ਫ਼ਿਰੋਜ਼ਪੁਰ : ਇਸ ਸਮੇਂ ਦੀ ਵੱਡੀ ਖਬਰ ਫ਼ਿਰੋਜ਼ਪੁਰ ਤੋਂ ਆ ਰਹੀ ਹੈ। ਲੁਧਿਆਣਾ ਦੇ ਮ੍ਰਿਤਕ ਏ.ਸੀ.ਪੀ. ਅਨਿਲ ਕੋਹਲੀ ਦੇ ਗੰਨਮੈਨ ਪ੍ਰਭਜੋਤ ਸਿੰਘ ਨੇ ਕੋਰੋਨਾ ‘ਤੇ ਜਿੱਤ ਹਾਸਲ ਕਰ ਲਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਅਨਿਲ ਕੋਹਲੀ ਕੋਰੋਨਾ ਖਿਲਾਫ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ ਸਨ। ਇਸ ਤੋਂ ਪਹਿਲਾਂ ਜਦੋਂ ਪ੍ਰਭਜੋਤ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਤਾਂ ਉਸ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਸੀ ਜੋ ਹੁਣ ਨੈਗੇਟਿਵ ਆਈ ਹੈ। ਦੱਸ ਦਈੲ ਕਿ ਪ੍ਰਭਜੋਤ ਸਿੰਘ ਵਾਸੀ ਵਾੜਾ ਭਾਈ ਕੇ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਹੈ।
ਦਰਅਸਲ ਲੁਧਿਆਣਾ ਪੁਲੀਸ ਦੇ ਏ.ਸੀ.ਪੀ ਅਨਿਲ ਕੋਹਲੀ ਨੂੰ ਕੋਰੋਨਾ ਹੋਣ ਤੋਂ ਬਾਅਦ ਉਨ੍ਹਾਂ ਦੇ ਗੰਨਮੈਨ ਪ੍ਰਭਜੋਤ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਪ੍ਰਭਜੋਤ ਨੇ ਆਖਿਰ ਤੱਕ ਹਿੰਮਤ ਨਹੀਂ ਹਾਰੀ। ਉਹ ਹਸਪਤਾਲ ‘ਚ ਰੋਜ਼ਾਨਾ ਕਸਰਤ ਕਰਦਾ ਸੀ ਜਿਸ ਦੀ ਵੀਡੀਓ ਪਿਛਲੇ ਦਿਨੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ।
ਇਸ ਤੋਂ ਪਹਿਲਾਂ ਸਿਹਤ ਵਿਭਾਗ ਨੇ ਪ੍ਰਭਜੋਤ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਉਸ ਦੇ ਸੰਪਰਕ ‘ਚ ਆਉਣ ਵਾਲੇ ਸਾਰੇ ਲੋਕਾਂ ਦੇ ਸੈਂਪਲ ਲਏ ਸਨ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਪੰਜਾਬ ‘ਚ ਕੋਰੋਨਾ ਦੇ ਹੁਣ ਤੱਕ 313 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 18 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਜਦ ਕਿ ਦੇਸ਼ ਪੱਧਰ ‘ਤੇ ਸੰਕਰਮਿਤ ਮਰੀਜ਼ਾਂ ਦਾ ਅੰਕੜਾ 29 ਹਜ਼ਾਰ ਤੋਂ ਪਾਰ ਚਲਾ ਗਿਆ ਹੈ।