ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯਾਤਰੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ

TeamGlobalPunjab
5 Min Read

ਚੰਡੀਗੜ੍ਹ, (ਅਵਤਾਰ ਸਿੰਘ): ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿੱਖੇ ਮਈ ਮਹੀਨੇ ਵਿਚ ਤਾਲਾਬੰਦੀ ਤੋਂ ਬਾਅਦ ਮੁੜ ਤੋਂ ਸ਼ੁਰੂ ਹੋਈਆਂ ਉਡਾਣਾਂ ਤੇ ਯਾਤਰੀਆਂ ਦੀ ਗਿਣਤੀ ਵਿਚ ਹਰ ਮਹੀਨੇ ਲਗਾਤਾਰ ਵਾਧਾ ਹੋ ਰਿਹਾ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਟਵੀਟ ਕਰਕੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਜੁਲਾਈ ਦੇ ਮੁਕਾਬਲੇ ਅਗਸਤ ਮਹੀਨੇ ਵਿੱਚ ਯਾਤਰੀਆਂ ਦੀ ਗਿਣਤੀ ਵਿੱਚ 29 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।

ਇਸ ਸੰਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਅੰਕੜਿਆਂ ਦੇ ਅਨੁਸਾਰ, ਘਰੇਲੂ ਯਾਤਰੀਆਂ ਦੀ ਗਿਣਤੀ ਵਿੱਚ 41.3 ਪ੍ਰਤੀਸ਼ਤ ਦਾ ਵਾਧਾ ਹੋਇਆ। ਸਰਕਾਰ ਵੱਲੋਂ ਉਡਾਣਾਂ ਦੇ ਨਿਯਮਾਂ ਵਿੱਚ ਤਬਦੀਲੀ ਨਾਲ, ਘਰੇਲੂ ਯਾਤਰੀਆਂ ਦੀ ਗਿਣਤੀ ਜੁਲਾਈ ਵਿੱਚ 22,389 ਤੋਂ ਵਧ ਕੇ ਅਗਸਤ ਮਹੀਨੇ ਵਿੱਚ 31,652 ਹੋ ਗਈ। ਘਰੇਲੂ ਉਡਾਣਾਂ ਲਈ ਹਵਾਈ ਅੱਡੇ ਤੋਂ ਜਹਾਜਾਂ ਦੇ ਆਉਣ ਤੇ ਜਾਣ ਦੀ ਗਿਣਤੀ ਵੀ ਜੁਲਾਈ ਵਿਚ 266 ਤੋਂ ਵਧ ਕੇ ਅਗਸਤ ਵਿਚ 376 ਹੋ ਗਈ। ਅੰਤਰਰਾਸ਼ਟਰੀ ਉਡਾਣਾਂ ਲਈ ਜਹਾਜ਼ਾਂ ਦੀ ਕੁੱਲ ਸੰਖਿਆ ਵੀ ਜੁਲਾਈ ਵਿਚ 58 ਤੋਂ ਵਧ ਕੇ ਅਗਸਤ ਵਿਚ 83 ਹੋ ਗਈ ਪਰ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿੱਚ 9837 ਤੋਂ ਅਗਸਤ ਵਿਚ 9956 ਯਾਤਰੀਆਾਂ ਦਾ ਮਾਮੂਲੀ ਵਾਧਾ ਹੋਇਆ।

ਯਾਤਰੀਆਂ ਅਤੇ ਉਡਾਨਾਂ ਦੀ ਗਿਣਤੀ ਵਿਚ ਵਾਧੇ ਬਾਰੇ ਸਮੀਪ ਗੁਮਟਾਲਾ ਨੇ ਕਿਹਾ ਕਿ ਮਹਾਂਮਾਰੀ ਦੇ ਦੌਰਾਨ, ਅਜੇ ਵੀ ਹਵਾਈ ਅੱਡੇ ਤੋਂ ਕੈਨੇਡਾ ਅਤੇ ਹੋਰਨਾਂ ਮੁਲਕਾਂ ਲਈ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕੀਤੇ ਜਾਣ ਦੀ ਸਮਰੱਥਾ ਹੈ। ਆਉਣ ਵਾਲੇ ਮਹੀਨਿਆਂ ਵਿਚ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਧੇਗੀ ਕਿਉਂਕਿ ਏਅਰ ਇੰਡੀਆ ਨੇ 24 ਅਕਤੂਬਰ ਤੱਕ ਹਫਤੇ ਵਿਚ ਇਕ ਦਿਨ ਲੰਡਨ ਹੀਥਰੋ ਅਤੇ ਬਰਮਿੰਘਮ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਹਨ। ਇਸ ਤੋਂ ਇਲਾਵਾ ਇੰਡੀਗੋ, ਸਪਾਈਸ ਜੈੱਟ ਅਤੇ ਏਅਰ ਇੰਡੀਆ ਐਕਸਪੈਸ ਵਲੋਂ ਯੂ.ਏ.ਈ. ਦੇ ਸ਼ਾਰਜਾਹ, ਦੁਬਈ ਅਤੇ ਆਬੂਦਾਬੀ ਹਵਾਈ ਅੱਡਿਆਂ ਲਈ ਉਡਾਣਾਂ ਚਲਾਈਆਂ ਜਾ ਰਹੀਆਂ ਹਨ।

