ਨਵੀਂ ਸੰਸਦ ਦੇ ਉਦਘਾਟਨੀ ਸਮਾਰੋਹ ਨੂੰ ਲੈ ਕੇ ਵਿਵਾਦ ਜਾਰੀ, 19 ਪਾਰਟੀਆਂ ਨੇ ਬਾਈਕਾਟ ਦਾ ਕੀਤਾ ਐਲਾਨ

Rajneet Kaur
2 Min Read

ਨਵੀਂ ਦਿੱਲੀ: ਦੇਸ਼ ਦੀ ਨਵੀਂ ਸੰਸਦ ਦਾ ਉਦਘਾਟਨ ਇਸ ਮਹੀਨੇ ਦੀ 28 ਤਰੀਕ ਨੂੰ ਹੋਵੇਗਾ।ਕਈ ਵਿਰੋਧੀ ਪਾਰਟੀਆਂ ਨੇ 28 ਮਈ ਨੂੰ ਹੋਣ ਵਾਲੇ ਸਮਾਗਮ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਪਾਰਟੀਆਂ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥਾਂ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਕੀਤਾ ਜਾਣਾ ਚਾਹੀਦਾ ਹੈ। ਹੁਣ ਤੱਕ 19 ਪਾਰਟੀਆਂ ਨੇ ਕੇਂਦਰ ਸਰਕਾਰ ‘ਤੇ ਕਈ ਦੋਸ਼ ਲਗਾਉਂਦੇ ਹੋਏ 28 ਮਈ ਨੂੰ ਦਿੱਲੀ ‘ਚ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।

ਕਾਂਗਰਸ, ਆਮ ਆਦਮੀ ਪਾਰਟੀ (ਆਪ), ਸ਼ਿਵ ਸੈਨਾ (ਯੂਬੀਟੀ), ਤ੍ਰਿਣਮੂਲ ਕਾਂਗਰਸ (ਟੀਐਮਸੀ) ਅਤੇ ਜਨਤਾ ਦਲ (ਜੇਡੀਯੂ) ਸਮੇਤ 19 ਵਿਰੋਧੀ ਪਾਰਟੀਆਂ ਨੇ ਸੰਸਦ ਭਵਨ ਦੇ ਉਦਘਾਟਨ ਦੇ ਬਾਈਕਾਟ ਦੇ ਫੈਸਲੇ ‘ਤੇ ਇਕਜੁੱਟਤਾ ਦਿਖਾਈ ਹੈ। ਜਿਨ੍ਹਾਂ ਪਾਰਟੀਆਂ ਨੇ ਉਦਘਾਟਨ ਦਾ ਬਾਈਕਾਟ ਕੀਤਾ, ਉਨ੍ਹਾਂ ਵਿੱਚ ਡੀਐਮਕੇ, ਸਮਾਜਵਾਦੀ ਪਾਰਟੀ (ਸਪਾ), ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ), ਝਾਰਖੰਡ ਮੁਕਤੀ ਮੋਰਚਾ (JMM), ਕੇਰਲ ਕਾਂਗਰਸ (ਮਨੀ), ਵਿਦੁਥਲਾਈ ਚਿਰੂਥੈਗਲ ਕਾਚੀ (VCK), ਰਾਸ਼ਟਰੀ ਲੋਕ ਦਲ (RLD), ਰਾਸ਼ਟਰਵਾਦੀ ਕਾਂਗਰਸ ਪਾਰਟੀ (NCP), ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ), ਰਾਸ਼ਟਰੀ ਜਨਤਾ ਦਲ (RJD), ਇੰਡੀਅਨ ਯੂਨੀਅਨ ਮੁਸਲਿਮ ਲੀਗ (IUML), ਨੈਸ਼ਨਲ ਕਾਨਫਰੰਸ (NC), ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰਐਸਪੀ) ਅਤੇ ਮਾਰੂਮਾਲਾਰਚੀ ਦ੍ਰਵਿੜ ਮੁਨੇਤਰ ਕੜਗਮ (ਐਮਡੀਐਮਕੇ) ਵੀ ਬਾਈਕਾਟ ਦਾ ਹਿੱਸਾ ਹਨ।

ਵਿਰੋਧੀ ਪਾਰਟੀਆਂ ਨੇ ਸਾਂਝਾ ਬਿਆਨ ਜਾਰੀ ਕਰਕੇ ਨਵੀਂ ਸੰਸਦ ਭਵਨ ਦੇ ਉਦਘਾਟਨ ਦਾ ਬਾਈਕਾਟ ਕੀਤਾ ਹੈ। ਉਨ੍ਹਾਂ ਕਿਹਾ-ਜਦੋਂ ਲੋਕਤੰਤਰ ਦੀ ਆਤਮਾ ਸੰਸਦ ਤੋਂ ਹੀ ਬਾਹਰ ਕੱਢ ਦਿੱਤੀ ਗਈ ਹੈ ਤਾਂ ਨਵੀਂ ਇਮਾਰਤ ਦਾ ਕੋਈ ਮਹੱਤਵ ਨਹੀਂ ਹੈ। ਇਨ੍ਹਾਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੇ ਵੀ ਉਦਘਾਟਨ ਸਮਾਰੋਹ ਵਿੱਚ ਰਾਸ਼ਟਰਪਤੀ ਨੂੰ ਨਾ ਬੁਲਾਏ ਜਾਣ ਦਾ ਹਵਾਲਾ ਦਿੰਦਿਆਂ ਆਪਣੀ ਨਾਰਾਜ਼ਗੀ ਜ਼ਾਹਿਰ  ਕੀਤੀ ਹੈ। ਵਿਰੋਧੀ ਪਾਰਟੀਆਂ ਦਾ ਇਹ ਵੀ ਕਹਿਣਾ ਹੈ ਕਿ ਨਵੇਂ ਸੰਸਦ ਭਵਨ ਦਾ ਸਿਰਫ਼ ਰਾਸ਼ਟਰਪਤੀ ਵੱਲੋਂ ਉਦਘਾਟਨ ਕਰਨਾ ਸਰਕਾਰ ਦੀ ਜਮਹੂਰੀ ਕਦਰਾਂ-ਕੀਮਤਾਂ ਅਤੇ ਸੰਵਿਧਾਨਕ ਮਰਿਆਦਾ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੋਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment