ਦੁਨੀਆਂ ਦੇ ਖੁਰਾਕ ਉਤਪਾਦਨ ਵਿੱਚ ਪੰਜਾਬੀ ਵਿਗਿਆਨੀਆਂ ਦਾ ਯੋਗਦਾਨ

TeamGlobalPunjab
7 Min Read

-ਸੁਰਿੰਦਰ ਸੰਧੂ

ਹਿੰਦੋਸਤਾਨ ਦਾ ਸੂਬਾ ਪੰਜਾਬ ਜਿਸਨੂੰ ਸਿਰਫ਼ ਗੁਰੂਆਂ ਪੀਰਾਂ ਦੀ ਧਰਤੀ ਹੀ ਨਹੀਂ ਕਿਹਾ ਜਾਂਦਾ ਬਲਕਿ ਇਸ ਧਰਤੀ ਦੇ ਮਹਾਨ ਸਪੂਤਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਸੰਘਰਸ਼ ਦੇ ਨਾਲ-ਨਾਲ ਦੇਸ਼ ਨੂੰ ਭੁੱਖਮਰੀ ਤੋਂ ਵੀ ਬਚਾਇਆ ਅਤੇ ਵਾਧੂ ਅਨਾਜ ਪੈਦਾ ਕਰਕੇ ਮਾਣ ਹਾਸਲ ਕੀਤਾ ਹੈ। ਇਸ ਕਰਕੇ ਹੀ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਹੈ। ਦੁਨੀਆਂ ਵਿੱਚ ਲੋਕਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ 45 ਵਿਗਿਆਨੀਆਂ ਦੀ ਅਹਿਮ ਭੂਮਿਕਾ ਹੈ ਜਿਨ੍ਹਾਂ ਵਿੱਚੋਂ 3 ਪੰਜਾਬੀ ਪਿਛੋਕੜ ਦੇ ਹਨ।

ਇਹ ਮਹਾਨ ਸਪੂਤ ਹਨ ਡਾ. ਗੁਰਦੇਵ ਸਿੰਘ ਖੁਸ਼, ਸੁਰਿੰਦਰ ਕੁਮਾਰ ਵਾਸਲ ਅਤੇ ਰਤਨ ਲਾਲ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਵਿਸ਼ਵ ਵਿੱਚ ਖੇਤੀ ਉਪਰ ਨਿਰਭਰਤਾ ਹੀ ਨਹੀਂ ਵਧੀ ਸਗੋਂ ਮਿਆਰੀ ਭੋਜਨ ਦੀਆਂ ਤਕਨੀਕਾਂ ਵੀ ਵਿਕਸਤ ਹੋਈਆਂ ਅਤੇ ਪੰਜਾਬ ਦਾ ਨਾਂ ਵਿਸ਼ਵ ਪੱਧਰ ਉਪਰ ਪ੍ਰਸਿੱਧ ਹੋਇਆ।

ਵਿਸ਼ਵ ਪੱਧਰ ‘ਤੇ ਮਾਨਵਤਾ ਲਈ ਅਨਾਜ ਪੈਦਾਵਾਰ ਅਤੇ ਮਿਆਰ ਵਿੱਚ ਸੁਧਾਰ ਲਿਆਉਣ ਲਈ ਵਿਗਿਆਨੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਸਨਮਾਨਤ ਕੀਤਾ ਜਾਂਦਾ ਰਿਹਾ ਹੈ। ਡਾ. ਨਾਰਮਨ ਈ. ਬਾਰਲਾਗ਼ ਨੂੰ ਸੰਨ 1970 ਵਿੱਚ ਉਨਾਂ ਵੱਲੋਂ ਵਧੇਰੇ ਅਨਾਜ ਉਤਪਾਦਨ ਲਈ ਕੀਤੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਨੋਬਲ ਇਨਾਮ ਨਾਲ ਨਿਵਾਜਿਆ ਗਿਆ। ਇਸ ਤਰ੍ਹਾਂ ਹੀ ਖੁਰਾਕੀ ਉਤਪਾਦਨ ਲਈ ਯੋਗਦਾਨ ਪਾਉਣ ਵਾਲੇ ਵਿਗਿਆਨੀਆਂ ਲਈ ਸੰਨ 1986 ਵਿੱਚ ਇੱਕ ਵੱਖਰੇ ਸਨਮਾਨ ਦਾ ਪ੍ਰਬੰਧ ਕੀਤਾ ਗਿਆ ਜੋ ਕਿ 250,000 ਡਾਲਰ ਦੀ ਰਾਸ਼ੀ ਦੇ ਬਰਾਬਰ ਹੈ।

