ਇੱਕ ਬੇਲੋੜਾ ਵਿਵਾਦ!

Global Team
4 Min Read

ਜਗਤਾਰ ਸਿੰਘ ਸਿੱਧੂ;

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨੂੰ ਲੈਕੇ ਬੇਲੋੜਾ ਵਿਵਾਦ ਖੜ੍ਹਾ ਹੋ ਰਿਹਾ ਹੈ। ਕਿਸੇ ਵੀ ਪਾਰਟੀ ਨੂੰ ਆਪਣਾ ਜਥੇਬੰਦਕ ਢਾਂਚਾ ਖੜ੍ਹਾ ਕਰਨ ਦਾ ਅਧਿਕਾਰ ਹੈ ਤਾਂ ਅਕਾਲੀ ਦਲ ਨੂੰ ਕਿਉਂ ਨਹੀਂ ? ਪਹਿਲਾਂ ਤਾਂ ਸਿੰਘ ਸਾਹਿਬਾਨ ਵਲੋਂ ਅਕਾਲੀ ਦਲ ਦੇ ਪ੍ਰਧਾਨ ਦਾ ਬੇਲੋੜਾ ਅਸਤੀਫ਼ਾ ਕਰਵਾਇਆ ਗਿਆ ਅਤੇ ਫਿਰ ਸਿੰਘ ਸਾਹਿਬਾਨ ਦੇ ਸੁਣਾਏ ਫੈਸਲਿਆਂ ਦਾ ਕੀ ਬਣਿਆ? ਦੋ ਦਸੰਬਰ ਤੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੈ ਕੇ ਸ਼ੁਰੂ ਹੋਇਆ ਮਾਮਲਾ ਪੂਰਾ ਚੱਕਰ ਕਟਕੇ ਭਲਕੇ ਬਾਰਾਂ ਅਪ੍ਰੈਲ ਨੂੰ ਸੁਖਬੀਰ ਸਿੰਘ ਬਾਦਲ ਦੇ ਮੁੜ ਪ੍ਰਧਾਨਗੀ ਸੰਭਾਲਣ ਨਾਲ ਮੁਕੰਮਲ ਹੋ ਰਿਹਾ ਹੈ। ਸਿੰਘ ਸਾਹਿਬਾਨ ਦੇ ਫੈਸਲੇ ਨਾਲ ਦਸੰਬਰ ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਦੀ ਕਿੰਨੀ ਏਕਤਾ ਮਜਬੂਤ ਹੋਈ? ਦੁਨੀਆਂ ਭਰ ਵਿੱਚ ਬੈਠੇ ਸਿੱਖ ਭਾਈਚਾਰੇ ਨੂੰ ਭਲੀਭਾਂਤ ਪਤਾ ਹੈ । ਹੁਣ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਣ ਤੋਂ ਰੋਕੀ ਜਾਵੇ। ਕਦੇ ਰੰਧਾਵਾ ਜਾਂ ਕਾਂਗਰਸ ਦੇ ਕਿਸੇ ਵੱਡੇ ਆਗੂ ਨੇ ਭਾਜਪਾ ਦੇ ਧਾਰਮਿਕ ਮਾਮਲਿਆਂ ਨੂੰ ਜੋੜਕੇ ਪੱਤਰ ਲਿਖਿਆ ਹੈ? ਦੇਸ਼ ਦੀਆਂ ਚੋਣਾਂ ਵਿੱਚ ਕਿਸ ਤਰ੍ਹਾਂ ਰਾਜਸੀ ਧਿਰਾਂ ਧਰਮ ਦਾ ਸਿੱਧੇ ਜਾਂ ਅਸਿੱਧੇ ਤੌਰ ਤੇ ਇਸਤੇਮਾਲ ਕਰਦੀਆਂ ਹਨ? ਚੋਣ ਕਮਿਸ਼ਨ ਨੇ ਕਦੇ ਕੋਈ ਨੋਟਿਸ ਲਿਆ ਹੈ? ਇਥੇ ਤਾਂ ਧਾਰਮਿਕ ਤਿਉਹਾਰ ਹੋਣ ਕਾਰਨ ਚੋਣਾਂ ਦੀਆਂ ਤਰੀਕਾਂ ਬਦਲ ਜਾਂਦੀਆਂ ਹਨ ਤਾਂ ਫਿਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅਕਾਲੀ ਦਲ ਦੀ ਪ੍ਰਧਾਨ ਗੀ ਦੀ ਚੋਣ ਰੋਕਣ ਦਾ ਮੰਤਵ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣਾ ਹੈ ?

