ਤੇ ਲਗਾਈ ਰੋਕ

TeamGlobalPunjab
2 Min Read

ਨਵੀਂ ਦਿੱਲੀ : ਸੁਪਰੀਮ ਕੋਰਟ ਨੇ 23 ਜੂਨ ਨੂੰ ਓਡੀਸ਼ਾ ਵਿੱਚ ਹੋਣ ਵਾਲੀ ਜਗਨਨਾਥ ਪੁਰੀ ਮੰਦਿਰ ਦੀ ਸਾਲਾਨਾ ਰੱਥ ਯਾਤਰਾ ‘ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਆਪਣੇ ਫੈਸਲੇ ‘ਚ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਇਸ ਰੱਥ ਯਾਤਰਾ ‘ਤੇ ਰੋਕ ਲਗਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਭੁਵਨੇਸ਼ਵਰ ਦੇ ਗੈਰ-ਸਰਕਾਰੀ ਸੰਗਠਨ ‘ਓਡੀਸ਼ਾਂ ਵਿਕਾਸ ਪਰਿਸ਼ਦ’ ਨੇ ਜਨਹਿੱਤ ਪਟੀਸ਼ਨ ਦਾਇਰ ਕਰਕੇ ਮਹਾਮਾਰੀ ਨੂੰ ਦੇਖਦੇ ਹੋਏ ਜਗਨਨਾਥ ਪੁਰੀ ਦੀ ਰੱਥ ਯਾਤਰਾ ਨੂੰ ਰੱਦ ਜਾਂ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ।

ਸੁਪਰੀਮ ਕੋਰਟ ਦਾ ਇਹ ਫੈਸਲਾ ਓਡੀਸ਼ਾ-ਅਧਾਰਤ ਐਨ.ਜੀ.ਓ ਵੱਲੋਂ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਇਸ ਸਾਲ ਦੀ ਰੱਥ ਯਾਤਰਾ ਨੂੰ ਰੱਦ ਕਰਨ ਜਾਂ ਮੁਲਤਵੀ ਕਰਨ ਲਈ ਦਾਇਰ ਕੀਤੀ ਗਈ ਪਟੀਸ਼ਨ ‘ਤੇ ਆਇਆ ਹੈ। ਇਹ ਰੱਥ ਯਾਤਰਾ 10 ਤੋਂ 12 ਦਿਨਾਂ ਤੱਕ ਚਲਦੀ ਹੈ ਅਤੇ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਇਸ ਵਿਚ ਸ਼ਾਮਲ ਹੁੰਦੇ ਹਨ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਸ.ਏ. ਬੋਬੜੇ, ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਏਐਸ ਬੋਪੰਨਾ ਦੇ ਬੈਂਚ ਨੇ ਕਿਹਾ ਕਿ ਜਨ-ਸਿਹਤ ਅਤੇ ਨਾਗਰਿਕਾਂ ਦੀ ਸੁਰੱਖਿਆ ਦੇ ਹਿੱਤ ਵਿੱਚ ਓਡੀਸ਼ਾ ਦੇ ਜਗਨਨਾਥ ਪੁਰੀ ਵਿੱਚ ਇਸ ਸਾਲ ਰੱਥ ਯਾਤਰਾ ਦੀ ਆਗਿਆ ਨਹੀਂ  ਦਿੱਤੀ ਜਾ ਸਕਦੀ।

ਸੁਪਰੀਮ ਕੋਰਟ ਦੀ ਉਕਤ ਬੈਂਚ ਨੇ ਓਡੀਸ਼ਾ ਸਰਕਾਰ ਨੂੰ ਕਿਹਾ ਹੈ ਕਿ ਉਹ ਰਾਜ ‘ਚ  ਕਿਤੇ ਵੀ ਯਾਤਰਾ ਜਾਂ ਤੀਰਥ ਯਾਤਰਾ ਜਲੂਸ ਅਤੇ ਸਬੰਧਤ ਗਤੀਵਿਧੀਆਂ ਦੀ ਆਗਿਆ ਨਾ ਦੇਵੇ ਤਾਂ ਕਿ ਕੋਰੋਨਾ ਮਹਾਮਾਰੀ ਦੇ ਪ੍ਰਸਾਰ ਤੋਂ ਬਚਿਆ ਜਾ ਸਕੇ। ਜਗਨਨਾਥ ਪੁਰੀ ਦੀ ਰੱਥ ਯਾਤਰਾ 23 ਜੂਨ ਨੂੰ ਸ਼ੁਰੂ ਹੋਣੀ ਸੀ, ਜੋ ਕਿ 10-12 ਦਿਨ ਚੱਲਦੀ ਹੈ। ਇਸ ਤੋਂ ਬਾਅਦ ‘ਬਹੁਦਾ ਯਾਤਰਾ’ (ਵਾਪਸੀ) ਦਾ ਪ੍ਰੋਗਰਾਮ 1 ਜੁਲਾਈ ਨੂੰ ਸ਼ੁਰੂ ਹੁੰਦਾ ਹੈ।

Share this Article
Leave a comment