- Advertisement -

ਡਾ. ਗੁਰਦੇਵ ਸਿੰਘ ਖੁਸ਼ ਜੋ ਦੁਨੀਆਂ ਮੰਨੇ-ਪ੍ਰਮੰਨੇ ਨਸਲ ਸੁਧਾਰਕ ਹਨ ਨੂੰ ਦੁਨੀਆਂ ਵਿੱਚ ਖੁਰਾਕ ਉਤਪਾਦਨ ਨਾਲ ਸਬੰਧਤ ਡਾ ਹੈਨਰੀ ਬੀਚਲ ਵਰਗੇ ਮਾਣਮੱਤੇ ਇਨਾਮ ਨਾਲ ਸਨਮਾਨਿਆ ਗਿਆ। ਇਹ ਬਹੁਤ ਹੀ ਸਨਮਾਨ ਵਾਲੀ ਗੱਲ ਹੈ। ਇਹ ਪ੍ਰਾਪਤੀ ਉਨਾਂ ਨੂੰ ਝੋਨੇ ਦੀਆਂ ਗੁਣਾਂ ਨਾਲ ਭਰਪੂਰ ਨਸਲਾਂ ਵਿਕਸਤ ਕਰਨ ਕਰਕੇ ਹੋਈ। ਡਾ ਖੁਸ਼ ਦਾ ਜਨਮ ਇਕ ਕਿਸਾਨ ਪਰਿਵਾਰ ਵਿੱਚ ਪਿੰਡ ਰੁੜਕੀ ਜ਼ਿਲ੍ਹਾ ਜਲੰਧਰ ਵਿੱਚ ਹੋਇਆ। ਆਪ ਜੀ ਨੇ ਆਪਣੀ ਪੜ੍ਹਾਈ 1955 ਵਿੱਚ ਖੇਤੀ ਕਾਲਿਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਕਰਨ ਉਪਰੰਤ 1960 ਵਿੱਚ ਉਚੇਰੀ ਵਿਦਿਆ ਅਮਰੀਕਾ ਵਿੱਚ ਡੇਵਿਸ ਯੂਨੀਵਰਸਿਟੀ ਕੈਲੀਫੋਰਨੀਆ ਤੋਂ ਕੀਤੀ। ਇਸ ਯੂਨੀਵਰਸਿਟੀ ਵਿੱਚ 7 ਸਾਲ ਵਿਗਿਆਨੀ ਦੇ ਤੌਰ ਤੇ ਸੇਵਾ ਕਰਨ ਤੋਂ ਬਾਅਦ, ਆਪ ਜੀ ਨੇ ਅੰਤਰ-ਰਾਸ਼ਟਰੀ ਝੋਨਾ ਖੋਜ ਸੰਸਥਾ ਮਨੀਲ਼ਾ ਸੰਨ 1967 ਵਿੱਚ ਝੋਨੇ ਦੇ ਨਸਲ-ਸੁਧਾਰਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਅਤੇ ਸੰਨ 1972 ਵਿੱਚ ਸਖਤ ਮਿਹਨਤ ਸਦਕਾ ਇਸ ਅਦਾਰੇ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ। ਉਹ ਲਗਭਗ ਪੈਂਤੀ ਸਾਲ ਇਸ ਪਦ ਉਪਰ ਰਹੇ ਜੋ ਕਿ ਬਹੁਤ ਮਾਣ ਵਾਲੀ ਗੱਲ ਹੈ। ਇਸ ਸਮੇਂ ਦੌਰਾਨ ਨੇ ਝੋਨੇ ਦੀਆਂ ਬਹੁਤ ਕਿਸਮਾਂ ਵਿਕਸਤ ਕੀਤੀਆਂ ਜਿਨ੍ਹਾਂ ਵਿੱਚ ਵੱਧ ਝਾੜ, ਚੰਗੀ ਗੁਣਵਤਾ, ਬੀਮਾਰੀਆਂ ਅਤੇ ਕੀੜੇ-ਮਕੌੜਿਆਂ ਪ੍ਰਤੀ ਸ਼ਹਿਣਸ਼ੀਲਤਾ ਵਰਗੇ ਗੁਣ ਸਨ। ਇਹ ਕਿਸਮਾਂ ਦੁਨੀਆਂ ਦੇ 60 ਪ੍ਰਤੀਸ਼ਤ ਰਕਬੇ ਉਪਰ ਬੀਜੀਆਂ ਗਈਆਂ। ਇਸ ਤਰਾਂ ਹੀ ਆਪ ਜੀ ਵੱਲੋਂ ਵਿਕਸਤ ਕੀਤੀ ਝੋਨੇ ਦੀ ਕਿਸਮ ਆਈ ਆਰ 85 ਨੇ ਵਿਸ਼ਵ ਪੱਧਰ ਉਪਰ ਬਹੁਤ ਪ੍ਰਸਿੱਧ ਹੋਈ ਅਤੇ ਸੰਨ 1990 ਤੱਕ ਇਸਦੀ ਕਾਸ਼ਤ ਇੱਕ ਕਰੋੜ ਹੈਕਟੇਅਰ ਤੱਕ ਪਹੁੰਚ ਗਈ। ਉਨ੍ਹਾਂ ਨੇ ਝੋਨੇ ਦਾ ਨਸਲ ਸੁਧਾਰ ਕਰਕੇ ਮੱਧਰੀਆਂ ਅਤੇ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਵਿਕਸਤ ਕੀਤੀਆਂ ਜੋ ਵਧ ਖੁਰਾਕੀ ਤੱਤਾਂ ਲਈ ਅਨੁਕੂਲ ਸਨ ਜਿਸ ਸਦਕਾ ਦੁਨੀਆਂ ਭਰ ਵਿੱਚ ਝੋਨੇ ਦੀ ਪੈਦਾਵਾਰ ਵਿੱਚ ਬਹੁਤ ਵਾਧਾ ਹੋਇਆ। ਇਸ ਯੋਗਦਾਨ ਲਈ ਉਨ੍ਹਾਂ ਨੂੰ ਵੱਕਾਰੀ ਸਨਮਾਨ ਹਾਸਲ ਹੋਏ।