ਕਾਂਗਰਸ ਪਾਰਟੀ ਦੀ ਆਪਣੀ ਹਾਲਤ ਤਾਂ ਇਹ ਹੈ ਕਿ ਜਦੋਂ ਕਾਂਗਰਸ ਦੇ ਨੇਤਾ ਰੰਧਾਵਾ ਅਕਾਲੀ ਦਲ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਪ੍ਰਧਾਨਗੀ ਦੀ ਚੋਣ ਰੋਕਣ ਲਈ ਸ਼ਕਾਇਤ ਦੇ ਰਹੇ ਹਨ ਤਾਂ ਉਸੇ ਵੇਲੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਪਾਰਟੀ ਅੰਦਰ ਏਕੇ ਦੇ ਮੁੱਦੇ ਨੂੰ ਲੈ ਕੇ ਚੰਡੀਗੜ ਕਾਂਗਰਸ ਭਵਨ ਵਿੱਚ ਮੀਟਿੰਗ ਹੋਈ ਹੈ । ਕਾਂਗਰਸ ਦੇ ਚੋਟੀ ਦੇ ਨੇਤਾ ਰਾਹੁਲ ਗਾਂਧੀ ਆਖ ਰਹੇ ਹਨ ਕਿ ਭਾਜਪਾ ਦੇ ਕਾਂਗਰਸ ਵਿੱਚ ਬੈਠੇ ਸਮਰਥਕਾਂ ਨੂੰ ਪਹਿਚਾਨਣ ਦੀ ਲੋੜ ਹੈ । ਹੋਰ ਤਾਂ ਹੋਰ ਪੰਜਾਬ ਵਿੱਚ ਕਿੰਨੇ ਕਾਂਗਰਸੀ ਆਗੂ ਭਾਜਪਾ ਵਿੱਚ ਗਏ ਅਤੇ ਕਿੰਨੇ ਭਾਜਪਾ ਤੋ ਕਾਂਗਰਸ ਵਿੱਚ ਵਾਪਸ ਆਏ! ਇਸ ਰਾਜਸੀ ਯਾਤਰਾ ਨਾਲ ਪੰਜਾਬ ਦਾ ਕਿੰਨਾ ਭਲਾ ਹੋਇਆ? ਕਾਂਗਰਸ ਸਮੇਤ ਸਾਰਾ ਪੰਜਾਬ ਜਾਣਦਾ ਹੈ ।ਪੰਜ ਮੈਂਬਰੀ ਕਮੇਟੀ ਵਲੋਂ ਕਿਹਾ ਜਾ ਰਿਹਾ ਹੈ ਕਿ ਉਨਾਂ ਦਾ ਕਾਂਗਰਸੀ ਆਗੂ ਰੰਧਾਵਾ ਦੀ ਸ਼ਕਾਇਤ ਨਾਲ ਕੋਈ ਸਬੰਧ ਨਹੀਂ ਹੈ ਪਰ ਅਕਾਲੀ ਆਗੂ ਡਾ ਦਲਜੀਤ ਸਿੰਘ ਚੀਮਾ ਕਹਿ ਰਹੇ ਹਨ ਕਿ ਉਨਾਂ ਦੇ ਬਾਗੀ ਸਾਥੀ ਹੀ ਮਿਲਕੇ ਸ਼ਕਾਇਤ ਕਰਵਾ ਰਹੇ ਹਨ। ਡਾ ਚੀਮਾ ਦਾ ਕਹਿਣਾ ਹੈ ਕਿ ਭਾਜਪਾ ਮਿਲਕੇ ਪਿੱਛੇ ਤੋਂ ਇਹ ਸਾਰਾ ਕੁਝ ਕਰਵਾ ਰਹੀ ਹੈ। ਵਿਰੋਧੀ ਆਖ ਰਹੇ ਹਨ ਕਿ ਅਕਾਲੀ ਦਲ 27 ਦੀਆਂ ਚੋਣਾਂ ਭਾਜਪਾ ਨਾਲ ਰਲਕੇ ਲੜੇਗਾ? ਕੌਣ ਕਿਸ ਨਾਲ ਰਲਿਆ ਹੋਇਆ ਹੈ? ਇਸ ਦਾ ਜਵਾਬ ਤਾਂ ਸਮਾਂ ਆਉਣ ਤੇ ਪੰਜਾਬੀ ਦੇਣਗੇ ਪਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਰੋਕਕੇ ਪੰਜਾਬ ਦਾ ਕਿੰਨਾ ਭਲਾ ਹੋਵੇਗਾ? ਇਹ ਜਵਾਬ ਤਾਂ ਰਾਜਸੀ ਧਿਰਾਂ ਦੇ ਆਗੂਆਂ ਨੇ ਦੇਣਾ ਹੈ!

ਸੰਪਰਕ 9814002186

Share This Article
Leave a Comment