ਓਟਾਵਾ: ਕੈਨੇਡਾ ‘ਚ ਆਮ ਲੋਕਾਂ ਨੂੰ ਵਿਦੇਸ਼ ਜਾਣ ਤੋਂ ਵਰਜਿਆ ਜਾ ਰਿਹਾ ਹੈ ਪਰ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਤੇ ਕੋਈ ਰੋਕ-ਟੋਕ ਨਹੀਂ ਰਹੇਗੀ। ਵਿਰੋਧੀ ਧਿਰ ਦੇ ਆਗੂ ਐਰਿਨ ਓ ਟੂਲ ਨੇ ਆਪਣੇ ਐਮ.ਪੀਜ਼ ਨੂੰ ਖੁੱਲ੍ਹ ਦੇ ਦਿੱਤੀ ਹੈ। ਲਿਬਰਲ ਪਾਰਟੀ ਨੇ ਆਪਣੇ ਸੰਸਦ ਮੈਂਬਰਾਂ ਨੂੰ ਸਰਕਾਰੀ ਸੁਝਾਅ ਮੰਨਣ ਦੀ ਹਦਾਇਤ ਦਿੱਤੀ ਹੈ ਅਤੇ ਅਜਿਹਾ ਹੀ ਹੁਕਮ ਐਨ.ਡੀ.ਪੀ. ਵੱਲੋਂ ਆਪਣੇ ਐਮ.ਪੀਜ਼ ਨੂੰ ਦਿਤਾ ਗਿਆ ਹੈ ਪਰ ਟੋਰੀ ਐਮ. ਪੀਜ਼ ਨੂੰ ਹਰ ਤਰ੍ਹਾਂ ਦੀ ਬੰਦਿਸ਼ ਤੋਂ ਆਜ਼ਾਦ ਕਰਦਿਆਂ ਵਿਦੇਸ਼ਾਂ ਵਿਚ ਸੈਰ ਸਪਾਟੇ ‘ਤੇ ਕੋਈ ਪਾਬੰਦੀ ਲਾਗੂ ਨਹੀਂ ਕੀਤੀ ਗਈ।
ਲਿਬਰਲ ਹਾਊਸ ਲੀਡਰ ਮਾਰਕ ਹਾਲੈਂਡ ਨੇ ਆਖਿਆ ਕਿ ਜਨਵਰੀ ਵਿੱਚ ਉਨ੍ਹਾਂ ਵੱਲੋਂ ਆਪਣੇ ਕਿਸੇ ਪਰਿਵਾਰਕ ਮੈਂਬਰ ਦਾ 70ਵਾਂ ਜਨਮਦਿਨ ਮਨਾਉਣ ਲਈ ਇੰਟਰਨੈਸ਼ਨਲ ਟਰਿੱਪ ਕਰਨਾ ਸੀ ਪਰ ਹੁਣ ਉਨ੍ਹਾਂ ਇਹ ਟਰਿੱਪ ਰੱਦ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਹੁਣ ਉਹ ਕ੍ਰਿਸਮਸ ਇੱਕਠ ਵੀ 20 ਲੋਕਾਂ ਦਾ ਹੀ ਕਰਨਗੇ।
ਉਧਰ ਐਨਡੀਪੀ ਵ੍ਹਿਪ ਰੇਚਲ ਬਲੇਨੀ ਨੇ ਕਿਹਾ ਕਿ ਉਨ੍ਹਾਂ ਦੇ ਕਾਕਸ ਨੂੰ ਵੀ ਇਹੋ ਸਲਾਹ ਦਿੱਤੀ ਗਈ ਹੈ ਕਿ ਉਹ ਗੈਰ ਜ਼ਰੂਰੀ ਇੰਟਰਨੈਸ਼ਨਲ ਟਰੈਵਲ ਤੋਂ ਬਚਣ। ਉਨ੍ਹਾਂ ਆਖਿਆ ਕਿ ਕੈਨੇਡੀਅਨਜ਼ ਉਮੀਦ ਕਰਦੇ ਹਨ ਕਿ ਉਨ੍ਹਾਂ ਵੱਲੋਂ ਚੁਣੇ ਗਏ ਆਗੂ ਨਿਯਮਾਂ ਦੀ ਪਾਲਣਾ ਦੇ ਮਾਮਲੇ ਵਿੱਚ ਮਿਸਾਲ ਕਾਇਮ ਕਰਨ।
ਪਰ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਦੇ ਆਫਿਸ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਟਰੈਵਲ ਉੱਤੇ ਕੋਈ ਪਾਬੰਦੀ ਨਹੀਂ ਹੈ ਤੇ ਇਹ ਐਡਵਾਈਜ਼ਰੀ ਸਿਰਫ ਉਨ੍ਹਾਂ ਲਈ ਹੈ ਜਿਹੜੇ ਵੈਕਸੀਨੇਸ਼ਨ ਮੁਕੰਮਲ ਕਰਵਾ ਚੁੱਕੇ ਹਨ ਤੇ ਉਨ੍ਹਾਂ ਨੂੰ ਸਿਰਫ ਆਪਣੇ ਟਰੈਵਲ ਤੋਂ ਪਹਿਲਾਂ ਸਰਕਾਰ ਨੂੰ ਸੂਚਿਤ ਕਰਨਾ ਹੋਵੇਗਾ।