Gurdev Singh Khush

ਡਾ ਸੁਰਿੰਦਰ ਕੁਮਾਰ ਵਾਸਲ ਅਤੇ ਡਾ ਇਵਾਨਗੀਲਿਨਾ ਵਿਲਾਗਾਸ, ਜਿਨ੍ਹਾਂ ਨੇ ਸੰਸਾਰ ਦੇ ਗਰੀਬ ਬੱਚਿਆਂ ਦੀ ਖਾਧ-ਖੁਰਾਕ ਲਈ ਮੈਕਸੀਕੋ ਵਿਖੇ ਮੱਕੀ ਦੀ ਪ੍ਰੋਟੀਨ ਦੀ ਗੁਣਵਤਾ ਵਿੱਚ ਬਹੁਤ ਵਧੀਆ ਸੁਧਾਰ ਕੀਤਾ। ਉਨ੍ਹਾਂ ਦੀ ਖੋਜ ਸਦਕਾ ਸੰਨ 2000 ਵਿੱਚ ਸਨਮਾਨਤ ਕੀਤਾ ਗਿਆ। ਡਾ ਵਾਸਲ ਦਾ ਜਨਮ 1938 ਵਿੱਚ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ। ਆਪ ਜੀ ਨੇ ਸੰਨ 1957 ਵਿੱਚ ਬੀ ਐਸ ਸੀ (ਖੇਤੀਬਾੜੀ) ਖਾਲਸਾ ਕਾਲਿਜ ਅੰਮ੍ਰਿਤਸਰ ਤੋਂ ਕੀਤੀ ਅਤੇ ਪੀ ਐਚ ਡੀ ਭਾਰਤੀ ਖੇਤੀ ਖੋਜ ਸੰਸਥਾ, ਦਿੱਲੀ ਤੋਂ 1966 ਵਿੱਚ ਕੀਤੀ। ਇਸ ਉਪਰੰਤ ਕੁਝ ਸਮਾਂ ਖੇਤੀ ਵਿਭਾਗ, ਹਿਮਾਚਲ ਪ੍ਰਦੇਸ਼ ਵਿੱਚ ਸੇਵਾ ਨਿਭਾਉਣ ਤੋਂ ਬਾਅਦ 1970 ਵਿੱਚ ਅੰਤਰ-ਰਾਸ਼ਟਰੀ ਕਣਕ-ਮੱਕੀ ਸੁਧਾਰ ਕੇਂਦਰ, ਮੈਕਸੀਕੋ ਵਿਖੇ ਮੱਕੀ ਵਿੱਚ ਪ੍ਰੋਟੀਨ ਦੀ ਗੁਣਵਤਾ ਸੁਧਾਰ ਵਿੱਚ ਜੁੱਟ ਗਏ ਅਤੇ ਖਾਸ ਕਰਕੇ ਦੋ ਅਮੀਨੋਐਸਿਡ (ਲਾਈਸਿਨ ਅਤੇ ਟ੍ਰਪਿਟੋਫੈਨ) ਜੋ ਕਿ ਆਮ ਮੱਕੀ ਦੀਆਂ ਕਿਸਮਾਂ ਵਿੱਚ ਲੋੜੀਂਦੀ ਮਾਤਰਾ ਚ ਨਹੀਂ ਹੁੰਦੇ ਦਾ ਸੁਧਾਰ ਕੀਤਾ, ਜਿਸ ਕਰਕੇ ਸੰਸਾਰ ਦੇ ਲੱਖਾਂ ਹੀ ਗਰੀਬ ਲੋਕਾਂ Marasmus and Kwashiorkor ਵਰਗੀਆਂ ਬੀਮਾਰੀਆਂ ਦਾ ਟਾਕਰਾ ਕਰਨ ਦੀ ਸ਼ਕਤੀ ਵਿਕਸਿਤ ਹੋਈ। ਇਨ੍ਹਾਂ ਦੁਆਰਾ ਵਿਕਸਤ ਚੰਗੀ ਪ੍ਰੋਟੀਨ ਦੀ ਗੁਣਵਤਾ ਵਾਲੀਆਂ ਮੱਕੀ ਦੀਆਂ ਕਿਸਮਾਂ ਵਿਸ਼ਵ-ਪ੍ਰਸਿੱਧ ਹੋਈਆਂ ਹਨ ਅਤੇ ਲਗਭਗ 90 ਲੱਖ ਏਕੜ ਉਪਰ ਇਨ੍ਹਾਂ ਦੀ ਕਾਸ਼ਤ ਹੁੰਦੀ ਹੈ। ਇਸ ਖੋਜ ਕਰਨ ਕਰਕੇ ਉਨ੍ਹਾਂ ਨੂੰ ਬਹੁਤ ਵੱਡੇ ਸਨਮਾਨ ਮਿਲੇ।