ਗੁਮਟਾਲਾ ਨੇ ਕਿਹਾ ਕਿ 25 ਅਗਸਤ ਨੂੰ ਤਕਰੀਬਨ 10 ਸਾਲਾਂ ਬਾਅਦ, ਭਾਰਤ ਦੀ ਰਾਸ਼ਟਰੀ ਏਅਰਲਾਈਨ ਏਅਰ ਇੰਡੀਆ ਨੇ ਆਪਣੀ ਪਹਿਲੀ ਸਿੱਧੀ ਉਡਾਣ ਲੰਡਨ ਹੀਥਰੋ ਅਤੇ ਅੰਮ੍ਰਿਤਸਰ ਦਰਮਿਆਨ ਚਲਾਈ। ਅਸੀਂ ਏਅਰ ਇੰਡੀਆ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦਾ ਧੰਨਵਾਦ ਕਰਦੇ ਹਾਂ ਕਿ 24 ਅਕਤੂਬਰ ਤੱਕ ਵੰਦੇ ਭਾਰਤ ਮਿਸ਼ਨ ਤਹਿਤ ਏਅਰ ਇੰਡੀਆ ਵਲੋਂ ਲੰਡਨ ਅਤੇ ਬਰਮਿੰਘਮ ਲਈ ਇਹ ਉਡਾਣਾਂ ਚਲ ਰਹੀਆਂ ਹਨ। ਪੰਜਾਬੀਆਂ ਦੀ ਮੰਗ ਹੈ ਕਿ ਹੀਥਰੌ ਲਈ ਭਵਿੱਖ ਵਿਚ ਵੀ ਹੁਣ ਪੱਕੀਆਂ ਸਿੱਧੀਆਂ ਉਡਾਣਾਂ ਜਾਰੀ ਰੱਖੀਆਂ ਜਾਣ। ਇੱਥੇ ਇਹ ਦੱਸਣਾ ਵਰਨਣਯੋਗ ਹੈ ਕਿ ਯੂਕੇ ਦੀ ਸਰਕਾਰ ਵਲੋਂ ਅਪ੍ਰੈਲ-ਮਈ ਮਹੀਨੇ ਤਾਲਾਬੰਦੀ ਦੋਰਾਨ ਭਾਰਤ ਵਿਚੋਂ ਸਭ ਤੋਂ ਵੱਧ 28 ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਅੰਮ੍ਰਿਤਸਰ ਤੋਂ ਹੀਥਰੋ ਲਈ ਕੀਤਾ ਗਿਆ ਸੀ ਜਿਸ ਨਾਲ ਤਕਰੀਬਨ 8500 ਤੋਂ ਵੱਧ ਨਾਗਰਿਕ ਆਪਣੇ ਘਰ ਵਾਪਸ ਗਏ ਸਨ।

- Advertisement -

ਜੁਲਾਈ ਅਤੇ ਅਗਸਤ ਦੇ ਮਹੀਨੇ ਦੌਰਾਨ ਯੂਏਈ ਦੀਆਂ ਫਲਾਈ ਦੁਬਈ, ਏਅਰ ਅਰੇਬੀਆ ਅਤੇ ਕੁਵੈਤ ਦੀਆਂ ਜਜ਼ੀਰਾ ਤੇ ਕੁਵੇਤ ਏਅਰਵੇਜ਼ ਨੇ ਵੀ ਭਾਰਤ ਨਾਲ ਕੀਤੇ ਗਏ ਅਸਥਾਈ ਹਵਾਈ ਸਮਝੋਤਿਆਂ ਤਹਿਤ ਅੰਮ੍ਰਿਤਸਰ ਲਈ ਉਡਾਣਾਂ ਚਲਾਈਆਂ ਪਰ ਸਤੰਬਰ ਮਹੀਨੇ ਤੋਂ ਇਹ ਉਡਾਣਾਂ ਸਿਰਫ ਭਾਰਤ ਦੀਆਂ ਹਵਾਈ ਕੰਪਨੀਆਂ ਵਲੋਂ ਹੀ ਚਲਾਈਆ ਜਾ ਰਹੀਆਂ ਹਨ। ਜਿਕਰਯੋਗ ਹੈ ਕਿ ਕਈ ਸਾਲਾਂ ਤੋਂ ਖਾੜੀ ਮੁਲਕਾਂ ਦੀਆਂ ਹਵਾਈ ਕੰਪਨੀਆਂ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਕਰਨ ਲਈ ਤਿਆਰ ਹੋਣ ਦੇ ਬਾਵਜੂਦ ਅਜਿਹਾ ਕਰਨ ਤੋਂ ਅਸਮਰੱਥ ਹਨ, ਕਿਉਂਕਿ ਅੰਮ੍ਰਿਤਸਰ ਹਵਾਈ ਅੱਡਾ ਭਾਰਤ ਨਾਲ ਦੁਵੱਲੇ ਹਵਾਈ ਸਮਝੌਤਿਆਂ ਵਿੱਚ ਸ਼ਾਮਲ ਨਹੀਂ ਹੈ।