Dr. Surinder Kumar Vasal

ਡਾ. ਰਤਨ ਲਾਲ ਦਾ ਜਨਮ ਪਛਮੀ ਪੰਜਾਬ ਦੇ ਪਿੰਡ ਕਰਯਾਲ ਵਿੱਚ ਸਧਾਰਨ ਪਰਿਵਾਰ ਵਿੱਚ 1944 ਨੂੰ ਹੋਇਆ। ਪਰ ਦੇਸ਼ ਵੰਡ ਤੋਂ ਬਾਅਦ ਵਿੱਚ ਆਪ ਜੀ ਦਾ ਪਰਿਵਾਰ ਪੂਰਬੀ ਪੰਜਾਬ ਦੇ ਰਜੌਦ ਪਿੰਡ ਵਿੱਚ ਆ ਕੇ ਵਸ ਗਿਆ। ਉਨ੍ਹਾਂ ਨੇ ਬੀ ਐਸ ਸੀ ਦੀ ਡਿਗਰੀ 1959 ਵਿੱਚ ਐਗਰੀਕਲਚਰ ਕਾਲਿਜ ਲੁਧਿਆਣਾ ਤੋਂ ਪ੍ਰਾਪਤ ਕੀਤੀ ਅਤੇ ਉਚੇਰੀ ਵਿੱਦਿਆ ਲਈ ਅਮਰੀਕਾ ਦੀ ਓਹੀਉ ਯੂਨੀਵਰਸਿਟੀ ਵਿਖੇ ਚਲੇ ਗਏ। ਇੱਥੋਂ ਉਨ੍ਹਾਂ ਨੇ 1968 ਭੂਮੀ ਵਿਗਿਆਨ ਵਿੱਚ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਕੀਤੀ। ਇਸ ਉਪਰੰਤ ਆਪ ਜੀ ਹੋਰ ਉਚੇਰੀ ਵਿਦਿਆ ਲਈ ਸਿਡਨੀ ਯੂਨੀਵਰਸਿਟੀ, ਆਸਟ੍ਰੇਲੀਆ ਗਏ। ਆਪ ਜੀ ਵਿਦਿਆ ਪੂਰੀ ਕਰਨ ਤੋਂ ਬਾਅਦ ਭੂਮੀ ਵਿਗਿਆਨੀ ਇਬਾਦਨ, ਨਾਈਜੀਰੀਆ ਵਿਖੇ ਨਿਯੁਕਤ ਹੋਏ ਅਤੇ ਕਾਰਬਨ ਦੇ ਰਸਾਇਣਕ ਚਾਲ-ਚੱਕਰ ਦਾ ਅਧਿਐਨ ਕੀਤਾ। ਉਨ੍ਹਾਂ ਦੀ ਖੋਜ ਸਦਕਾ ਭੂਮੀ ਦੀ ਗੁਣਵਤਾ ਵਿੱਚ ਚੋਖਾ ਸੁਧਾਰ ਹੋਇਆ ਅਤੇ ਖੇਤੀ ਪੈਦਾਵਾਰ ਵਿੱਚ ਵੀ ਬਹੁਤ ਵਾਧਾ ਦੇਖਣ ਨੂੰ ਮਿਲਿਆ। ਇਨ੍ਹਾਂ ਦੀ ਖੋਜ ਕਰਨ ਕਰਕੇ ਸੰਸਾਰ ਦੇ ਲਗਭਗ 50 ਕਰੋੜ ਕਿਸਾਨਾਂ ਨੂੰ ਭੂਮੀ ਦੀ ਚੰਗੀ ਸਿਹਤ ਬਰਕਰਾਰ ਰੱਖਣ ਵਿੱਚ ਮਦਦ ਮਿਲੀ। ਡਾ ਲਾਲ ਅੱਜ ਕੱਲ੍ਹ ਕਾਰਬਨ ਪ੍ਰਬੰਧ ਅਤੇ ਰਸਾਇਣਕ ਚਾਲ-ਚੱਕਰ ਦੀ ਦਿਸ਼ਾ ਨਿਰਦੇਸ਼ ਕਰ ਰਹੇ ਹਨ। ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।

Dr. Ratan Lal

ਪੰਜਾਬ ਦੇ ਇਨ੍ਹਾਂ ਮਹਾਨ ਵਿਗਿਆਨੀਆਂ ਦੇ ਖੋਜ ਕਾਰਜਾਂ ਨੇ ਦੁਨੀਆਂ ਦੇ ਸਾਰੇ ਰਾਸ਼ਟਰੀ, ਅੰਤਰ-ਰਾਸ਼ਟਰੀ ਖੋਜ ਆਦਰਿਆਂ ਨੂੰ ਉਤਪਾਦਨ ਅਤੇ ਗੁਣਵਤਾ ਦੀ ਸੇਧ ਦਿੱਤੀ ਹੈ। ਇਸ ਨਾਲ ਦੁਨੀਆ ਭਰ ਸਾਰੇ ਹੀ ਕਿਸਾਨਾਂ ਨੂੰ ਚੰਗੀ ਗੁਣਵੱਤਾ ਅਤੇ ਵੱਧ ਪੈਦਾਵਰ ਲੈਣ ਵਿੱਚ ਸਹਾਇਤਾ ਮਿਲੀ ਹੈ। ਪੰਜਾਬੀਆਂ ਅਤੇ ਸਾਰੇ ਭਾਰਤ ਨੂੰ ਇਨ੍ਹਾਂ ਮਹਾਨ ਸਪੂਤਾਂ ਉਪਰ ਬਹੁਤ ਮਾਣ ਹੈ ਕਿ ਇਨ੍ਹਾਂ ਖੋਜ ਸਦਕਾ ਸਮੁੱਚੀ ਦੁਨੀਆ ਖਾਧ-ਖੁਰਾਕ ਦੇ ਮਾਮਲੇ ਵਿੱਚ ਆਤਮ-ਨਿਰਭਰ ਹੋਈ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੀ ਇਨ੍ਹਾਂ ਵਿਗਿਆਨੀਆਂ ਨੂੰ ਸੱਚੇ ਦਿਲੋਂ ਸਲਾਮ ਕਰਦੀ ਹੈ ਕਿ ਉਨ੍ਹਾਂ ਇਸ ਅਦਾਰੇ ਦਾ ਨਾਮ ਉਚਾ ਕੀਤਾ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪੰਜਾਬ ਦੇ ਇਨ੍ਹਾਂ ਵਿਗਿਆਨਕ ਸਪੂਤਾਂ ਦੀ ਲੰਮੀ ਉਮਰ ਅਤੇ ਤੰਦਰੁਸਤ ਸਿਹਤ ਦੀ ਕਾਮਨਾ ਕਰਦੀ ਹੈ।

Share this Article
Leave a comment