ਗੁਮਟਾਲਾ ਨੇ ਕਿਹਾ ਕਿ ਕੈਨੇਡਾ ਆਓਣ ਜਾਣ ਵਾਲੇ ਪੰਜਾਬੀਆਂ ਨੂੰ ਨਿਰਾਸ਼ਾ ਵੀ ਹੋਈ ਹੈ ਕਿ ਅਪ੍ਰੈਲ-ਮਈ ਮਹੀਨੇ ਵਿਚ ਮੁਕੰਮਲ ਤਾਲਾਬੰਦੀ ਦੌਰਾਨ ਕੈਨੇਡਾ ਦੇ ਭਾਰਤ ਵਿੱਚ ਸਥਿਤ ਵਿਦੇਸ਼ ਦਫਤਰ ਵਲੋਂ ਕਤਰ ਏਅਰਵੇਜ਼ ਦੇ ਸਹਿਯੋਗ ਨਾਲ ਭਾਰਤ ਵਿੱਚੋਂ ਸਭ ਤੋਂ ਵੱਧ ਟੋਰਾਂਟੋ, ਵੈਨਕੂਵਰ ਅਤੇ ਮਾਂਟਰੀਅਲ ਲਈ ਕੁੱਲ 25 ਉਡਾਨਾਂ ਦਾ ਅੰਮ੍ਰਿਤਸਰ ਤੋਂ ਸੰਚਾਲਨ ਕਰਨ ਦੇ ਬਾਵਜੂਦ, ਏਅਰ ਇੰਡੀਆ ਵਲੋਂ ਵੰਦੇ ਭਾਰਤ ਮਿਸ਼ਨ ਤਹਿਤ ਕੈਨੇਡਾ ਲਈ ਅੰਮ੍ਰਿਤਸਰ ਤੋਂ ਕੋਈ ਵੀ ਸਿੱਧੀ ਉਡਾਣ ਦਾ ਸੰਚਾਲਨ ਨਹੀਂ ਕੀਤਾ।

ਇਹ ਉਡਾਣਾਂ ਸਿਰਫ ਦਿੱਲੀ ਤੋਂ ਸਿੱਧੀਆਂ ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਹਵਾਈ ਅੱਡੇ ਲਈ ਚਲਾਈਆਂ ਜਾ ਰਹੀਆਂ ਹਨ। ਤਾਲਾਬੰਦੀ ਦੋਰਾਨ ਲਗਭਗ 7516 ਕੈਨੇਡੀਅਨ ਵਾਸੀ ਅੰਮ੍ਰਿਤਸਰ ਤੋਂ ਆਪਣੇ ਮੁਲਕ ਵਾਪਸ ਪਰਤੇ ਸਨ। ਢਿਲੋਂ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਹਵਾਬਾਜ਼ੀ ਮੰਤਰਾਲੇ ਨੂੰ ਅਪੀਲ ਕਰਦੇ ਹਾਂ ਕਿ ਭਵਿੱਖ ਵਿੱਚ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਵਿਸ਼ੇਸ਼ ਸਿੱਧੀਆਂ ਉਡਾਣਾਂ ਸ਼ਾਮਲ ਕੀਤੀਆਂ ਜਾਣ।

ਇਹਨਾਂ ਉਡਾਣਾਂ ਦੀ ਮੰਗ ਤੇ ਕਾਮਯਾਬੀ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਕੁਝ ਨਿੱਜੀ ਚਾਰਟਰ ਵਿਸ਼ੇਸ਼ ਉਡਾਣਾਂ ਜੋ ਕਿ 9 ਅਤੇ 12 ਸਤੰਬਰ ਨੂੰ ਸਪਾਈਸਜੈੱਟ ਦੁਆਰਾ ਟੋਰਾਂਟੋ ਲਈ ਚਲਾਈਆਂ ਗਈਆਂ ਸਨ ਜਿਸ ਵਿਚ 612 ਯਾਤਰੀਆਂ ਨੇ ਉਡਾਣ ਭਰੀ ਸੀ। ਇਸ ਤੋਂ ਇਲਾਵਾ ਇੰਡੀਗੋ ਨੇ ਮਿਲਾਨ ਅਤੇ ਰੋਮ ਲਈ ਵੀ ਵਿਸ਼ੇਸ਼ ਚਾਰਟਰ ਉਡਾਣਾਂ ਦਾ ਵੀ ਸੰਚਾਲਨ ਕੀਤਾ।

Share this Article
Leave a comment